PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਇਤਿਹਾਸਿਕ ਪੈੜਾਂ ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਮਾਲਵਾ ਲੁਧਿਆਣਾ

ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਰਾਜ ਭਵਨ ਨੂੰ ‘ਲੋਕ ਪੁਸਤਕ’ ਅਰਪਿਤ

Advertisement
Spread Information

ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਰਾਜ ਭਵਨ ਨੂੰ ‘ਲੋਕ ਪੁਸਤਕ’ ਅਰਪਿਤ


ਦਵਿੰਦਰ ਡੀ.ਕੇ,ਲੁਧਿਆਣਾ, 20 ਦਸੰਬਰ 2021

ਪੰਜਾਬ ਦੇ ਗਵਰਨਰ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ‘ਗੁਰੂ ਨਾਨਕ ਦੇ ਬਹੁਸਭਿਆਚਾਰਕ ਸਮਾਜ ਅਤੇ ਸ਼ਾਂਤਮਈ ਸਹਿਹੋਦ ਦੇ ਸੰਕਲਪ’ ਵਿਸ਼ੇ ਉਪਰ ਲਿਖੀ ਗਈ ਪੁਸਤਕ ਲੋਕ ਅਰਪਿਤ ਕੀਤੀ ਗਈ। ਇਹ ਪੁਸਤਕ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਮੁੱਚੇ ਸੰਸਾਰ ਨੂੰ ਦਿਤੇ ਗਏ ਸਰਵਸਾਂਝੀਵਾਲਤਾ, ਮਨੁੱਖੀ ਏਕਤਾ, ਆਪਸੀ ਪਿਆਰ, ਵਿਸ਼ਵ ਸ਼ਾਂਤੀ, ਪ੍ਰਸਪਰ ਸਹਿਯੋਗ ਤੇ ਪਰਉਪਕਾਰਤਾ ਦੇ ਇਲਾਹੀ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁਚਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿਸ਼ਵ ਵਿਆਪੀ ਸਿੱਖਿਆਵਾਂ ਦੀ ਰੋਸ਼ਨੀ ਵਿੱਚ ਵਰਤਮਾਨ ਸਮੇਂ ਵਿੱਚ ਸੰਪਰਦਾਇਕਤਾਵਾਦ, ਸੰਕਰੀਣ ਸੋਚ, ਮਨੁੱਖੀ ਅਧਿਕਾਰਾਂ ਦੀ ਬੇਹੁਰਮਤੀ, ਘੱਟ ਗਿਣਤੀਆਂ ਵਿਚ ਪਾਈ ਜਾਂਦੀ ਅਸੁਰੱਖਿਆ ਦੀ ਭਾਵਨਾ ਅਤੇ ਸਮਾਜਿਕ-ਸਭਿਆਚਾਰਕ ਵਖਰੇਵਿਆਂ ਪ੍ਰਤੀ ਤੰਗਦਿਲ ਸੋਚ ਵਰਗੀਆਂ ਪਾਈਆਂ ਜਾਂਦੀਆਂ ਗੁੰਝਲਦਾਰ ਸਮਸਿਆਵਾਂ ਦਾ ਸਾਰਥਕ ਤੇ ਸ਼ਾਂਤੀਪੂਰਵਕ ਹੱਲ ਕੱਢਣ ਦੇ ਮੰਤਵ ਬਾਰੇ ਲਿਖੀ ਗਈ ਹੈ।

ਇਸ ਮੌਕੇ ਪੰਜਾਬ ਦੇ ਮਾਨਯੋਗ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਪਹਿਲੂਆਂ ਉਪਰ ਨਿਰੰਤਰ ਖੋਜ ਕਰ ਰਹੇ ਹਨ। ਉਹਨਾਂ ਦੀ ਇਹ ਪੁਸਤਕ ਨਿਸ਼ਚਿਤ ਰੂਪ ਵਿਚ ਅਜੋਕੇ ਸਮੇਂ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਜਾਤ, ਧਰਮ, ਰੰਗ, ਰੂਪ, ਭਾਸ਼ਾ, ਖਿੱਤੇ ਆਦਿ ਦੇ ਅਧਾਰ ਉਤੇ ਕੀਤੇ ਜਾਂਦੇ ਭੇਦਭਾਵਾਂ ਨਾਲ ਜੁੜੀਆਂ ਸਮਸਿਆਵਾਂ ਦਾ ਸਦੀਵੀਂ ਹੱਲ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਗਏ ਮਾਰਗ ਉਪਰ ਚੱਲਣ ਲਈ ਸਾਨੂੰ ਸਭ ਨੂੰ ਪ੍ਰੇਰਿਤ ਕਰੇਗੀ। ਉਹਨਾਂ ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਡਾ. ਭੱਲਾ ਦੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਅਤੇ ਬਾਣੀ ਉਪਰ ਖੋਜ ਕਾਰਜਾਂ ਨਾਲ ਜੁੜੇ ਹੋਏ ਸਮੂਹ ਵਿਦਵਾਨਾਂ ਅਤੇ ਖੋਜ ਵਿਦਿਆਰਥੀਆਂ ਲਈ ਵੀ ਬੇਹੱਦ ਸਾਰਥਕ ਸਿੱਧ ਹੋਵੇਗੀ। ਇਸ ਮੌਕੇ ਉਪਰ ਡਾ. ਸੁਭਾਸ਼ ਸ਼ਰਮਾ, ਸਾਬਕਾ ਸੈਨਿਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਗੁਰਮੀਤ ਸਿੰਘ, ਸੈਨਿਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋ. ਨਵਪ੍ਰੀਤ ਕੌਰ, ਮੁੱਖੀ ਅਰਥ ਸ਼ਾਸਤਰ ਵਿਭਾਗ, ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਆਦਿ ਵਿਸ਼ੇਸ਼ ਤੌਰ ਉਪਰ ਹਾਜ਼ਰ ਸਨ।
ਡਾ. ਭੱਲਾ ਨੇ ਆਪਣੀ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਤੋਂ 552 ਵਰ੍ਹੇ ਪਹਿਲਾਂ ਮਨੁੱਖੀ ਸਵੈਮਾਣ ਤੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ; ਭਾਈਚਾਰਕ ਸਾਂਝ ਤੇ ਵਿਸ਼ਵ ਸ਼ਾਂਤੀ ਕਾਇਮ ਕਰਨ;  ਸਮਾਜਿਕ-ਸਭਿਆਚਾਰਕ ਭਿੰਨਤਾਵਾਂ ਨੂੰ  ਖੁੱਲੇ ਦਿਲ ਨਾਲ ਸਵੀਕਾਰ ਕਰਨ ਅਤੇ ਮਨੁੱਖੀ ਏਕਤਾ ਤੇ ਰੱਬੀ ਏਕਤਾ ਦੇ ਸੰਕਲਪ ਰਾਹੀਂ  ਬਹੁ-ਸਭਿਆਚਾਰਕ ਸਮਾਜ ਕਾਇਮ ਕਰਨ ਅਤੇ ਸ਼ਾਂਤਮਈ  ਸਹਿਹੋਦ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਸਾਨੀ ਤੇ ਕ੍ਰਾਂਤੀਕਾਰੀ ਸੰਦੇਸ਼ ਦੇ ਕੇ ਇਕ ਅਜਿਹੇ ਬਹੁਸਭਿਆਚਾਰਕ ਸਮਾਜ ਦਾ ਸੰਕਲਪ ਪੇਸ਼ ਕੀਤਾ, ਜਿਥੇ ਹਰੇਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਤੇ ਬਿਨਾਂ ਕਿਸੇ ਭੇਦ-ਭਾਵ ਦੇ ਜੀਵਨ ਦੇ ਹਰ ਖੇਤਰ ਵਿਚ ਵਿਚ ਵਿਕਾਸ ਦੇ ਬਰਾਬਰ ਮੌਕੇ ਪ੍ਰਾਪਤ ਹੋਣ ਅਤੇ ਸਮਾਜਿਕ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਅਤੇ ਮਨੁੱਖੀ ਸਵੈਮਾਣ ਦਾ ਸਤਿਕਾਰ ਹੋਵੇ। ਡਾ. ਭੱਲਾ ਨੇ ਇਹ ਵੀ ਕਿਹਾ ਕਿ ਜਦੋਂ ਪੱਛਮ ਵਿਚ ਲੋਕਤੰਤਰ  ਵਿਚਾਰਾਧਾਰਾ ਦੇ ਰੂਪ ਵਿਚ ਅਜੇ ਹੋਂਦ ਵਿਚ ਵੀ ਨਹੀਂ ਆਇਆ ਸੀ, ਜਦੋਂ ਕਿ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਲੋਂ ਦਿਤੇ ਗਏ ਸਮਾਜਿਕ ਅਤੇ ਅਧਿਆਤਮਿਕ ਫ਼ਲਸਫ਼ੇ ਵਿਚੋਂ ਸਾਨੂੰ ਅਜੋਕੇ ਯੁਗ ਵਿਚ ਪ੍ਰਚਾਰੀਆਂ ਜਾਂਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਦਾ ਸੰਕਲਪ ਸਾਫ਼ ਅਤੇ ਸਪੱਸ਼ਟ ਦਿਖਾਈ ਦਿੰਦਾ ਹੈ। ਡਾ. ਭੱਲਾ ਨੇ ਡਾ.ਐਚ.ਐਸ.ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼, ਧਰਮਸ਼ਾਲਾ, ਡਾ.ਸ.ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ-ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਉਪਰ ਧੰਨਵਾਦ ਕੀਤਾ ਅਤੇ ਕਿਹਾ ਇਹਨਾਂ ਸ਼ਖ਼ਸੀਅਤਾਂ ਦੇ ਵਲੋਂ ਮਿਲੇ ਸਹਿਯੋਗ ਅਤੇ ਮਾਰਗ ਦਰਸ਼ਨ ਸਦਕਾ ਹੀ ਇਹ ਪੁਸਤਕ ਲਿਖਣੀ ਸੰਭਵ ਹੋ ਸਕੀ ਹੈ।
ਇਥੇ ਇਹ ਵਿਸ਼ੇਸ਼ ਤੌਰ ਉਪਰ ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਦੀ ਇਹ ਗਿਆਰਵੀਂ ਪੁਸਤਕ ਹੈ ਅਤੇ ਇਸ ਤੋਂ ਇਲਾਵਾ ਉਹ ਹੁਣ ਤੱਕ ਅੱਸੀਂ ਤੋਂ ਵਧੇਰੇ ਖੋਜ ਪਰਚੇ ਲਿਖਣ ਦੇ ਨਾਲ-ਨਾਲ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਵਲੋਂ ਪ੍ਰਵਾਨਤ ਖੋਜ ਕਾਰਜ ਮੁਕੰਮਲ ਕਰ ਚੁੱਕੇ ਹਨ । ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਸੰਸਥਾਵਾਂ ਦੇ ਮੈਂਬਰ ਡਾ. ਭੱਲਾ ਨੂੰ ਆਪਣੇ ਖੋਜ ਕਾਰਜਾਂ, ਉਚੇਰੀ ਸਿੱਖਿਆ ਅਤੇ ਸਮਾਜ ਸੇਵਾ  ਦੇ ਖੇਤਰ ਵਿਚ ਪਾਏ ਗਏ ਯੋਗਦਾਨ ਦੇ ਅਧਾਰ ‘ਤੇ ਉਨ੍ਹਾਂ ਨੂੰ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ । ਹਾਲ ਹੀ ਵਿੱਚ ਭਾਰਤ ਦੇ ਉਪਰਾਸ਼ਟਰਪਤੀ ਦੁਆਰਾ ਉਨ੍ਹਾਂ ਦੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਮੁੱਖ ਰੱਖਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨਿਟ ਲਈ ਨਾਮਜ਼ਦ ਵੀ ਕੀਤਾ ਗਿਆ ਹੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!