PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ

Advertisement
Spread Information

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ

ਡਾਕਟਰੀ ਜਾਂਚ ਦੇ ਨਾਲ ਪੋਸ਼ਟਿਕ ਖੁਰਾਕ ਵੀ ਜ਼ਰੂਰੀ – ਸਿਵਲ ਸਰਜਨ


ਹਰਪ੍ਰੀਤ ਕੌਰ ਬਬਲੀ  , ਸੰਗਰੂਰ, 10 ਸਤੰਬਰ 2021

ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰ ਮਹੀਨੇ ਵਾਂਗ ਇਸ ਵਾਰ ਵੀ ਸੁਰੱਖਿਅਤ ਮਾਤਿ੍ਰਤਵ ਅਭਿਆਨ ਤਹਿਤ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ ਦੇ ਡਾਕਟਰੀ ਚੈਕਅੱਪ ਲਈ ਵਿਸ਼ੇਸ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਡਾਕਟਰੀ ਚੈਕਅੱਪ ਦੇ ਨਾਲ-ਨਾਲ ਲੋਂੜੀਂਦੇ ਲੈਬਾਰਟਰੀ ਟੈਸਟ ਵੀ ਕੀਤੇ ਜਾਂਦੇ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਗਰਭਵਤੀ ਔਰਤਾਂ ਦੇ ਚੈਕਅੱਪ ਦੇ ਨਾਲ-ਨਾਲ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਐਚ.ਆਈ.ਵੀ ਟੈਸਟ, ਸ਼ੂਗਰ, ਥਾਇਰਾਇਡ ਰੋਗ ਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ ਅਤੇ ਗਰਭਵਤੀ ਔਰਤਾਂ ਨੂੰ ਸਰੀਰ ਵਿੱਚ ਖੂਨ ਦੀ ਕਮੀਂ ਪੂਰੀ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ-ਫਰੂਟ, ਆਇਓਡੀਨ-ਯੁਕਤ ਨਮਕ ਦੀ ਵਰਤੋਂ ਕਰਨ, ਦੁੱਧ, ਦਹੀ, ਪਨੀਰ ਅਤੇ ਅੰਡੇ ਦੀ ਵਰਤੋਂ ਕਰਨ ਲਈ ਦੱਸਿਆ ਗਿਆ ਤਾਂ ਜੋ ਜਣੇਪੇ ਸਮੇਂ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿ ਸਕਣ।

ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦਾ ਮਕਸਦ ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਕਰਕੇ ਖਤਰੇ ਵਾਲੇ ਜਣੇਪਿਆਂ ਜਿਵੇਂ ਬੱਲਡ ਪ੍ਰੈਸ਼ਰ ਦਾ ਵੱਧਣਾ, ਖੂਨ ਦਾ ਘੱਟ ਹੋਣਾ, ਸ਼ੂਗਰ, ਥਾਈਰਾਇਡ ਰੋਗ ਆਦਿ ਦੀ ਭਾਲ ਕਰਕੇ ਸਮੇਂ ਸਿਰ ਇਲਾਜ ਕਰਨਾ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਮਾਂਵਾਂ ਦੀ ਮੌਤਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਚਲਦਿਆਂ ਗਰਭਵਤੀ ਔਰਤਾਂ ਘਰ ਬੈਠੇ ਈ-ਸੰਜੀਵਨੀ ਓ.ਪੀ.ਡੀ. ਰਾਹੀ ਵੀ ਮਾਹਰ ਡਾਕਟਰਾਂ ਦੀ ਸਲਾਹ ਲੈ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਹਸਪਤਾਲ ਸੰਗਰੂਰ ਵਿਖੇ ਮੈਡੀਕਲ ਅਫ਼ਸਰ ਡਾ. ਅਮਨਪ੍ਰੀਤ ਕੌਰ ਖੰਗੂੜਾ ਵੱਲੋਂ ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਿਨੀਤ ਨਾਗਪਾਲ ਵੱਲੋਂ ਸਿਵਲ ਹਸਪਤਾਲ ਸੁਨਾਮ ਵਿੱਚ ਲਗਾਏ ਕੈਂਪ ਦਾ ਨਿਰੀਖਣ ਕੀਤਾ ਗਿਆ। ਡਾ. ਵਿਨੀਤ ਨਾਗਪਾਲ ਵੱਲੋਂ ਕੈਂਪ ਵਿੱਚ ਹਾਜ਼ਰ ਗਰਭਵਤੀ ਮਾਵਾਂ ਨੂੰ ਕਰੋਨਾ ਵੈਕਸੀਨ ਦੇ ਨਾਲ ਨਾਲ ਪੋਸ਼ਣ ਮਾਂਹ ਸਬੰਧੀ ਵੀ ਜਾਗਰੂਕ ਕੀਤਾ ਗਿਆ।


Spread Information
Advertisement
Advertisement
error: Content is protected !!