Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..!
ਮੁੰਡਿਆਂ ਨਾਲ ਵਿਆਹ ਕਰਵਾ ਕੇ ਲੋਕਾਂ ਤੋਂ ਬਟੋਰਦਾ ਸੀ ਗਹਿਣੇ ਅਤੇ ਲੱਖਾਂ ਰੁਪੱਈਏ..!
ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਣਾ ਲੈਂਦੇ ਸਨ ਅਸ਼ਲੀਲ ਵੀਡੀਓਜ..
ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024
ਜਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਇੱਕ ਅਜਿਹੇ ਬਲੈਕਮੇਲਰ ਗਿਰੋਹ ਨੂੰ ਗਿਰਫਤਾਰ ਕੀਤਾ ਹੈ,ਜਿਹੜੇ ਭੋਲੇ ਭਾਲੇ ਲੋਕਾਂ ਨਾਲ ਵਿਆਹ ਕਰਕੇ,ਉਨ੍ਹਾਂ ਦਾ ਗਹਿਣਾ ਗੱਟਾ ਹੜੱਪ ਕਰ ਲੈਂਦਾ ਸੀ, ਫਿਰ ਵਿਆਹ ਦਾ ਨਿਬੇੜਾ ਕਰਨ ਬਦਲੇ ਵੀ ਲੱਖਾਂ ਰੁਪੱਈਏ ਬਟੋਰ ਲੈਂਦਾ ਸੀ। ਇੱਥੇ ਹੀ ਬੱਸ ਨਹੀਂ, ਗਿਰੋਹ ਦੇ ਮੈਂਬਰ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ, ਉਨਾਂ ਨੂੰ ਆਪਣੇ ਕੋਲ ਬੁਲਾ ਕੇ, ਉਨਾਂ ਦੀਆਂ ਅਸ਼ਲੀਲ ਵੀਡੀਉ ਬਣਾ ਕੇ ਵੀ ਉਨਾਂ ਨੂੰ ਬਲੈਕਮੇਲ ਕਰਕੇ, ਲੱਖਾਂ ਰੁਪਏ ਦਾ ਲੈਣ ਦੇਣ ਕਰਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਗਿਰੋਹ ਵਿੱਚ ਹੋਰਨਾਂ ਤੋਂ ਇਲਾਵਾ ਇੱਕੋ ਪਰਿਵਾਰ ਦੇ ਤਿੰਨ ਜੀਅ, ਮਾਂ-ਪਿਉ ਅਤੇ ਧੀ ਵੀ ਸ਼ਾਮਿਲ ਹਨ। ਪੁਲਿਸ ਨੇ ਇਹ ਪਰਚਾ, ਥਾਣੇ ਦੇ ਏਐਸਆਈ ਬਲਦੇਵ ਸਿੰਘ ਨੂੰ ਮੁਖਬਰ ਨੂੰ ਮਿਲੀ ਸੂਚਨਾ ਦੇ ਅਧਾਰ ਪਰ,ਦਰਜ ਕੀਤਾ ਹੈ,ਪੁਲਿਸ ਨੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ।
ਥਾਣਾ ਮਹਿਲ ਕਲਾਂ ਵਿਖੇ ਦਰਜ ਐਫ.ਆਈ.ਆਰ. ਅਨੁਸਾਰ ਏਐਸਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਣੇ ਬਰਾਏ ਗਸਤ ਬਾ ਚੈਕਿੰਗ ਸੱਕੀ ਪੁਰਸਾਂ ਦੇ ਸਬੰਧ ਵਿੱਚ ਦਾਣਾ ਮੰਡੀ ਪਿੰਡ ਸਹਿਜੜਾ ਮੌਜੂਦ ਸੀ। ਤਾਂ ਵਕਤ ਕਰੀਬ 3.00 PM ਦਾ ਹੋਵੇਗਾ ਕਿ ਮੁਖਬਰ ਖਾਸ ਨੇ ਮੁਦਈ ਥਾਣੇਦਾਰ ਨੂੰ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਦੇਵ ਕੁਮਾਰ ਵਾਸੀ ਭਦੌੜ ਅਤੇ ਏਕਮ ਸਿੰਗਲਾ ਉਰਫ ਜਸਵੀਰ ਕੌਰ ਪਤਨੀ ਸੰਦੀਪ ਸਿੰਗਲਾ ਵਾਸੀ ਭਦੌੜ ਹਾਲ ਅਬਾਦ ਬਰਨਾਲਾ ਨੇ ਸਮੇਤ 2/3 ਹੋਰ ਨਾ ਮਲੂਮ ਵਿਅਕਤੀਆ ਦੇ ਨਾਲ ਰਲ ਕੇ ਗਿਰੋਹ ਬਣਾਇਆ ਹੋਇਆ ਹੈ। ਜੋ ਆਪਣੀ ਬੇਟੀ ਨਾਲ ਸਾਜਬਾਜ ਹੋ ਕੇ ਉਸ ਦਾ ਵਿਆਹ ਲੋੜਵੰਦ ਵਿਅਕਤੀਆਂ ਨਾਲ ਕਰਕੇ ਬਾਅਦ ਵਿੱਚ ਆਪਣੀ ਵਿਆਹੀ ਲੜਕੀ ਨੂੰ ਅਗਲੇ ਦਿਨ ਸਮੇਤ ਉਸ ਨੂੰ ਵਿਆਹ ਸਮੇਂ ਪਾਏ ਗਹਿਣੇ, ਪੈਸੇ ਦੇ ਵਾਪਸ ਪਿੰਡ ਲੈ ਆਉਦੇ ਹਨ । ਬਾਅਦ ਵਿੱਚ ਹੋਰ ਪੈਸੇ ਲੈ ਕੇ ਨਿਬੇੜਾ ਕਰਕੇ ਅੱਗੇ ਹੋਰ ਕਿਸੇ ਨਾਲ ਵਿਆਹ ਕਰ ਦਿੰਦੇ ਹਨ।
ਦਰਜ ਕੇਸ ਮੁਤਾਬਿਕ ਇਹ ਗਿਰੋਹ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਅਣਜਾਣ ਜਗ੍ਹਾ ਤੇ ਬੁਲਾ ਕੇ ਉਸ ਦੀ ਨੰਗੇਜ ਹਾਲਤ ਵਿੱਚ ਵੀਡਿਉ/ਫੋਟੋਆਂ ਬਣਾ ਕੇ ਉਨਾਂ ਨੂੰ ਬਲੈਕਮੇਲ ਕਰਕੇ ਜਬਰੀ ਦਬਾਉ ਪਾ ਕੇ ਪੈਸੇ ਬਟੋਰ ਲੈਦੇ ਹਨ। ਇਹ ਗਿਰੋਹ ਬਲੈਰੋ ਗੱਡੀ ਨੰਬਰ HR-12 W-5315 ਵਿੱਚ ਸਵਾਰ ਹੋ ਕੇ, ਮਹਿਲ ਕਲਾਂ ਦੇ ਨਾਲ ਲਗਦੇ ਪਿੰਡਾਂ ਵਿੱਚ ਘੁੰਮਦਿਆਂ ਦੇਖਿਆ ਗਿਆ ਹੈ । ਸੂਚਨਾ ਇਹ ਵੀ ਸੀ ਕਿ ਜੇਕਰ ਇਹਨਾਂ ਦੀ ਪਿੰਡ ਚੁਹਾਣਕੇ ਖੁਰਦ, ਕਲਾਲਾ ਸਾਈਡ ਨਾਕਾਬੰਦੀ ਕਰਕੇ ਤਲਾਸ ਕੀਤੀ ਜਾਵੇ ਤਾਂ ਇੱਨ੍ਹਾਂ ਵਿਅਕਤੀਆਂ ਨੂੰ ਸਮੇਤ ਗੱਡੀ ਨੰਬਰੀ HR-12W-5315 ਪਰ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਾਰਣ, ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 384, 120 B IPC ਤਹਿਤ ਕੇਸ ਦਰਜ ਕਰਕੇ, ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਦੇਵ ਕੁਮਾਰ ਵਾਸੀ ਭਦੌੜ , ਏਕਮ ਸਿੰਗਲਾ ਉਰਫ ਜਸਵੀਰ ਕੌਰ ਪਤਨੀ ਸੰਦੀਪ ਸਿੰਗਲਾ ਵਾਸੀ ਭਦੌੜ ਹਾਲ ਅਬਾਦ ਬਰਨਾਲਾ, ਉਨ੍ਹਾਂ ਦੀ ਪੁੱਤਰੀ ਅਤੇ ਜਰਨੈਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੱਥੋਵਾਲ ਆਦਿ ਨੂੰ ਬਲੈਰੋ ਗੱਡੀ ਸਣੇ ਗਿਰਫਤਾਰ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ।