ਬਠਿੰਡਾ ਦਾ ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਕਮੇਟੀ ਨੇ ਖੜਕਾਇਆ ਨਵੇਂ ਡੀਸੀ ਦਾ ਬੂਹਾ
ਅਸ਼ੋਕ ਵਰਮਾ, ਬਠਿੰਡਾ 26 ਅਗਸਤ 2025
ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਕਰ ਰਹੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦੁਕਾਨਦਾਰਾਂ, ਟਰਾਂਸਪੋਰਟਰਾਂ, ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਵਫ਼ਦ ਨੇ ਨਵੇਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮੰਗ ਪੱਤਰ ਦੇ ਕੇ ਬੱਸ ਅੱਡਾ ਤਬਦੀਲ ਨਾ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਅਤੇ ਗੁਰਪ੍ਰੀਤ ਸਿੰਘ ਆਰਟਿਸਟ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਵੀ ਆਖਿਆ ਤੇ ਮਸਲੇ ਦੀ ਗੰਭੀਰਤਾ ਤੋਂ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਆਗੂਆਂ ਦਾ ਕਹਿਣਾ ਸੀ ਕਿ ਮੌਜੂਦਾ ਬੱਸ ਅੱਡਾ ਇੱਕ ਤਰਾਂ ਨਾਲ ਸ਼ਹਿਰ ਦੀ ਧੜਕਨ ਹੈ ਅਤੇ ਆਮ ਲੋਕਾਂ ਨੂੰ ਲੁੜੀਂਦੀਆਂ ਸਮੂਹਾਂ ਸੁਵਿਧਾਵਾਂ ਨਾਲ ਭਰਪੂਰ ਹੈ। 
ਉਨ੍ਹਾਂ ਕਿਹਾ ਕਿ ਕੁੱਝ ਕਾਲੋਨਾਈਜ਼ਰ ਅਤੇ ਭੂਮਾਫੀਆ ਨਾਲ ਜੁੜੇ ਕਥਿਤ ਸਿਆਸੀ ਸਰਪ੍ਰਸਤੀ ਹਾਸਲ ਲੋਕ ਇਸ ਨੂੰ ਉਜਾੜ ਕੇ ਸ਼ਹਿਰ ਤੋਂ ਦੂਰ ਲਿਜਾਣਾ ਚਾਹੁੰਦੇ ਹਨ, ਜੋ ਕਿ ਬਿਲਕੁਲ ਹੀ ਅਸੁਰੱਖਿਅਤ ਥਾਂ ਹੈ। ਕੌਂਸਲਰ ਸੰਦੀਪ ਬੌਬੀ ਅਤੇ ਨੰਬਰਦਾਰ ਕੰਵਲਜੀਤ ਭੰਗੂ ਨੇ ਕਿਹਾ ਕਿ ਲੋਕ ਹਿਤਾਂ ਲਈ ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਇੱਕ ਗਲਤ ਫ਼ੈਸਲੇ ਨਾਲ ਲੋਕ ਪਰੇਸ਼ਾਨ ਨਾ ਹੋਣ ਅਤੇ ਸ਼ਹਿਰ ਵਿੱਚ ਲੋਕਲ ਟਰਾਂਸਪੋਰਟ ਕਾਰਨ ਆਵਾਜਾਈ ਦੀ ਸਮੱਸਿਆ ਨਾ ਵਧੇ। ਬਲਵਿੰਦਰ ਬਾਹੀਆ ਅਤੇ ਅਰਸ਼ਵੀਰ ਸਿੱਧੂ ਨੇ ਕਿਹਾ ਕਿ ਸਰਕਾਰ ਦੇ ਚਾਰ ਵਿਧਾਇਕ ਵੀ ਲਿਖਤ ਰੂਪ ਵਿੱਚ ਬਸ ਅੱਡੇ ਨੂੰ ਮੌਜੂਦਾ ਥਾਂ ਤੇ ਰੱਖਣ ਦਾ ਸਮਰਥਨ ਕਰ ਚੁੱਕੇ ਹਨ ਜਿਸ ਨੂੰ ਵੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ।
ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਕਿਹਾ ਕਿ ਜਿੱਥੇ ਪੂਰਾ ਸ਼ਹਿਰ, ਆਸਪਾਸ ਦੇ ਲੋਕ ਅਤੇ ਵਿਧਾਇਕ ਬੱਸ ਅੱਡੇ ਨੂੰ ਮੌਜੂਦਾ ਥਾਂ ਤੇ ਰੱਖਣ ਦੇ ਹੱਕ ਵਿੱਚ ਹਨ, ੳੱਥੇ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਹਿਰੀ ਹਲਕੇ ਤੋਂ ਵਿਧਾਇਕ ਲੋਕਾਂ ਦੀ ਸਲਾਹ ਅਤੇ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਬੱਸ ਸਟੈਂਡ ਨੂੰ ਕਈ ਕਿਲੋਮੀਟਰ ਦੂਰ ਲਿਜਾਣ ਦੇ ਪੱਖ ਵਿੱਚ ਭੁਗਤ ਰਿਹਾ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਇਹ ਆਮ ਲੋਕਾਂ ਨਾਲ ਧੱਕੇਸ਼ਾਹੀ ਹੈ। ਜਿਸ ਨੂੰ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਸੰਘਰਸ਼ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਰਾਇ ਅਤੇ ਸਾਰਿਆਂ ਪਹਿਲੂਆਂ ਤੇ ਵਿਚਾਰ ਕਰਕੇ ਸਰਕਾਰ ਨੂੰ ਰਿਪੋਰਟ ਦਿੱਤੀ ਜਾਵੇਗੀ ਅਤੇ ਲੋਕਾਂ ਦੀ ਰਾਇ ਅਨੁਸਾਰ ਹੀ ਫ਼ੈਸਲਾ ਲਿਆ ਜਾਏਗਾ।








