ਨਾ ਤਾਂ ਇੰਸਪੈਕਟਰ ਭਰਤੀ ਕਰਵਾਇਆ ਤੇ ਨਾ ਹੀ ਮੋੜੀ ਰਿਸ਼ਵਤ….

ਰਮਨ ਕਟੌਦੀਆ ਬਠਿੰਡਾ, 14 ਅਗਸਤ 2025
ਇੱਕ ਪਾਸੇ ਬੇਰੁਜਗਾਰਾਂ ਦੀ ਵੱਡੀ ਫੌਜ ਤੇ ਦੂਜੇ ਬੰਨੇ ਪੁਲਿਸ ਇੰਸਪੈਕਟਰ ਦੀ ਨੌਕਰੀ ਦਾ ਰੁਤਬਾ, ਜੇ ਓਹ ਵੀ ਸਿਰਫ 2 ਲੱਖ ਰੁਪਏ ਵਿੱਚ ਮਿਲਦਾ ਹੋਵੇ,ਤਾਂ ਕੌਣ ਛੱਡਦਾ ਹੈ। ਜੀ ਹਾਂ, ਇਸੇ ਉਮੀਦ ਨਾਲ ਭੁੱਚੋ ਕਲਾਂ ਦਾ ਨੌਜਵਾਨ, ਇੰਸਪੈਕਟਰ ਤਾਂ ਨਹੀਂ ਬਣ ਸਕਿਆ, ਪਰ 2 ਲੱਖ ਰੁਪਏ ਜਰੂਰ ਗੁਆ ਕੇ ਬਹਿ ਗਿਆ। ਪੁਲਿਸ ਨੇ ਸ਼ਕਾਇਤ ਦੀ ਪੜਤਾਲ ਉਪਰੰਤ 2 ਜਣਿਆਂ ਖਿਲਾਫ ਸਾਜਿਸ਼ ਘੜ ਕੇ ਠੱਗੀ ਮਾਰਨ ਦਾ ਕੇਸ ਦਰਜ ਕਰ ਲਿਆ।
ਕਦੋਂ ,ਕਿਵੇਂ ਤੇ ਕੀ ਹੋਇਆ
ਥਾਣਾ ਸਿਟੀ ਸਿਟੀ ਰਾਮਪੁਰਾ ਵਿਖੇ ਦਰਜ ਐਫ.ਆਈ.ਆਰ. ਦੇ ਮੁਦਈ ਰਾਮ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਭੁੱਚੋ ਕਲਾਂ ਦਾ ਕਹਿਣਾ ਹੈ ਕਿ ਸੁਖਵੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮਹਿਰਾਜ ਅਤੇ ਹਾਕਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਦੀਨਾ, ਜਿਲ੍ਹਾ ਮੋਗਾ ਨੇ ਉਸ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਭਰਤੀ ਕਰਵਾਉਣ ਦਾ ਝਾਸਾ ਦੇ ਕੇ ਉਸ ਤੋਂ 2 ਲੱਖ ਰੁਪਏ ਲੈ ਲਏ। ਜਦੋਂ ਉਹ ਭਰਤੀ ਸਮੇਂ ਟੈਸਟ ‘ਚੋ ਫੇਲ੍ਹ ਹੋ ਗਿਆ ਤਾਂ ਦੋਸ਼ੀਆਂ ਨੇ ਉਸ ਦੇ 40,000 ਰੁਪਏ ਤਾਂ ਵਾਪਸ ਕਰ ਦਿੱਤੇ, ਪਰੰਤੂ ਬਾਕੀ 1 ਲੱਖ 60 ਹਜ਼ਾਰ ਰੁਪਏ ਵਾਪਸ ਨਹੀਂ ਮੋੜੇ, ਲੰਬੇ ਸਮੇਂ ਦੀ ਟਾਲਮਟੋਲ ਅਤੇ ਲਾਰੇ ਲੱਪਿਆਂ ਤੋਂ ਬਾਅਦ ਉਸ ਨੇ ਦੋਸ਼ੀਆਂ ਖਿਲਾਫ ਸ਼ਕਾਇਤ ਦਿੱਤੀ ਕਿ ਉਨਾਂ ਨੇ ਸਾਜਿਸ਼ ਤਹਿਤ ਨੌਕਰੀ ਦਾ ਝਾਂਸਾ ਦੇ ਕੇ ਧੋਖਾਧੜੀ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਅਨੁਸਾਰ ਪੜਤਾਲ ਉਪਰੰਤ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ ਅਧੀਨ ਜੁਰਮ 420, 120 B IPC ਤਹਿਤ ਥਾਣਾ ਰਾਮਪੁਰਾ ਸਿਟੀ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।







