ਪੁਲਿਸ ਦੇ ਹੱਥੇ ਚੜ੍ਹਿਆ, ਬਹੁਕਰੋੜੀ ਠੱਗ ਗਿਰੋਹ, 6 ਜਣੇ ਗ੍ਰਿਫਤਾਰ…
67 Mobile,18 ATM ,17 Sim ਤੇ ਹੋਰ ਸਮਾਨ ਬਰਾਮਦ, ਕਈ ਹੋਰ ਚਿਹਰੇ ਵੀ ਹੋਣਗੇ ਬੇਨਕਾਬ
ਹਰਿੰਦਰ ਨਿੱਕਾ, ਬਰਨਾਲਾ 20 ਜੂਨ 2025
ਸੂਬੇ ਦੀ ਰਾਜਧਾਨੀ ਦੇ ਐਨ ਬੁੱਕਲ ‘ਚ ਵਸੇ ਜੀਰਕਪੁਰ ਵਿੱਚ ਬਹਿ ਕੇ ਹੀ ਭੋਲੇ-ਭਾਲੇ ਲੋਕਾਂ ਨੂੰ ਲੋਨ ਦਿਵਾਉਣ ਦੇ ਨਾਂ ਤੇ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਇੱਕ ਵੱਡੇ ਅੰਤਰਰਾਜੀ ਗਿਰੋਹ ਦਾ ਪੁਲਿਸ ਨੇ ਭਾਂਡਾ ਭੰਨਿਆ ਹੈ। ਬੇਸ਼ੱਕ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਵਾਸੀ ਜੀਰਕਪੁਰ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੀ ਹੈ,ਪਰੰਤੂ ਪੁਲਿਸ ਨੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗਿਰੋਹ ਦੇ ਮੈਂਬਰ ਆਪਣੇ ਖਾਤਿਆਂ ਵਿੱਚ ਹਰ ਮਹੀਨੇ ਕਰੋੜਾਂ ਰੁਪਏ ਦਾ ਲੈਣ ਦੇਣ ਕਰਦੇ ਰਹੇ ਹਨ। ਇਸ ਗਿਰੋਹ ਦੇ ਖਿਲਾਫ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ 60 ਤੋਂ ਜਿਆਦਾ ਸ਼ਕਾਇਤਾਂ ਦਰਜ ਹਨ। 
ਮੀਡੀਆ ਨੂੰ ਮੁਖਾਤਿਬ ਹੁੰਦਿਆਂ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸ਼ਰਫਰਾਜ਼ ਆਲਮ IPS ਨੇ ਦੱਸਿਆ ਕਿ ਅਸ਼ੋਕ ਕੁਮਾਰ PPS ਕਪਤਾਨ ਪੁਲਿਸ (ਡੀ.), ਰਾਜੇਸ਼ ਛਿੱਬਰ PPS ਕਪਤਾਨ ਪੁਲਿਸ (ਐੱਚ) ਅਤੇ ਸ੍ਰੀ ਜਤਿੰਦਰਪਾਲ ਸਿੰਘ PPS ਉਪ-ਕਪਤਾਨ ਪੁਲਿਸ (ਸਾਈਬਰ ਕਰਾਈਮ) ਦੀ ਅਗਵਾਈ ਹੇਠ ਇੰਸ: ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਬਰਨਾਲਾ ਵੱਲੋਂ ਕਾਰਵਾਈ ਕਰਦੇ ਹੋਏ, ਫੇਸਬੁੱਕ ਅਤੇ ਹੋਰ ਸ਼ੋਸਲ ਮੀਡੀਆ ਪਲੇਟਫਾਰਮ ਪਰ ਜਾਅਲੀ ਫਰਮਾਂ ਬਣਾ ਕੇ ਲੋਨ ਕਰਵਾਉਣ ਦੇ ਨਾਮ ਪਰ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੰਟਰ-ਸਟੇਟ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ ਹੈ। ਥਾਣਾ ਸਾਈਬਰ ਕਰਾਈਮ, ਬਰਨਾਲਾ ਵਿਖੇ ਲੋਨ ਕਰਵਾਉਣ ਦੇ ਨਾਮ ਪਰ ਠੱਗੀ ਮਾਰਨ ਸਬੰਧੀ ਆਨਲਾਇਨ ਪੋਰਟਲ 1930 ਪਰ ਦਰਖਾਸਤ ਪ੍ਰਾਪਤ ਹੋਈ ਸੀ। ਜਿਸ ਸਬੰਧੀ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ। ਮੁਕੱਦਮਾਂ ਉਕਤ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ ਪੁਲਿਸ ਟੀਮ ਨੇ ਕਾਲ ਸੈਂਟਰ ਢਕੋਲੀ, ਜ਼ੀਰਕਪੁਰ ਵਿਖੇ ਰੇਡ ਕਰਕੇ ਮੁਕੱਦਮਾ ਦੇ 6 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਕਬਜੇ ਵਿੱਚੋਂ 67 ਮੋਬਾਇਲ ਫੋਨ,18 ATM, 17 ਸਿੰਮ ਕਾਰਡ, 1 ਲੈਪਟਾਪ ,1 CPU ਅਤੇ 55 ਹਜ਼ਾਰ ਰੁਪਏ ਨਗਦ ਕੈਸ਼ ਬਰਾਮਦ ਕੀਤਾ ਗਿਆ ਹੈ। ਜਦੋਂਕਿ ਗਿਰੋਹ ਦੇ ਮੁਖ ਸਰਗਨੇ ਦੀ ਤਲਾਸ਼ ਹਾਲੇ ਜ਼ਾਰੀ ਹੈ।
ਕੌਣ ਕੌਣ ਦੋਸ਼ੀ ਚੜ੍ਹਿਆ ਪੁਲਿਸ ਦੇ ਹੱਥੇ…
1. Pawan Kumar S/o Naresh Kumar R/o Near Masjid, Mubarkpur Distt. SAS Nagar
2. Bhawan Mewara S/o Narpat Singh Mevara R/o Sector-3F Vaishali, Gajiabad (Uttar Pradesh) Now New Sada Mochio Ki Gali, Jodhpur (Rajashthan)
3. Ambika D/o Baby Ram R/o Diarmoli Tehsil Rorru District Shimla (Himachal Pradesh)
4. G Chinna Reddy S/o Viswesara Readdy R/o Malepadu, Kadapa (Andhra Pradesh)
5. Jada Veera Siva Bhagyaraj s/o Jada Rammohan Rao R/o 4-37, Pedda Veedhi, Kajuluru Mandal, Gollapalem, Kakinada (Andhra Pradesh)
6. Kona Chiranjeevi S/o K. Manikanta R/o D.No. 144, Yenoada, Varangari colony Vishakhapatnam (Andhra Pradesh)
ਹੁਣ ਤੱਕ ਦੀ ਤਫਤੀਸ਼ ਵਿੱਚ ਕੀ ਹੋਇਆ..
ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਮੁੱਕਦਮੇ ਦੀ ਤਫਸ਼ੀਲ ਦਿੰਦਿਆਂ ਕਿਹਾ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ
ਆਈ ਹੈ ਕਿ ਉਕਤ ਗਿਰੋਹ ਕਾਲ ਸੈਂਟਰ ਰਾਂਹੀ ਸਾਲ-2023 ਤੋਂ ਲੈ ਕੇ ਹੁਣ ਤੱਕ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਆ ਰਿਹਾ ਹੈ। ਜਿਸ ਸਬੰਧੀ ਸਾਈਬਰ ਕਰਾਈਮ ਪੋਰਟਲ (1930) ਪਰ ਚੈੱਕ ਕਰਨ ਤੇ ਪਾਇਆ ਗਿਆ ਕਿ ਉਕਤ ਗਿਰੋਹ ਦੇ ਖਿਲਾਫ ਕਰੀਬ 60 ਤੋਂ ਵੱਧ ਦਰਖਾਸਤਾਂ ਪੰਜਾਬ ਸਟੇਟ ਤੋਂ ਇਲਾਵਾ ਆਂਧਰਾ ਪ੍ਰਦੇਸ, ਗੁਜਰਾਤ, ਤੇਲੰਗਾਨਾ, ਗੋਆ, ਕਰਨਾਟਕਾ ਆਦਿ ਸਟੇਟਾ ਵਿੱਚ ਦਰਜ ਹਨ। ਇਸ ਗਿਰੋਹ ਵੱਲੋਂ ਹਰ ਮਹੀਨੇ ਕਰੀਬ 1 ਕਰੋੜ ਦੇ ਲੱਗਭੱਗ ਰੁਪਏ ਵੱਖ-ਵੱਖ ਬੈਂਕ ਖਾਤਿਆ ਰਾਂਹੀ ਕੈਸ ਕਢਵਾਉਣ ਸਬੰਧੀ ਤੱਥ ਸਾਹਮਣੇ ਆਏ ਹਨ। ਜਿਸ ਅਨੁਸਾਰ ਹੁਣ ਤੱਕ ਇਹ ਗਿਰੋਹ ਸੈਂਕੜੇ ਲੋਕਾਂ ਨਾਲ ਕਰੀਬ 20 ਤੋਂ 22 ਕਰੋੜ ਰੁਪਏ ਤੱਕ ਦੀ ਠੱਗੀ ਮਾਰ ਚੁੱਕਾ ਹੈ। ਇਸ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਜੀਰਕਪੁਰ ਹੈ, ਜੋ ਕਿ ਅਜੇ ਤੱਕ ਫਰਾਰ ਹੈ।
ਲਗਜ਼ਰੀ ਲਾਈਫ ਜਿਊਂਦਾ ਹੈ ਅਮਿਤ..
ਐਸਐਸਪੀ ਆਲਮ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਸਰਗਨਾ ਅਮਿਤ ਕੁਮਾਰ ਬਹੁਤ ਹੀ ਲਗਜ਼ਰੀ ਜਿੰਦਗੀ ਜਿਊਂਦਾ ਹੈ। ਉਸ ਕੋਲ ਜੀਰਕਪੁਰ ਦੇ ਪੋਸ਼ ਇਲਾਕੇ ਵਿੱਚ 2 ਫਲੈਟ, 1 ਜਿੰਮ ਅਤੇ ਲਗਜ਼ਰੀ ਗੱਡੀਆਂ ਵਗੈਰਾ ਹੋਣੀਆ ਸਾਹਮਣੇ ਆਈਆ ਹਨ। ਉਨਾਂ ਕਿਹਾ ਕਿ ਜਿਸ ਸਬੰਧੀ ਹੋਰ ਡੂੰਘਾਈ ਨਾਲ ਤਫਤੀਸ਼ ਜ਼ਾਰੀ ਹੈ। ਮੁਹੰਮਦ ਆਲਮ ਨੇ ਕਿਹਾ ਕਿ ਇਸ ਤੋਂ ਇਲਾਵਾ ਗਿਰੋਹ ਨਾਲ ਸਬੰਧਤ ਹੋਰ ਵਿਅਕਤੀਆਂ ਦੀ ਸਮੂਲੀਅਤ ਬਾਰੇ, ਬ੍ਰਾਮਦ ਹੋਏ ਏ.ਟੀ.ਐੱਮ, ਮੋਬਾਇਲ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਗਿਰੋਹ ਸਬੰਧੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਹਨ। ਉਨਾਂ ਕਿਹਾ ਕਿ ਤਫਤੀਸ਼ ਦੌਰਾਨ ਜੋ ਹੋਰ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਅਮਿਤ ਕੁਮਾਰ ਅਤੇ ਭਵਨ ਮੇਵਾੜਾ ਖਿਲਾਫ ਪਹਿਲਾਂ ਵੀ ਥਾਣਾ ਜੀਰਕਪੁਰ ਵਿਖੇ FIR No.159 dated 08.06.2023 u/s 420,406,465,466,467,468,471,474 IPC ਦਰਜ ਹੈ ਅਤੇ ਦੋਸ਼ੀ G Chinna Reddy ਖਿਲਾਫ FIR No.65/2021 u/s 302,147,148 IPC PS B.Mattam, Andhra Pradesh ਵਿਖੇ ਦਰਜ਼ ਹੈ।







