ਜਦੋਂ ਓਨ੍ਹਾਂ ਮਿਲਾਉਣ ਨੂੰ ਕਿਹਾ ਨਾਂਹ ਤੇ ਓਸ ਗਲ ਪਾ ਲਿਆ ਫਾਹਾ….
ਪਹਿਲਾਂ ਪਤੀ ਤੇ ਫਿਰ ਪਤਨੀ ਨੇ ਵੀ ਕਰ ਲਈ ਆਤਮ ਹੱਤਿਆ
ਹਰਿੰਦਰ ਨਿੱਕਾ, ਪਟਿਆਲਾ 4 ਜੂਨ 2025
ਤਿੜਕੇ ਰਿਸ਼ਤਿਆਂ ਦਾ ਅੰਤ ਹੁੰਦੈ, ਦੁਖਦਾਈ, ਜੀ ਹਾਂ, ਅਜਿਹਾ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਘਟਨਾਕ੍ਰਮ ਜਿਲ੍ਹੇ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਇੱਕ ਪਿੰਡ ਤੋਂ ਸ਼ੁਰੂ ਹੋਇਆ ਅਤੇ ਜਿਲ੍ਹਾ ਰੋਪੜ ਦੀ ਤਹਿਸੀਲ ਆਨੰਦਪੁਰ ਸਾਹਿਬ ਦੇ ਪਿੰਡ ਤੱਕ ਅੱਪੜ ਗਿਆ।
ਪਤੀ ਪਤਨੀ ਦੇ ਰਿਸ਼ਤੇ ਵਿੱਚ ਆਈ ਖਟਾਸ ਅਤੇ ਪਤਨੀ ਦੇ ਪੇਕਾ ਪਰਿਵਾਰ ਦੀ ਕਥਿਤ ਦਖਲਅੰਦਾਜੀ ਨੇ ਦੰਪਤੀ ਨੂੰ ਆਤਮ ਹੱਤਿਆ ਦੇ ਰਾਹ ਤੋਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਉਸ ਦੀ ਸੱਸ ਅਤੇ ਸਾਢੂ ਸਣੇ 4 ਜਣਿਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਦਿੱਤਾ।
ਪੂਰੇ ਘਟਨਾਕ੍ਰਮ ਦੀ ਕਹਾਣੀ, ਮ੍ਰਿਤਕ ਦੇ ਭਰਾ ਦੀ ਜੁਬਾਨੀ…,
ਥਾਣਾ ਭਾਦਸੋਂ ਦੀ ਪੁਲਿਸ ਨੂੰ ਦਿੱਤੇ ਬਿਆਨ ‘ਚ ਮੁਦਈ ਯਾਦਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਸ੍ਰੀਨਗਰ (ਪੂਣੀਵਾਲ) ਥਾਣਾ ਭਾਦਸੋਂ ਨੇ ਦੱਸਿਆ ਕਿ 29/6/2025 ਨੂੰ ਮੁਦਈ ਦੀ ਭਰਜਾਈ ਮਨਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਆਪਣੇ ਪੇਕੇ ਪਿੰਡ ਭਨੋਪਲੀ ਚਲੀ ਗਈ ਸੀ। ਫਿਰ ਮੁਦਈ ਦੇ ਭਰਾ ਗੁਰਮੀਤ ਸਿੰਘ ਵੱਲੋਂ ਫੋਨ ਕਰਨ ਪਰ ਦੂਜੇ ਦਿਨ ਹੀ ਗੁਰਮੀਤ ਸਿੰਘ ਦੀ ਸੱਸ ਜਸਵੀਰ ਕੌਰ ਅਤੇ ਸਾਢੂ ਰਜਿੰਦਰ ਸਿੰਘ, ਗੁਰਮੀਤ ਸਿੰਘ ਦੇ ਬੱਚਿਆ ਨੂੰ ਲੈ ਕੇ ਮੁਦਈ ਹੋਰਾਂ ਪਾਸ ਆਏ ਸਨ ਅਤੇ ਬੱਚਿਆ ਨੂੰ ਗੁਰਮੀਤ ਸਿੰਘ ਨੂੰ ਵੀ ਮਿਲਾ ਵੀ ਦਿੱਤਾ ਗਿਆ ਸੀ,ਪਰ ਬੱਚਿਆਂ ਨੇ ਆਪਣੀ ਮਾਂ ਮਨਪ੍ਰੀਤ ਕੌਰ ਪਾਸ ਜਾਣ ਦੀ ਹੀ ਜਿੱਦ ਕੀਤੀ। ਜਿਸ ਕਰਕੇ ਜਸਵੀਰ ਕੌਰ ਅਤੇ ਰਜਿੰਦਰ ਸਿੰਘ ਬੱਚਿਆਂ ਨੂੰ ਆਪਣੇ ਨਾਲ ਲੈ ਗਏ।
ਫਿਰ ਇੱਕ ਜੁਲਾਈ ਨੂੰ ਮੁਦਈ ਦਾ ਭਰਾ ਗੁਰਮੀਤ ਸਿੰਘ ਆਪਣੀ ਪਤਨੀ ਨੂੰ ਲੈਣ ਲਈ ਉਕਤ ਦੋਸ਼ੀਆਂ ਪਾਸ ਗਿਆ ਸੀ, ਪਰ ਦੋਸ਼ਣ ਜਸਵੀਰ ਕੌਰ ਨੇ ਉਸ ਨੂੰ ਮਨਪ੍ਰੀਤ ਕੌਰ ਨਾਲ ਨਹੀਂ ਮਿਲਾਇਆ ਅਤੇ ਕਿਹਾ ਕਿ ਪਤਾ ਨਹੀ ਉਹ ਕਿੱਥੇ ਚਲੀ ਗਈ, ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਨਿਰਾਸ਼ ਹੋਇਆ ਗੁਰਮੀਤ ਸਿੰਘ ਆਪਣੇ ਘਰ ਵਾਪਿਸ ਆ ਗਿਆ । ਮਿਤੀ 3/7/2025 ਨੂੰ ਸਮਾਂ 6.00 ਵਜੇ ਸਵੇਰੇ, ਮੁਦਈ ਨੂੰ ਪਤਾ ਲੱਗਿਆ ਕਿ ਗੁਰਮੀਤ ਸਿੰਘ ਨੇ ਪੱਖੇ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਲਿਆ ਹੈ।
ਮੌਕਾ ਪਰ ਜਾ ਕੇ ਦੇਖਿਆ ਤਾਂ ਗੁਰਮੀਤ ਸਿੰਘ ਦੇ ਮੋਬਾਇਲ ਵਿੱਚ ਇੱਕ ਵੀਡਿਓ ਦੇਖੀ, ਜਿਸ ਵਿੱਚ ਉਹ ਕਹਿ ਰਿਹਾ ਕਿ ਸੀ ਕਿ ਉਸ ਦੀ ਮੌਤ ਦੇ ਜਿੰਮੇਵਾਰ ਉਸ ਦੀ ਪਤਨੀ ਮਨਪ੍ਰੀਤ ਕੌਰ, ਸੱਸ ਜਸਵੀਰ ਕੌਰ ਪਤਨੀ ਜੱਗਾ ਸਿੰਘ, ਸਾਢੂ ਰਜਿੰਦਰ ਸਿੰਘ ਪੁੱਤਰ ਅਮਰਦਾਸ ਵਾਸੀ ਪਿੰਡ ਭਨੋਪਲੀ ਤਹਿਸੀਲ, ਆਨੰਦਪੁਰ ਸਾਹਿਬ, ਜਿਲ੍ਹਾ ਰੋਪੜ, ਰਾਣੀ ਵਾਸੀ ਬਹਾਦਰਗੜ੍ਹ ਅਤੇ ਇੱਕ ਹੋਰ ਨਾ-ਮਾਲੂਮ ਵਿਅਕਤੀ ਹੀ ਹਨ। ਬਾਅਦ ਵਿੱਚ ਮੁਦਈ ਨੂੰ ਪਤਾ ਲੱਗਿਆ ਕਿ ਮੁਦਈ ਦੀ ਭਰਜਾਈ ਮਨਪ੍ਰੀਤ ਕੌਰ ਨੇ ਵੀ ਆਤਮ ਹੱਤਿਆ ਕਰ ਲਈ ਹੈ। ਪੁਲਿਸ ਨੇ ਮੁਦਈ ਯਾਦਵਿੰਦਰ ਸਿੰਘ ਦੇ ਬਿਆਨ ਅਤੇ ਉਸ ਵੱਲੋਂ ਪੇਸ਼ ਕੀਤੀ ਗਈ ਗੁਰਮੀਤ ਸਿੰਘ ਵੱਲੋਂ ਮੌਤ ਤੋਂ ਪਹਿਲਾਂ ਦੋਸ਼ੀਆਂ ਸਬੰਧੀ ਬਣਾਈ ਵੀਡੀਓ ਦੇ ਅਧਾਰ ਪਰ, ਨਾਮਜ਼ਦ ਦੋਸ਼ੀਆਂ ਦੇ ਖਿਲਾਫ ਥਾਣਾ ਭਾਦਸੋਂ ਵਿਖੇ U/S 108 BNS ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਭਾਰਤੀ ਨਿਆਏ ਸੰਹਿਤਾ ਦੇ ਉਕਤ ਜੁਰਮ ਤਹਿਤ ਦੋਸ਼ੀਆਂ ਨੂੰ 10 ਸਾਲ ਤੱਕ ਦੀ ਸਜਾ ਅਤੇ ਜੁਰਮਾਨੇ ਦੀ ਵਿਵਸਥਾ ਹੈ।






