PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਮੱਚ ਗਈ ਹਾਹਾਕਾਰ,ਸ਼ਹਿਰ ‘ਚ ਚੋਰੀਆਂ ਦੀ ਭਰਮਾਰ…

Advertisement
Spread Information

ਹਰਿੰਦਰ ਨਿੱਕਾ, ਬਰਨਾਲਾ 20 ਅਗਸਤ 2025 
               ਸ਼ਹਿਰ ਅੰਦਰ ਅਕਸਰ ਹਰ ਦਿਨ ਹੁੰਦੀਆਂ ਚੋਰੀਆਂ ਦੀਆਂ ਵਾਰਦਾਤਾਂ ਦੀ ਬਦੌਲਤ ਫੈਲੇ ਚੋਰਾਂ ਦੇ ਆਤੰਕ ਕਾਰਣ, ਲੋਕ ਸਹਿਮੇ ਹੋਏ ਹਨ। ਜਦੋਂਕਿ ਪੁਲਿਸ ਦੀ ਢਿੱਲੀ ਮੱਠੀ ਕਾਰਗੁਜਾਰੀ ਦੋ ਫਾਇਦਾ ਉਠਾ ਕੇ ਚੋਰ ਬੁਲੰਦ ਹੌਂਸਲੇ ਨਾਲ ਇੱਕੋ ਰਾਤ ਵਿੱਚ ਹੀ ਕਈ ਕਈਂ ਥਾਂਵਾਂ ਤੇ ਚੋਰੀਆਂ ਕਰਕੇ,ਫੁਰਰ ਹੋ ਜਾਂਦੇ ਹਨ। ਲੋਕ ਵਿਚਾਰੇ ਬਣ ਕੇ, ਚੋਰੀ ਹੋਏ ਸਮਾਨ ਦੀਆਂ ਲਿਸਟਾਂ ਬਣਾਉਂਦੇ-ਬਣਾਉਂਦੇ ਹੱਥ ਮਲਦੇ ਰਹਿ ਜਾਂਦੇ ਹਨ। ਲੰਘੀ ਰਾਤ ਚੋਰਾਂ ਨੇ ਰੇਲਵੇ ਸਟੇਸ਼ਨ ਰੋਡ ਤੇ ਸਥਿਤ ਪੁਲਿਸ ਨਾਕੇ ਦੇ ਨਜ਼ਦੀਕ ਹੀ ਪੰਜ ਦੁਕਾਨਾਂ ਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ। ਚੋਰੀ ਦੀਆਂ ਘਟਨਾਵਾਂ ਦਾ ਮੌਕਾ ਮੁਆਇਨਾ ਕਰਨ ਪਹੁੰਚੇ ਥਾਣਾ ਸਿਟੀ 1 ਬਰਨਾਲਾ ਦੀ ਐਸਐਚਓ ਮਨਪ੍ਰੀਤ ਕੌਰ ਨੂੰ ਵੀ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। 
            ਪ੍ਰਾਪਤ ਵੇਰਵਿਆਂ ਅਨੁਸਾਰ  ਬਰਨਾਲਾ ਸ਼ਹਿਰ ‘ਚ ਜਦੋਂ ਸਵੇਰ ਵੇਲੇ ਪੰਜ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਚੁੱਕੇ ਤਾਂ ਉਹ ਦੁਕਾਨ ਦੇ ਹਾਲਾਤ ਦੇਖ ਕੇ ਹੱਕੇ-ਬੱਕੇ ਰਹਿ ਗਏ। ਉਨਾਂ ਦੇਖਿਆ ਤਾਂ ਚੋਰ ਦੁਕਾਨਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ। ਪਰ ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੇ ਚਿਹਰੇ ਤੇ ਵਾਰਦਾਤ ਕੈਦ ਹੋ ਗਈ। ਜਿਹੜੀ ਪੁਲਿਸ ਨੂੰ ਚੋਰਾਂ ਤੱਕ ਪਹੁੰਚਣ ਵਿੱਚ ਅਹਿਮ ਕੜੀ ਸਾਬਿਤ ਹੋ ਸਕਦੀ ਹੈ। 
        ਅਣਪਛਾਤੇ ਚੋਰਾਂ ਨੇ ਰੇਲਵੇ ਸਟੇਸ਼ਨ ਬਰਨਾਲਾ ਅਤੇ ਸ਼ਹਿਰ ਦੇ ਮੁੱਖ ਡਾਕਖਾਨੇ ਦੇ ਨੇੜੇ ਦੁੱਧ ਦੀ ਡੇਅਰੀ, ਰੈਡੀਮੇਡ ਕਪੜਿਆਂ ਦੀ ਦੁਕਾਨ, ਮੈਡੀਕਲ ਅਤੇ ਸਾਈਕਲਾਂ ਦੀਆਂ ਦੁਕਾਨਾਂ ਨੂੰ, ਦੁਕਾਨਾਂ ਦੇ ਪਿੱਛੇ ਤੋਂ ਚੜ੍ਹ ਕੇ, ਦੁਕਾਨਾਂ ਦੀ ਉਪਰਲੀ ਮੰਜ਼ਿਲ ਤੇ ਲੱਗੇ ਦਰਵਾਜਿਆਂ ਦੇ ਜਿੰਦੇ ਤੋੜ ਕੇ ਚੋਰੀ ਦੀਆਂ ਘਟਨਾਵਾਂ ਨੂੰ ਸਰ ਅੰਜਾਮ ਦਿੱਤਾ ਗਿਆ ਹੈ। ਚੋਰੀ ਦੀਆਂ ਵੱਧਦੀਆਂ ਵਾਰਦਾਤਾਂ ਖਿਲਾਫ ਲੋਕਾਂ ਨੇ ਰੋਹ ਵੀ ਦਿਖਾਇਆ।
         ਮੌਕੇ ਤੇ ਪਹੁੰਚੇ ਲੋਕਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਰਾਂ ਦੇ ਹੌਸਲੇ ਕਿੰਨ੍ਹੇ ਬੁਲੰਦ ਹਨ, ਕਿ ਉਨਾਂ ਰੇਲਵੇ ਸਟੇਸ਼ਨ ਬਰਨਾਲਾ ਦੇ ਬਿਲਕੁਲ ਨਜ਼ਦੀਕ , ਜਿੱਥੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਅਤੇ ਨਹਿਰੂ ਵਿੱਚ ਪੁਲਿਸ ਦਾ ਨਾਕਾ ਵੀ ਹੁੰਦੈ, ਇਸ ਤੋਂ ਇਲਾਵਾ ਪੀਸੀਆਰ ਮੁਲਾਜਮ ਵੀ ਚੌਂਕ ਵਿੱਚ ਹਮੇਸ਼ਾਂ ਤਾਇਨਾਤ ਰਹਿੰਦੇ ਹਨ। ਇਸ ਦੇ ਬਾਵਜੂਦ ਵੀ ਚੋਰੀਆਂ ਦਾ ਹੋਣਾ, ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਹੈ। 
         ਇੱਕ ਦੁਕਾਨਦਾਰ ਨੇ ਕਿਹਾ ਕਿ ਉਸ ਦੀ ਰਿਹਾਇਸ਼ ਵੀ ਦੁਕਾਨ ਦੇ ਉੱਪਰ ਹੀ ਹੈ, ਫਿਰ ਵੀ ਚੋਰ ਉੱਪਰ ਦਾ ਦਰਵਾਜਾ ਤੋੜ ਕੇ ਉਹਨਾਂ ਦੀ ਅਲਮਾਰੀ ਵਿੱਚੋਂ ਨਗਦੀ ਚੋਰੀ ਕਰਕੇ ਲੈ ਗਏ। ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਬਰਨਾਲਾ ਵਿੱਚ ਅਮਨ ਕਾਨੂੰਨ ਦੀ ਹਾਲਤ ਹਰ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਚੋਰਾਂ ਨੂੰ ਪੁਲਿਸ ਦਾ ਭੋਰਾ ਵੀ ਭੈਅ ਨਹੀਂ ਹੈ। ਉਲਟਾ ਲੋਕ ਜਰੂਰ ਖੌਫਜਦਾ ਹਨ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦੀ ਕਾਬੂ ਕਰਕੇ, ਸਖਤ ਸਜਾ ਦੇਣ ਅਤੇ ਚੋਰੀ ਕੀਤੀ ਮਾਲ ਅਤੇ ਕੈਸ਼ ਬਰਾਮਦ ਕਰਨ ਦੀ ਮੰਗ ਵੀ ਕੀਤੀ।
           ਥਾਣਾ ਸਿਟੀ 1 ਬਰਨਾਲਾ ਦੀ ਐਸਐਚਓ ਐਸ.ਆਈ. ਮਨਪ੍ਰੀਤ ਕੌਰ ਨੇ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਤੇ ਪਹੁੰਚ ਕੇ, ਮੌਕਾ ਵਾਰਦਾਤ ਦਾ ਜਾਇਜਾ ਲਿਆ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਪਾਰਟੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ, ਸੀਸੀਟੀਵੀ ਫੁਟੇਜ ਨੁੰ ਖੰਗਾਲ ਕੇ, ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜਦੋਂ ਉਨਾਂ ਲੋਕਾਂ ਨੂੰ ਇਹ ਭਰੋਸਾ ਦਿੱਤਾ ਤਾਂ ਕੋਲ ਹੀ ਖੜੇ ਇੱਕ ਵਪਾਰੀ ਨੇ ਕਿਹਾ ਕਿ 10 ਦਿਨ ਪਹਿਲਾਂ ਰਾਮਬਾਗ ਰੋਡ ਤੇ ਹੋਈ ਚੋਰੀ ਦੀ ਵਾਰਦਾਤ ਵਾਲੇ ਕਿਹੜਾ ਪੁਲਿਸ ਨੇ ਫੜ੍ਹੇ ਹਨ। ਫਿਰ ਵੀ ਐਸਐਚਓ ਨੇ ਬੜੇ ਠਰੰਮੇ ਨਾਲ ਲੋਕਾਂ ਨੂੰ ਸਮਝਾਇਆ ਕਿ ਪੁਲਿਸ ਪਿਛਲੇ ਦਿਨੀਂ ਅਜਾਦੀ ਦਿਹਾੜੇ ਦੇ ਸਮਾਗਮਾਂ ਕਰਕੇ ਅਤੇ ਕੁੱਝ ਹੋਰ ਲਾਅ ਐਂਡ ਆਰਡਰ ਦੀ ਹਾਲਤ ਨੂੰ ਕੰੰਟਰੋਲ ਕਰਨ ਵਿੱਚ ਰੁੱਝੀ ਹੋਈ ਸੀ।
         ਪੁਲਿਸ ਸ਼ਹਿਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ। ਚੋਰੀ ਦੀਆਂ ਅੱਜ ਵਾਲੀਆਂ ਵਾਰਦਾਤਾਂ ਦਰਮਿਆਨ ਚੋਰਾਂ ਨੇ ਦੁਕਾਨਾਂ ਦੇ ਪਿੱਛੋਂ ਚੜ ਕੇ, ਵਾਰਦਾਤਾਂ ਕੀਤੀਆਂ ਹਨ। ਅਕਾਲੀ ਆਗੂ ਤੇ ਵਪਾਰੀ ਨੇਤਾ ਜਤਿੰਦਰ ਜਿੰਮੀ ਨੇ ਮੌਕੇ ਤੇ ਪਹੁੰਚ ਕੇ, ਜਿੱਥੇ ਲੋਕਾਂ ਦੇ ਨਾਲ ਖੜ੍ਹਨ ਦਾ ਵਿਸ਼ਵਾਸ ਦਿਵਾਇਆ,ਉੱਥੇ ਪੁਲਿਸ ਦੀ ਕਾਰਗੁਜਾਰੀ ਨੂੰ ਨਾਕਾਫੀ ਦੱਸਦਿਆਂ ਕਿਹਾ ਕਿ ਚੋਰ, ਪੁਲਿਸ ਦੀ ਢਿੱਲ ਮੱਠ ਦਾ ਹੀ ਫਾਇਦਾ ਉਠਾਉਂਦੇ ਹਨ, ਜੇਕਰ ਉਨਾਂ ਨੂੰ ਪੁਲਿਸ ਦਾ ਖੌਫ ਹੋਵੇ ਤਾਂ ਉਹ ਇਲਾਕਾ ਛੱਡ ਕੇ ਹੀ ਭੱਜ ਜਾਣ। ਉਨਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਯੋਗ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਤਾਇਨਾਤ ਕਰਨ ਤਾਂ ਜੋ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। 

Spread Information
Advertisement
error: Content is protected !!