ਜਦੋਂ ਜੱਜ ਦੇ ਪਤੀ ਨੇ ਕੁੱਟਿਆ ਸੁਰੱਖਿਆ ‘ਚ ਤੈਨਾਤ ASI
ਹਾਈਕੋਰਟ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ
ਹਰਿੰਦਰ ਨਿੱਕਾ , ਬਰਨਾਲਾ 24 ਅਪ੍ਰੈਲ 2023
ਬਰਨਾਲਾ ਅਦਾਲਤ ਦੀ ਇੱਕ ਜੱਜ ਦੀ ਸੁਰੱਖਿਆ ‘ਚ ਤੈਨਾਤ ਏ.ਐਸ.ਆਈ. ਨੂੰ ਜੱਜ ਦੇ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਣ ‘ਤੇ ਜਾਤੀ ਤੌਰ ਪਰ ਜਲੀਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਤਿਆਚਾਰ ਤੋਂ ਪੀੜਤ ਸਹਾਇਕ ਥਾਣੇਦਾਰ ਨੇ ਘਟਨਾ ਦੀ ਸ਼ਕਾਇਤ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ,ਮੁੱਖ ਮੰਤਰੀ ਪੰਜਾਬ ,ਮਨੁੱਖੀ ਅਧਿਕਾਰ ਕਮਿਸ਼ਨ , ਅਨੁਸੂਚਿਤ ਜਾਤੀ ਕਮਿਸ਼ਨ ਤੋਂ ਇਲਾਵਾ ਪੰਜਾਬ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਭੇਜ ਕੇ ਇਨਸਾਫ ਲਈ ਫਰਿਆਦ ਕੀਤੀ ਹੈ। ਪਰੰਤੂ ਕੁੱਟਮਾਰ ਦੀ ਘਟਨਾ ਦੇ ਪੰਜ ਦਿਨ ਬਾਅਦ ਵੀ ਹਾਲੇ ਤੱਕ ਕਿਸੇ ਪਾਸਿਉਂ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਆਉਂਦੀ ਨਜ਼ਰ ਨਹੀਂ ਪਈ। ਕੁੱਟਮਾਰ ਤੋਂ ਇਲਾਵਾ ਸ਼ਕਾਇਤ ਵਿੱਚ ਹੋਰ ਵੀ ਕਈ ਤਰਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਕੀ ਐ ਪੂਰਾ ਮਾਮਲਾ ਤੇ ਕਿਉਂ ਕੀਤੀ ਕੁੱਟਮਾਰ
ਸਹਾਇਕ ਥਾਣੇਦਾਰ ਜਗਰਾਜ ਸਿੰਘ ਨੇ ਦੁਰਖਾਸਤ ਵਿੱਚ ਲਿਖਿਆ ਹੈ ਕਿ ਉਹ ਮਾਨਯੋਗ ਸ੍ਰੀਮਤੀ ਸੁਚੇਤਾ ਅਸ਼ੀਸ਼ਦੇਵ, ਸੀ.ਜੇ.ਐਮ. ਬਰਨਾਲਾ ਨਾਲ ਇੱਕ ਫਰਵਰੀ 2023 ਤੋਂ ਬਤੌਰ ਗੰਨਮੈਨ ਡਿਊਟੀ ਕਰ ਰਿਹਾ ਹੈ। ਡਿਊਟੀ ਦੇ ਪਹਿਲੇ ਦਿਨ ਤੋਂ ਹੀ ਮਾਨਯੋਗ ਜੱਜ ਸਾਹਿਬ ਦੇ ਪਤੀ ਅਸ਼ੀਸ਼ਦੇਵ ਦੁਆਰਾ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਿਤੀ 20/04/2023 ਨੂੰ ਉਹ ਆਪਣੀ ਡਿਊਟੀ ਪਰ ਹਾਜ਼ਰ ਸੀ ਤਾਂ ਉਸ ਨੂੰ ਜੱਜ ਸਾਹਿਬ ਦੇ ਪਤੀ ਅਸ਼ੀਸ਼ਦੇਵ ਵੱਲੋਂ ਆਪਣੀ ਕਾਰ ਦੇ ਨਵੇਂ ਟਾਇਰ ਪਾਉਣ ਲਈ ਟਾਇਰਾਂ ਦਾ ਰੇਟ ਪਤਾ ਕਰਨ ਵਾਸਤੇ ਬਜ਼ਾਰ ਭੇਜਿਆ ਗਿਆ ਸੀ। ਉਹ ਬਜ਼ਾਰ ਤੋਂ ਰੇਟ ਪਤਾ ਕਰਕੇ ਵਾਪਿਸ ਆ ਰਿਹਾ ਸੀ, ਜਦੋਂ ਉਹ ਮਾਨਯੋਗ ਜੱਜ ਸਾਹਿਬਾਨ ਦੀ ਰਿਹਾਇਸ਼ ਦੇ ਮੇਨ ਗੇਟ ਪਾਸ ਪੁੱਜਾ ਤਾਂ ਉੱਥੇ ਅਸ਼ੀਸ਼ਦੇਵ ਵੀ ਆਪਣੀ ਕਾਰ ਸਮੇਤ ਮਿਲਿਆ, ਜਿਨ੍ਹਾਂ ਨੇ ਉਸ ਨੂੰ ਕਿਹਾ,, ਕੀ ਗੱਲ ਇੰਨਾ ਟਾਇਮ ਕਿਵੇਂ ਲੱਗ ਗਿਆ ? ਏ.ਐਸ.ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਬਜ਼ਾਰ ਵਿੱਚ ਕਾਫੀ ਦੁਕਾਨਾਂ ਤੋਂ ਰੇਟ ਪਤਾ ਕਰਕੇ ਆਇਆ ਹੈ। ਅਸ਼ੀਸ਼ਦੇਵ ਮੇਰੀ ਕੋਈ ਗੱਲ ਸੁਣੇ ਵਗੈਰ ਹੀ ਤੈਸ਼ ਵਿੱਚ ਆ ਕੇ ਮੇਰੀ ਪਹਿਣੀ ਵਰਦੀ ਵਿੱਚ ਹੀ ਮੈਨੂੰ ਗੁਲਾਮੇ ਤੋਂ ਫੜ੍ਹਕੇ ਗਾਲੀ ਗਲੋਚ ਕਰਨ ਲੱਗਿਆ ਅਤੇ ਕਿਹਾ ਕਿ ਤੇਰੇ ਵਰਗੇ ਪਤਾ ਨੀ, ਕਿੰਨੇ ਕੁ ਆਏ ਤੇ ਗਏ, ਮੇਰੇ ਨਾਲ ਡਿਊਟੀ ਕਰ ਨਹੀਂ ਤਾਂ ਡਿਸ਼ਮਿਸ ਕਰਵਾ ਦੇਵਾਂਗਾ ਅਤੇ ਉਸ ਨੇ ਜਾਤੀ ਪ੍ਰਤੀ ਅਪਸ਼ਬਦ ਵੀ ਬੋਲੇ, ਜੋ ਰੌਲਾ ਸੁਣਕੇ ਮੇਨ ਗੇਟ ਪਰ ਤਾਇਨਾਤ ਗਾਰਦ ਦੇ ਕਰਚਮਾਰੀਆਂ ਨੇ ਮੈਨੂੰ ਅਸ਼ੀਸ਼ਦੇਵ ਤੋਂ ਛੁਡਾਇਆ ਤੇ ਅਸ਼ੀਸ਼ਦੇਵ ਨੂੰ ਗੱਡੀ ਵਿੱਚ ਬਿਠਾ ਦਿੱਤਾ। ਫਿਰ ਜਦੋਂ ਮੈਂ ਆਪਣਾ ਮੋਟਰਸਾਇਕਲ ਸਟਾਰਟ ਕਰਕੇ ਜਾਣ ਲੱਗਾ ਤਾਂ ਅਸ਼ੀਸ਼ ਦੇਵ ਨੇ ਮੇਰੇ ਤੋਂ ਮੇਰੇ ਮੋਟਰਸਾਇਕਲ ਦੀ ਚਾਬੀ ਖੋਹਕੇ ਮੋਟਰਸਾਇਕਲ ਸਟਾਰਟ ਕਰਕੇ ਆਪਣੀ ਰਿਹਾਇਸ਼ ਅੰਦਰ ਲਗਾ ਦਿੱਤਾ। ਅਸ਼ੀਸ਼ਦੇਵ ਗੁੱਸੇ ਵਿੱਚ ਆ ਕੇ ਦੁਬਾਰਾ ਫਿਰ ਮੇਰੇ ਨਾਲ ਗਾਲੀ ਗਲੋਚ ਕਰਨ ਲੱਗਿਆ, ਧੱਕੇ ਨਾਲ ਮੇਰਾ ਸਰਕਾਰੀ ਪਿਸਟਲ ਖੋਹਣ ਲੱਗਾ ਅਤੇ ਧੱਕੇ ਨਾਲ ਮੈਨੂੰ ਆਪਣੀ ਗੱਡੀ ਵਿੱਚ ਬਿਠਾਉਣ ਲੱਗਾ ਤਾਂ ਗਾਰਦ ਪਰ ਤਾਇਨਾਤ ਹੌਲਦਾਰ ਕੇਸ਼ਰ ਸਿੰਘ ਅਤੇ ਹੌਲਦਾਰ ਰਣਜੀਤ ਸਿੰਘ ਨੇ ਮੈਨੂੰ ਅਸ਼ੀਸ਼ਦੇਵ ਤੋਂ ਬੜੀ ਮੁਸਕਿਲ ਨਾਲ ਛੁਡਵਾਇਆ ਤਾਂ ਅਸ਼ੀਸ਼ਦੇਵ ਆਪਣੀ ਕਾਰ ਵਿੱਚ ਬੈਠਕੇ ਮੈਨੂੰ ਧਮਕੀਆਂ ਦਿੰਦਾ ਹੋਇਆ ਉੱਥੋਂ ਚਲਾ ਗਿਆ।
ਡਿਊਟੀ ਤੋਂ ਇਲਾਵਾ ਕਰਵਾਉਂਦੇ ਨੇ ਘਰੇਲੂ ਕੰਮਕਾਰ!
ਏ.ਐਸ.ਆਈ. ਜਗਰਾਜ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਜਿੰਨਾਂ ਚਿਰ ਮੈਂ ਜੱਜ ਸਾਹਿਬ ਨਾਲ ਗੰਨਮੈਨ ਡਿਊਟੀ ਕੀਤੀ ਹੈ ਤਾਂ ਇਹ ਮੇਰੇ ਪਾਸੋਂ ਹਰ ਰੋਜ਼ ਵਰਦੀ ਵਿੱਚ ਧੱਕੇ ਨਾਲ ਆਪਣਾ ਘਰੇਲੂ ਵੀ ਕੰਮ ਕਰਵਾਉਂਦੇ ਸਨ, ਜੋ ਮੈਂ ਡਰ ਦੇ ਵਿੱਚ ਇਹ ਕੰਮ ਕਰ ਦਿੰਦਾ ਸੀ ਕਿਉਂਕਿ ਮੇਰੀ ਸਰਵਿਸ ਸਿਰਫ ਇੱਕ ਸਾਲ ਹੀ ਰਹਿ ਗਈ ਹੈ । ਜਗਰਾਜ ਸਿੰਘ ਨੇ ਦੱਸਿਆ ਕਿ ਮੈਂ ਜੱਜ ਸਾਹਿਬ ਨੂੰ ਮਾਨਯੋਗ ਡੀ.ਜੀ.ਪੀ. ਸਾਹਿਬ ਦੇ ਹੁਕਮ ਨੰ: 678-705/ਡੀ.ਡੀ.ਐਸ.ਬੀ.-5 ਮਿਤੀ 08/01/2018 ਅਤੇ ਡੀ.ਜੀ.ਪੀ. ਸੁਰੱਖਿਆ ਪੰਜਾਬ ਜੀ ਦੇ ਹੁਕਮ ਨੰਬਰ 47102-30/ਡੀ.ਡੀ.ਐਸ.ਬੀ.-4 (ਸੀ.ਸੀ.) ਮਿਤੀ 03/10/2022 ਬਾਰੇ ਜਾਣੂ ਕਰਵਾ ਦਿੱਤਾ ਕਿ ਤੁਸੀ ਮੇਰੇ ਤੋਂ ਘਰੇਲੂ ਕੰਮਕਾਰ ਨਹੀਂ ਕਰਵਾ ਸਕਦੇ।
ਜੱਜ ਦੇ ਹੁਣ ਤੱਕ ਬਦਲ ਚੁੱਕੇ ਨੇ 40 ਗੰਨਮੈਨ !
ਜੁਗਰਾਜ ਸਿੰਘ ਨੇ ਆਪਣੀ ਦੁਰਖਾਸਤ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਉਸ ਤੋਂ ਪਹਿਲਾਂ ਕਰੀਬ 40 ਗੰਨਮੈਨ ਜੱਜ ਸਾਹਿਬ ਨਾਲ ਡਿਊਟੀ ਕਰਕੇ ਉਹਨਾਂ ਦੇ ਪਤੀ ਅਸ਼ੀਸ਼ਦੇਵ ਦੇ ਬੁਰੇ ਵਿਵਹਾਰ ਕਰਕੇ ਬਦਲ ਚੁੱਕੇ ਹਨ । ਜਿਨ੍ਹਾਂ ਵਿੱਚੋਂ ਇਹ ,ਕੁੱਝ ਪੁਲਿਸ ਕਰਮਚਾਰੀਆਂ ਦੇ ਖਿਲਾਫ ਵੀ ਲਿਖ ਕੇ ਵੀ ਭੇਜ ਚੁੱਕੇ ਹਨ। ਜਿਸ ਸਬੰਧੀ ਪੁਲਿਸ ਕਰਮਚਾਰੀ, ਮਹਿਕਮਾ ਪੁਲਿਸ ਪਾਸ ਆਪਣੇ-ਆਪਣੇ ਬਿਆਨ ਅਤੇ ਸਬੰਧਿਤ ਰਿਕਾਰਡ ਵੀ ਦੇ ਚੁੱਕੇ ਹਨ । ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਮੈਨੂੰ ਡਰ ਹੈ ਕਿ ਮਾਨਯੋਗ ਜੱਜ ਸਾਹਿਬ ਅਤੇ ਉਹਨਾਂ ਦੇ ਪਤੀ ਅਸ਼ੀਸ਼ਦੇਵ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ,ਮੇਰਾ ਜਾਨੀ ਵਾ ਮਾਲੀ ਅਤੇ ਮਹਿਕਮਾ ਪੁਲਿਸ ਵਿੱਚ ਨੁਕਸਾਨ ਕਰਵਾ ਸਕਦੇ ਹਨ। ਪੀੜਤ ਏ.ਐਸ.ਆਈ. ਜੁਗਰਾਜ ਸਿੰਘ ਨੇ ਇਨਸਾਫ ਤੇ ਕਾਨੂੰਨੀ ਕਾਰਵਾਈ ਲਈ, ਚੀਫ ਜਸਟਿਸ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ, ਚੰਡੀਗੜ੍ਹ , ਮਾਨਯੋਗ ਮੁੱਖ ਮੰਤਰੀ, ਪੰਜਾਬ , ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ , ਕਮਿਸ਼ਨ ਅਨੁਸੂਚਿਤ ਜਾਤੀਆਂ ਅਤੇ ਕਬੀਲਿਆ, ਪੰਜਾਬ, ਚੰਡੀਗੜ੍ਹ , ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ, ਚੰਡੀਗੜ੍ਹ ਅਤੇ ਜਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਲਿਖਤੀ ਸ਼ਕਾਇਤਾਂ ਭੇਜ ਦਿੱਤੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਬੇਇਨਸਾਫੀ ਅਤੇ ਅੱਤਿਆਚਾਰ ਦਾ ਸ਼ਿਕਾਰ ਏ.ਐਸ.ਆਈ. ਨੂੰ ਕੌਣ ਤੇ ਕਦੋਂ ਤੱਕ ਇਨਸਾਫ ਦੇਵੇਗਾ।