Barnala ਹਸਪਤਾਲ ‘ਚ ਆਯੂਸ਼ਮਾਨ ਕਾਰਡ ‘ਜਿਊਂਦੈ’, ਪਰ ਸਾਹ ਨਹੀਂ ਲੈ ਰਿਹਾ

Dr ਮਰੀਜਾਂ ਤੋਂ ਫਾਈਲ ਉੱਤੇ ਹੀ ਲਿਖਾ ਰਿਹਾ ਹੈ ਕਿ….
ਹਰਿੰਦਰ ਨਿੱਕਾ, ਬਰਨਾਲਾ 17 ਦਸੰਬਰ 2025
ਪੰਜਾਬ ਦੇ ਲੋਕਾਂ ਨੂੰ ਫਰੀ ਅਤੇ ਵਧੀਆ ਇਲਾਜ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ੱਕ ਵੱਡੇ ਵੱਡੇ ਬੋਰਡ ਲਾ ਕੇ ਦੱਸ ਰਹੀ ਹੈ, ਕਿ ਸੂਬੇ ਅੰਦਰ ਸਿਹਤ ਸਹੂਲਤਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਆ ਗਈ ਹੈ।

ਪਰੰਤੂ ਸਰਕਾਰੀ ਦਾਅਵਿਆਂ ਤੋਂ ਉਲਟ ਸਿਵਲ ਹਸਪਤਾਲ ਬਰਨਾਲਾ ਵਿੱਚ ਤਾਂ ਲੋਕਾਂ ਨੂੰ ਫਰੀ ਇਲਾਜ ਦੀ ਪਹਿਲਾਂ ਤੋਂ ਜ਼ਾਰੀ ਸਹੂਲਤ ਯਾਨੀ ਆਯੂਸ਼ਮਾਨ ਕਾਰਡ ਵੀ ਨਹੀਂ ਚੱਲਦਾ। ਇਹ ਗੱਲ ਕੋਈ ਵਿਰੋਧੀ ਰਾਜਸੀ ਪਾਰਟੀਆਂ ਵੱਲੋਂ ਸਰਕਾਰ ਦੀ ਬੇਵਜ਼੍ਹਾ ਬਦਨਾਮੀ ਕਰਨ ਲਈ ਨਹੀਂ ਕਹੀ ਜਾ ਰਹੀ। ਸਗੋਂ ਸਿਵਲ ਹਸਪਤਾਲ ਵਿੱਚ ਇਲਾਜ਼ ਕਰਵਾਉਣ ਵਾਲੇ ਡਾਕਟਰਾਂ ਵੱਲੋਂ ਮਰੀਜ ਜਾਂ ਉਸ ਦੇ ਵਾਰਿਸਾਂ ਤੋਂ ਬਕਾਇਦਾ ਉਸ ਦੀ ਫਾਈਲ ਉੱਤੇ ਹੀ ਲਿਖਵਾਈ ਜਾ ਰਹੀ ਹੈ। ਤਾਂਕਿ ਕੋਈ ਮਰੀਜ ਸਰਕਾਰੀ ਹਸਪਤਾਲ ਵਿੱਚ ਫਰੀ ਇਲਾਜ ਨਾ ਕੀਤੇ ਜਾਣ ਸਬੰਧੀ ਸ਼ਕਾਇਤ ਨਾ ਕਰ ਦੇਵੇ।
ਇਸ ਸਬੰਧੀ ਹਸਪਤਾਲ ਵਿੱਚ ਲੰਘੀ ਕੱਲ੍ਹ ਦਾਖਿਲ ਹੋਏ ਇੱਕ ਮਰੀਜ ਦੇ ਵਾਰਿਸ ਨੇ, ਉਸ ਦੀ ਫਾਈਲ ਤੇ ਲਿਖ ਕੇ ਦਿੱਤੇ, ਨੋਟ ਦੀ ਫੋਟੋ ਮੀਡੀਆ ਨੂੰ ਭੇਜੀ ਹੈ। ਬੇਸ਼ੱਕ ਜਿਕਰ ਤਾਂ ਇੱਕ ਵਿਅਕਤੀ ਵੱਲੋਂ ਲਿਖੇ ਦਾ ਕੀਤਾ ਗਿਆ ਹੈ। ਪਰੰਤੂ ਅਜਿਹਾ ਹਰ ਮਰੀਜ ਤੋਂ ਹੀ ਲਿਖਵਾਇਆ ਜਾ ਰਿਹਾ ਹੈ। ਓਧਰ ਸਿਵਲ ਹਸਪਤਾਲ ਦੀ ਐਸਐਮਓ ਡਾਕਟਰ ਇੰਦੂ ਬਾਂਸਲ, ਭਾਂਵੇ ਦਬੀ ਜੁਬਾਨ ਵਿੱਚ ਇਸ ਦੀ ਪੁਸ਼ਟੀ ਤਾਂ ਕਰ ਰਹੀ ਹੈ, ਪਰ ਉਹ ਇਸ ਦੇ ਨਾ ਚੱਲਣ ਦਾ ਕਾਰਣ ਵੀ ਦੱਸਦੀ ਹੈ।
ਇਹ ਲਿਖਾਇਆ ਜਾ ਰਿਹੈ ਮਰੀਜ ਤੋਂ..
16 ਦਸੰਬਰ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਹੋਏ ਮਰੀਜ਼ ਅਮ੍ਰਿਤਪਾਲ ਸਿੰਘ ਦੇ ਭਰਾ ਤੋਂ ਡਾਕਟਰ ਨੇ ਫਾਇਲ ਤੇ ਜੋ ਲਿਖਾਇਆ, ਉਹ ਪਾਠਕਾਂ ਦੇ ਰੂਬਰੂ ਹੈ ਕਿ ਸਾਡੇ ਮਰੀਜ ਅਮ੍ਰਿਤਪਾਲ ਸਿੰਘ ਦਾ ਪੱਟ ਟੁੱਟ ਗਿਆ ਹੈ, ਸਾਨੂੰ ਡਾਕਟਰ ਸਾਹਿਬ ਜੀ ਨੇ ਦੱਸ ਦਿੱਤਾ ਹੈ ਕਿ ਸਰਕਾਰੀ ਹਸਪਤਾਲ ਵਿੱਚ 2/12/25 ਤੋਂ ਕਾਰਡ (ਆਯੂਸ਼ਮਾਨ ਕਾਰਡ) ਬੰਦ ਕੀਤਾ ਹੋਇਆ ਹੈ। ਸਾਨੂੰ ਡਾਕਟਰ ਜੀ ਨੇ ਇਹ ਵੀ ਦੱਸ ਦਿੱਤਾ ਹੈ ਕਿ ਜੇਕਰ ਤੁਸੀਂ ਕਾਰਡ ਉਪਰ ਇਲਾਜ ਕਰਾਉਣਾ ਹੈ ਤਾਂ ਅਸੀਂ ਕਿਸੇ ਹੋਰ ਵੱਡੇ ਹਸਪਤਾਲ ਸਰਕਾਰੀ ਵਿੱਚ ਰੈਫਰ ਕਰ ਸਕਦੇ ਹਾਂ। ਪਰ ਅਸੀਂ ਅਪਣੀ ਮਰਜ਼ੀ ਦੇ ਨਾਲ ਇੱਥੇ ਹੀ ਇਲਾਜ ਕਰਵਾਉਣਾ ਚਾਹੁੰਦੇ ਹਾਂ। ਸਰਕਾਰੀ ਰੇਟ ਦੇ ਉਪਰ ਹੀ ਇਲਾਜ ਕਰਵਾ ਰਹੇ ਹਾਂ। ਜਿਸ ਦੀ ਸਾਨੂੰ ਰਸੀਦ ਵੀ ਦਿੱਤੀ ਗਈ ਹੈ।
SMO ਕਹਿ ਰਹੀ ਹੈ ਕਿ ਕਾਰਡ ਚੱਲ ਵੀ ਰਿਹੈ ਪਰ…!
ਸਿਵਲ ਹਸਪਤਾਲ ਦੀ ਐਸਐਮਓ ਡਾਕਟਰ ਇੰਦੂ ਬਾਂਸਲ ਨੂੰ ਜਦੋਂ ਆਯੂੂਮਾਨ ਕਾਰਡ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਦਾ ਗੋਲ ਮੋਲ ਜੁਆਬ ਵੀ ਕੁੱਝ ਇਸ ਤਰਾਂ ਹੈ,.. ਉਨਾਂ ਕਿਹਾ ਕਿ ਇਸ ਸਬੰਧੀ , ਇੱਕ ਹੋਰ ਪੱਤਰਕਾਰ ਨਾਲ ਮਾਮਲਾ ਡਿਸਕਸ ਹੋਇਆ ਹੈ, ਉਹ ਜਾਂ ਹੱਡੀਆਂ ਦੇ ਡਾਕਟਰ ਕਰਨ, ਤੁਹਾਨੂੰ ਦੱਸ ਦੇਣਗੇ ਕਿ ਖਬਰ ਕਿਵੇਂ ਲਾਉਣੀ ਹੈ। ਜਦੋਂ ਉਨਾਂ ਨੂੰ ਕਿਹਾ ਕਿ ਤੁਹਾਡੀ ਥਾਂ ਪੱਖ ਵੀ ਉਹੀ ਪੱਤਰਕਾਰ ਦਾ ਲਿਖਿਆ ਜਾਵੇ, ਤਾਂ ਉਨਾਂ ਫਿਰ ਕਿਹਾ ਕਾਰਡ ਤਾਂ ਚੱਲ ਰਿਹਾ ਹੈ, ਪਰੰਤੂ ਲੰਘੇ 5/7 ਮਹੀਨਿਆਂ ਤੋਂ ਆਰਥੋ ਵਿਭਾਗ ਨੂੰ ਸਬੰਧਿਤ ਕੰਪਨੀ ਵੱਲੋਂ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ। ਜਿਸ ਕਾਰਣ, ਕਾਰਡ ਤੇ ਫਰੀ ਇਲਾਜ ਕਰ ਪਾਉਣਾ ਸੰਭਵ ਨਹੀਂ ਹੋ ਰਿਹਾ।







