ਵੋਟ ਦਾ ਸਹੀ ਇਸਤੇਮਾਲ ਹੀ ਲੋਕਤੰਤਰ ਦਾ ਆਧਾਰ : ਪੂਨਮਦੀਪ ਕੌਰ
ਵੋਟ ਦਾ ਸਹੀ ਇਸਤੇਮਾਲ ਹੀ ਲੋਕਤੰਤਰ ਦਾ ਆਧਾਰ : ਪੂਨਮਦੀਪ ਕੌਰ
– ਕੌਮੀ ਵੋਟਰ ਦਿਵਸ ਮੌਕੇ ਨਵੇਂ ਵੋਟਰਾਂ ਨੂੰ ਵੰਡੇ ਸ਼ਨਾਖਤੀ ਕਾਰਡ
– ਬਿਨਾਂ ਕਿਸੇ ਡਰ, ਲਾਲਚ ਜਾਂ ਭੇਦਭਾਵ ਦੇ ਵੋਟ ਦੀ ਵਰਤੋਂ ਕਰਕੇ ਹੀ ਭਵਿੱਖ ਨੂੰ ਕੀਤਾ ਜਾ ਸਕਦੈ ਸੁਰੱਖਿਅਤ
– ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 12ਵੇਂ ਕੌਮੀ ਵੋਟਰ ਦਿਵਸ ਸਬੰਧੀ ਕਰਵਾਇਆ ਗਿਆ ਸਮਾਗਮ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 25 ਜਨਵਰੀ:2022
ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ ਅਤੇ ਬਿਨਾਂ ਕਿਸੇ ਡਰ, ਲਾਲਚ ਜਾਂ ਭੇਦਭਾਵ ਤੋਂ ਵੋਟ ਦੀ ਵਰਤੋਂ ਕਰਕੇ ਹੀ ਦੇਸ਼ ਦੇ ਸੁਨਿਹਰੀ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਇਸ ਲਈ ਹਰੇਕ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨਿਰਪੱਖ ਹੋ ਕੇ ਉਮੀਦਵਾਰਾਂ ਨੂੰ ਵੋਟ ਪਾਵੇ ਤਾਂ ਜੋ ਸਾਡਾ ਦੇਸ਼ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚ ਸਕੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ 12ਵੇਂ ਕੌਮੀ ਵੋਟਰ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਜਿ਼ਲ੍ਹਾ ਚੋਣ ਅਫਸਰ ਨੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਆਧਾਰ ਹੀ ਵੋਟ ਦੇ ਇਸਤੇਮਾਲ ’ਤੇ ਨਿਰਭਰ ਕਰਦਾ ਹੈ, ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨ ਸ਼ਕਤੀ ਕਿਸੇ ਵੀ ਚੁਣੋਤੀ ਦਾ ਸਾਹਮਣਾ ਕਰ ਸਕਦੀ ਹੈ, ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਿਡਰ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਦੇ ਭਵਿੱਖ ਨੂੰ ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਲਈ ਪੋਲੰਗ ਸਟੇਸ਼ਲਾਂ ’ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ 80 ਸਾਲ ਤੋਂ ਉਪਰ ਉਮਰ ਦੇ ਵੋਟਰਾਂ ਨੂੰ ਬੈਲਟ ਪੇਪਰ ਰਾਹੀਂ ਆਪਣੇ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਥੇ ਚੋਣ ਮਿੱਤਰ ਬਣਾਏ ਗਏ ਹਨ ਉਥੇ ਹੀ ਮਹਿਲਾ ਵੋਟਰਾਂ ਨੂੰ ਜਾਗਰੂਕ ਕਰਨ ਲਈ ਪਹਿਲੀ ਵਾਰ ’ ਵੋਟਾਂ ਵਾਲੀ ਭੈਣ ’ ਵੀ ਬਣਾਈ ਗਈ ਹੈ, ਜੋ ਘਰ ਘਰ ਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਆਖੇਗੀ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਇਸਤੇਮਾਲ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਮੌਕੇ ਬਿਨਾਂ ਕਿਸੇ ਭੇਦ ਭਾਵ ਤੇ ਨਿਡਰ ਹੋ ਕੇ ਵੋਟ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ। ਇਸ ਤੋਂ ਇਲਾਵਾ 18-19 ਸਾਲ ਉਮਰ ਦੇ ਰਿਸ਼ੂ, ਇਸ਼ਾਨ ਜੋਸ਼ੀ, ਰੁਪਾਲੀ, ਅਮਨ ਵਰਮਾ, ਮੁਸਕਾਨ ਨਵੇਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਅਤੇ ਚੋਣ ਪ੍ਰਕ੍ਰਿਆ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਵਿਖਾਉਣ ਲਈ ਐਸ.ਡੀ.ਐਮ.-ਕਮ-ਸਹਾਇਕ ਰਿਟਰਨਿੰਗ ਅਫਸਰ ਅਮਲੋਹ ਜੀਵਨਜੋਤ ਕੌਰ ਨੂੰ ਬੈਸਟ ਈ.ਆਰ.ਓ., ਲੈਕਚਰਾਰ ਸਤਵਿੰਦਰ ਸਿੰਘ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਨੂੰ ਬੈਸਟ ਨੋਡਲ ਅਫਸਰ, ਮਨਜੀਤ ਸਿੰਘ ਅਤੇ ਖੁਸ਼ਵੰਤ ਸਿੰਘ ਨੂੰ ਬੈਸਟ ਬੀ.ਐਲ.ਓ. ਨਾਲ ਸਨਮਾਨਿਤ ਕੀਤਾ।ਇਸ ਮੌਕੇ ਪੀ ਡਬਲਿਊ ਡੀ ਕੁਆਰਡੀਨੇਟਰ ਗੁਰਵਿੰਦਰ ਸੋਨੀ ਦਾ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ, ਇਸਤੋਂ ਇਲਾਵਾ ਨਵੇਂ ਬਣੇ ਵੋਟਰਾਂ ਰਿਸ਼ੂ,ਇਸ਼ਾਨ ਜੋਸ਼ੀ, ਰੁਪਾਲੀ, ਅਮਨ ਵਰਮਾਂ ਅਤੇ ਮੁਸ਼ਕਾਨ ਨੂੰ ਵੋਟਰ ਸ਼ਨਾਖਤੀ ਕਾਰਡ ਸੌਂਪੇ ਗਏ। ਇਸ ਮੌਕੇ ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਦੇਵੀ, ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ, ਚੋਣ ਕਾਨੂੰਗੋ ਬ੍ਰਿਜ ਮੋਹਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।