PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਮੁੱਖ ਪੰਨਾ ਰਾਜਸੀ ਹਲਚਲ

BARNALA ਜਿਮਨੀ ਚੋਣ ਲਈ ਚੋਣ ਅਫਸਰ ਨੇ ਜਾਰੀ ਕਰਤਾ ਵੋਟਰਾਂ ਦਾ ਅੰਕੜਾ..!

Advertisement
Spread Information

ਜ਼ਿਮਨੀ ਚੋਣ: ਬਰਨਾਲਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਹੋ ਗਿਆ ਲਾਗੂ

ਹਰਿੰਦਰ ਨਿੱਕਾ, ਬਰਨਾਲਾ, 16 ਅਕਤੂਬਰ 2024
     ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਹਿੱਸਾ ਲੈਣ ਵਾਲੇ ਸੰਭਾਵਿਤ ਵੋਟਰਾਂ ਦਾ ਅੰਕੜਾ ਜਿਲਾ ਚੋਣ ਅਫਸਰ ਨੇ ਮੀਡੀਆ ਰਾਹੀਂ ਲੋਕਾਂ ਲਈ ਜ਼ਾਰੀ ਕਰ ਦਿੱਤਾ ਹੈ। ਜ਼ਾਰੀ ਕੀਤੇ ਅੰਕੜੇ ਮੁਤਾਬਕ ਬਰਨਾਲਾ ਹਲਕੇ ਵਿੱਚ ਮਹਿਲਾ ਵੋਟਰਾਂ ਤੋਂ ਜਿਆਦਾ ਗਿਣਤੀ ਪੁਰਸ਼ ਵੋਟਰਾਂ ਦੀ ਹੈ। ਕੁੱਲ 180724 ਵੋਟਰਾਂ (ਸਰਵਿਸ ਵੋਟਰਾਂ ਸਣੇ) ਵਿੱਚੋਂ 95578 ਪੁਰਸ਼ ਵੋਟਰ ਹਨ, ਜਦੋਂਕਿ ਮਹਿਲਾ ਵੋਟਰਾਂ ਦੀ ਗਿਣਤੀ 85146 ਹੀ ਹੈ। ਇਸ ਤਰਾਂ ਪੁਰਸ਼ ਵੋਟਰਾਂ ਦੀ ਗਿਣਤੀ ਔਰਤਾਂ ਤੋਂ 10432 ਵਧੇਰੇ ਹੈ। ਹਲਕੇ ਵਿੱਚ ਕਿੰਨਰ/ਮਹੰਤ ਵੋਟਰਾਂ ਦੀ ਸੰਖਿਆ, ਸਿਰਫ 4 ਹੀ ਹੈ ਅਤੇ 3 ਐਨਆਰਆਈ ਵੋਟਰ ਵੀ ਹਨ, ਇਨਾਂ ਵਿੱਚੋਂ ਇੱਕ ਮਹਿਲਾ ਤੇ ਦੋ ਪੁਰਸ਼ ਵੋਟਰ ਸ਼ਾਮਿਲ ਹਨ। 18 ਤੋਂ 19 ਸਾਲ ਵਾਲੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ 3484 ਹਨ, ਜਿਸ ਵਿਚ 2194 ਪੁਰਸ਼, 1290 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 85 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰ ਕੁੱਲ 1300 ਹਨ ਜਿਸ ਵਿਚ ਪੁਰਸ਼ 627 ਅਤੇ ਮਹਿਲਾ ਵੋਟਰ 673 ਹਨ।

        ਜਿਲਾ ਚੋਣ ਅਫਸਰ ਨੇ ਮੀਡੀਆ ਲਈ ਜ਼ਾਰੀ ਅੰਕੜਿਆਂ ਵਿੱਚ ਦੱਸਿਆ ਕਿ 14 ਮਈ 2024 ਤੱਕ ਦੀ ਸੁਧਾਈ ਉਪਰੰਤ ਪ੍ਰਕਾਸ਼ਿਤ ਸੂਚੀਆਂ ਅਨੁਸਾਰ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਕੁੱਲ 180724 ਵੋਟਰ ਹਨ। ਜਿਸ ਵਿਚੋਂ ਮਹਿਲਾ ਵੋਟਰ 85146 ਅਤੇ ਪੁਰਸ਼ ਵੋਟਰ 95578 ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿਚ 4 ਟਰਾਂਸਜੈਂਡਰ ਹਨ। ਇਨ੍ਹਾਂ ਵਿਚੋਂ ਸਰਵਿਸ ਵੋਟਰ ਕੁੱਲ 636 ਹਨ, ਜਿਸ ਵਿਚ 621 ਪੁਰਸ਼, 15 ਮਹਿਲਾ ਵੋਟਰ ਹਨ।

     ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨ 212 ਅਤੇ ਪੋਲਿੰਗ ਸਟੇਸ਼ਨ ਲੋਕੇਸ਼ਨਾਂ 84 ਹਨ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰ 1415 ਹਨ, ਜਿਸ ਵਿਚੋਂ ਪੁਰਸ਼ 894 ਅਤੇ ਮਹਿਲਾ ਵੋਟਰ 521 ਹਨ। ਐਨ ਆਰ ਆਈ ਵੋਟਰ 3 ਹਨ ਜਿਸ ਵਿੱਚ 2 ਪੁਰਸ਼ ਅਤੇ 1 ਮਹਿਲਾ ਵੋਟਰ ਹੈ।
        ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਸਬੰਧੀ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਿਕ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ। ਉਨ੍ਹਾਂ ਦੱਸਿਆ ਕਿ 103 ਬਰਨਾਲਾ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਵਾਸਤੇ ਵੋਟਾਂ 13 ਨਵੰਬਰ (ਬੁੱਧਵਾਰ) ਨੂੰ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ 25 ਨਵੰਬਰ, 2024 (ਸੋਮਵਾਰ) ਤੱਕ ਲਾਗੂ ਰਹੇਗਾ। 
           ਉਨ੍ਹਾਂ ਕਿਹਾ ਕਿ ਵੱਖ ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਲਈ ਸੁਵਿਧਾ ਪੋਰਟਲ ਅਤੇ ਸ਼ਿਕਾਇਤਾਂ ਲਈ ਸੀ ਵਿਜਿਲ ਪੋਰਟਲ ਚਾਲੂ ਹੋ ਗਿਆ ਹੈ। ਇਸ ਤੋਂ ਇਲਾਵਾ 3 ਉੱਡਣ ਦਸਤੇ ਸਰਗਰਮ ਹੋ ਗਏ ਹਨ। ਇਸ ਮੌਕੇ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਚੋਣਾਂ ਦੌਰਾਨ ਅਮਨ – ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Spread Information
Advertisement
Advertisement
error: Content is protected !!