ਮੁਦਈ ਨੇ 6 ਮਹੀਨਿਆਂ ਤੱਕ ਕੰਡਕਟਰ ਖਿਲਾਫ ਕੇਸ ਦਰਜ ਕਰਵਾਉਣ ਲਈ ਲੜੀ ਲੜਾਈ…
ਹਰਿੰਦਰ ਨਿੱਕਾ, ਪਟਿਆਲਾ 30 ਜੁਲਾਈ 2025
ਪੀਆਰਟੀਸੀ ਬੱਸ ਦੇ ਕੰਡਕਟਰ ਨੇ ਮਾਮੂਲੀ ਤਕਰਾਰਬਾਜੀ ਤੋਂ ਬਾਅਦ ਸਵਾਰੀ ਨਾਲ ਧੱਕਾ-ਮੁੱਕੀ ਕਰਦਿਆਂ ਬੱਸ ‘ਚੋਂ ਹੇਠਾਂ ਸੁੱਟ ਦਿੱਤਾ। ਪੁਲਿਸ ਨੇ ਪੀੜਤ ਸਵਾਰੀ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਬੱਸ ਕੰਡਕਟਰ ਦੇ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਮੀਡੀਆ ਨਾਲ ਗੱਲ ਕਰਦਿਆਂ ਸੁਰਿੰਦਰ ਸਿੰਘ ਪੁੱਤਰ ਰਾਮ ਰੱਖਾ ਵਾਸੀ ਪਿੰਡ ਹਰੀਪੁਰ ਝੁੰਗੀਆ, ਥਾਣਾ ਘਨੌਰ ਨੇ ਦੱਸਿਆ ਕਿ ਓਹ ਆਪਣੀ ਪਤਨੀ ਸਮੇਤ ਪਿੰਡ ਘਮਰੋਦਾ ਤੋਂ ਨਵਾਂ ਬੱਸ ਸਟੈਂਡ ਪਟਿਆਲਾ ਜਾਣ ਲਈ PRTC ਦੀ ਬੱਸ ਨੰਬਰ PB-13 AB-1891 ਵਿੱਚ ਚੜ੍ਹਿਆ ਸੀ। ਇਸੇ ਦੌਰਾਨ ਬੱਸ ਦੇ ਕੰਡਕਟਰ ਚਰਨਵੀਰ ਸਿੰਘ ਨੇ ਮੁਦਈ ਨਾਲ ਇਹ ਕਹਿ ਕੇ ਝਗੜਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬੱਸ ਕਿਉਂ ਚੜ੍ਹ ਗਏ, ਉਸ ਦੀਆਂ ਘਨੌਰ ਤੋਂ ਚੜ੍ਹਨ ਵਾਲੀਆਂ 15 ਸਵਾਰੀਆਂ ਉੱਥੇ ਹੀ ਰਹਿ ਗਈਆਂ। ਇੱਨ੍ਹੀਂ ਮਾਮੂਲੀ ਗੱਲ ਤੋਂ ਹੀ ਉਹ ਕਾਫੀ ਬਹਿਸ ਬਾਜੀ ਕਰਨ ਲੱਗਿਆ, ਉਸ ਨੇ ਮੁਦਈ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਵੀ ਜਲੀਲ ਕੀਤਾ। ਮੁਦਈ ਨਾਲ ਬਹਿਸਬਾਜ਼ੀ ਕਰਦਾ ਹੋਇਆ ਕੰਡਕਟਰ, ਬਹਾਦਰਗੜ੍ਹ ਤੱਕ ਆ ਗਿਆ ਅਤੇ ਉਸ ਨੇ ਮੁਦਈ ਨੂੰ ਧੱਕਾ ਦੇ ਕੇ ਬੱਸ ਵਿੱਚੋ ਉਤਾਰ ਦਿੱਤਾ ਅਤੇ ਧੱਕਾ-ਮੁੱਕੀ ਵੀ ਕੀਤੀ। ਇਾਹ ਘਟਨਾ 21 ਜਨਵਰੀ 2025 ਦੀ ਹੈ।

ਸੁਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਦੋਸ਼ੀ ਕੰਡਕਟਰ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ 6 ਮਹੀਨਿਆਂ ਤੱਕ ਚਾਰਾਜੋਈ ਕਰਨੀ ਪਈ। ਪਰੰਤੂ ਪੁਲਿਸ ਨੇ ਕਾਰਵਾਈ ਕਰਨ ਵਿੱਚ ਕੋਈ ਰੁਚੀ ਹੀ ਨਹੀਂ ਦਿਖਾਈ। ਆਖਿਰ ਪੁਲਿਸ ਵੱਲੋਂ ਜਦੋਂ ਦੋਵਾਂ ਧਿਰਾਂ ਦਰਮਿਆਨ ਕਥਿਤ ਤੌਰ ਤੇ ਸੁਲ੍ਹਾ-ਸਫਾਈ ਕਰਵਾਉਣ ਲਈ ਜ਼ਾਰੀ ਸਾਰੇ ਰਾਹ ਬੰਦ ਹੋ ਗਏ ਤਾਂ ਪੁਲਿਸ ਨੇ ਨਾਮਜਦ ਦੋਸ਼ੀ ਕੰਡਕਟਰ ਚਰਨਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੰਜੋਲੀ ਥਾਣਾ ਘਨੌਰ ਦੇ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ, ਲੰਘੀ ਕੱਲ੍ਹ U/S 115(2), 126(2),351(2,3) BNS ਤਹਿਤ ਕੇਸ ਦਰਜ ਕਰਕੇ, ਕੰਡਕਟਰ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਮੁਦਈ ਸੁਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਲੋ ਦੇਰ ਆਏ ਦੁਰਸਤ ਆਏ , ਸ਼ੁਕਰ ਐ ਪਰਚਾ ਤਾਂ ਦਰਜ ਹੋਇਆ। ਮੈਂ ਤਾਂ ਹੁਣ ਉਮੀਦ ਹੀ ਛੱਡ ਦਿੱਤੀ ਸੀ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ। ਉਨ੍ਹਾਂ ਕਿਹਾ ਕਿ ਮੈਂ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਹਾਂ, ਜੇਕਰ ਹੁਣ ਵੀ ਪੁਲਿਸ ਨੇ ਜ਼ੁਰਮ ਦੀਆਂ ਕਮਜ਼ੋਰ ਧਰਾਵਾਂ ਲਾ ਕੇ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਸਾਹਮਣੇ ਆਈ ਤਾਂ ਮੈਂ ਇਹ ਲੜਾਈ ਅੱਗੇ ਵੀ ਜ਼ਾਰੀ ਰੱਖਾਂਗਾ।







