
ਸਾਂਝੇ ਯਤਨਾਂ ਨੂੰ ਪਿਆ ਬੂਰ-ਵੰਦੇ ਭਾਰਤ ਦਾ ਬਰਨਾਲਾ ‘ਚ ਹੋਊ ਠਹਿਰਾਅ
ਹਰਿੰਦਰ ਨਿੱਕਾ, ਬਰਨਾਲਾ 17 ਦਸੰਬਰ 2025
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਅਤੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਆਗੂ ਕੇਵਲ ਸਿੰਘ ਢਿੱਲੋਂ ਆਿਦ ਆਗੂਆਂ ਵੱਲੋਂ ਆਪੋ-ਆਪਣੇ ਪੱਧਰ ਤੇ ਕੀਤੇ ਸਾਂਝੇ ਯਤਨਾਂ ਨੂੰ ਆਖਿਰ ਬੂਰ ਪੈ ਹੀ ਗਿਆ।
ਕੇਂਦਰੀ ਰੇਲ ਮੰਤਰਾਲੇ ਵੱਲੋਂ ਜ਼ਾਰੀ ਪੱਤਰ ਤੋਂ ਬਾਅਦ ਹੁਣ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਬਰਨਾਲਾ ਰੇਲਵੇ ਸਟੇਸ਼ਨ ਤੇ ਵੀ ਰੁਕਿਆ ਕਰੇਗੀ। ਪੰਜਾਬ ਵਿੱਚ ਰੇਲਵੇ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਭਾਰਤੀ ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਦੇਸ਼ ਦੀ ਅਤਿ-ਆਧੁਨਿਕ ‘ਵੰਦੇ ਭਾਰਤ ਐਕਸਪ੍ਰੈੱਸ’ ਰੇਲਗੱਡੀ ਦਾ ਬਰਨਾਲਾ ਰੇਲਵੇ ਸਟੇਸ਼ਨ ‘ਤੇ ਠਹਿਰਾਅ (Stoppage) ਮਨਜ਼ੂਰ ਕਰ ਲਿਆ ਗਿਆ ਹੈ। ਸਾਰੀਆਂ ਹੀ ਧਿਰਾਂ ਦਾ ਦਾਅਵਾ ਹੈ ਕਿ ਕੇਂਦਰੀ ਰੇਲ ਮੰਤਰਾਲੇ ਦਾ ਇਹ ਫੈਸਲਾ ਇਲਾਕੇ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਆਗੂਆਂ ਦੇ ਸਾਰਥਕ ਯਤਨਾਂ ਸਦਕਾ ਮਿਲੀ ਸਫ਼ਲਤਾ
ਇਸ ਮੰਗ ਨੂੰ ਪੂਰਾ ਕਰਵਾਉਣ ਵਿੱਚ ਆਮ ਆਦਮੀ ਪਾਰਟੀ ਦੇ ਦੋ ਪਾਰਲੀਮੈਂਟ ਮੈਂਬਰਾਂ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਅਹਿਮ ਭੂਮਿਕਾ ਨਿਭਾਈ। ਦੋਵਾਂ ਹੀ ਆਗੂਆਂ ਨੇ ਹਾਲ ਹੀ ਵਿੱਚ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਬਰਨਾਲਾ ਦੀ ਆਰਥਿਕ ਅਤੇ ਸਮਾਜਿਕ ਮਹੱਤਤਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਸੀ। ਦੋਵਾਂ ਆਗੂਆਂ ਨੇ ਕੇਂਦਰੀ ਮੰਤਰੀ ਅੱਗੇ ਦਲੀਲ ਦਿੱਤੀ ਸੀ ਕਿ ਬਰਨਾਲਾ ਇੱਕ ਉੱਭਰ ਰਿਹਾ ਉਦਯੋਗਿਕ ਕੇਂਦਰ ਹੈ, ਜਿਸ ਕਾਰਨ ਇੱਥੇ ਬਿਹਤਰ ਰੇਲ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ। 
ਇਸ ਦੇ ਨਾਲ ਹੀ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਇਸ ਮੰਗ ਨੂੰ ਲੈ ਕੇ ਲਗਾਤਾਰ ਸਰਕਾਰ ਅਤੇ ਰੇਲਵੇ ਵਿਭਾਗ ਕੋਲ ਪੈਰਵੀ ਕੀਤੀ ਜਾ ਰਹੀ ਸੀ। ਮੀਤ ਹੇਅਰ ਨੇ ਇਲਾਕਾ ਵਾਸੀਆਂ ਅਤੇ ਵਪਾਰੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਦੋ ਵਾਰ ਸੰਸਦ ਵਿੱਚ ਇਸ ਮੁੱਦੇ ਨੂੰ ਜੋਰਦਾਰ ਢੰਗ ਨਾਲ ਚੁੱਕਿਆ ਸੀ। ਮੀਤ ਹੇਅਰ ਨੇ ਗੱਲਬਾਤ ਕਰਦਿਆਂ ਮਜਾਕੀਆਂ ਅੰਦਾਜ ਵਿੱਚ ਕਿਹਾ ਕਿ ਮੈਂ ਤਾਂ ਚਾਲੂ ਸ਼ੈਸ਼ਨ ਦੌਰਾਨ, ਜਦੋਂ ਵੀ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਰਾਮ ਮੰਤਰੀ ਰਵਨੀਤ ਬਿੱਟੂ ਨੂੰ ਮਿਲਿਆ ਤਾਂ ਹਮੇਸ਼ਾ ਹੀ, ਇੱਕੋ ਗੱਲ ਕਹਿੰਦਾ ਰਿਹਾ ਕਿ ਹੁਣ ਤਾਂ ਬਹੁਤ ਹੋ ਗਿਆ, ਦੇ ਦਿਉ ਵੰਦੇ ਭਾਰਤ ਰੇਲ ਨੂੰ ਬਰਨਾਲਾ ਸਟੇਸ਼ਨ ਤੇ ਰੋਕਣ ਦੀ ਪ੍ਰਵਾਨਗੀ। ਮੀਤ ਹੇਅਰ ਨੇ ਕਿਹਾ ਕਿ ਦੋਵੇਂ ਮੰਤਰੀਆਂ ਨੇ, ਮੇਰੀਆਂ ਅਤੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਦੇਰ ਨਾਲ ਹੀ ਸਹੀ, ਬਿਲਕੁਲ ਸਹੀ ਫੈਸਲਾ ਲਿਆ ਹੈ। ਉਨਾਂ ਦੋਵਾਂ ਹੀ ਮੰਤਰੀਆਂ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ, ਬਰਨਾਲਾ ਇਲਾਕੇ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ।
ਖੇਤਰ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ
ਰੇਲਵੇ ਮੰਤਰਾਲੇ ਦੀ ਇਸ ਮਨਜ਼ੂਰੀ ਨਾਲ ਬਰਨਾਲਾ ਤੋਂ ਇਲਾਵਾ ਸੰਗਰੂਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਹਜ਼ਾਰਾਂ ਯਾਤਰੀਆਂ ਨੂੰ ਫਾਇਦਾ ਹੋਵੇਗਾ।
-
ਵਪਾਰਕ ਲਾਭ: ਵਪਾਰੀਆਂ ਲਈ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਆਉਣਾ-ਜਾਣਾ ਸੁਖਾਲਾ ਹੋਵੇਗਾ।
-
ਸਮੇਂ ਦੀ ਬਚਤ: ਵੰਦੇ ਭਾਰਤ ਵਰਗੀ ਤੇਜ਼ ਰਫਤਾਰ ਰੇਲ ਨਾਲ ਸਫ਼ਰ ਦਾ ਸਮਾਂ ਘਟੇਗਾ।
-
ਆਰਥਿਕ ਮਜ਼ਬੂਤੀ: ਬਿਹਤਰ ਆਵਾਜਾਈ ਸਹੂਲਤਾਂ ਨਾਲ ਸਥਾਨਕ ਕਾਰੋਬਾਰ ਅਤੇ ਨਿਵੇਸ਼ ਵਿੱਚ ਵਾਧਾ ਹੋਵੇਗਾ।
ਧੰਨਵਾਦ ਅਤੇ ਉਮੀਦਾਂ
ਸ਼੍ਰੀ ਰਾਜਿੰਦਰ ਗੁਪਤਾ ਨੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੁਰੰਤ ਕਾਰਵਾਈ ਨਾਲ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਸਾਬਤ ਹੋਈ ਹੈ। ਦੂਜੇ ਪਾਸੇ, ਇਲਾਕਾ ਵਾਸੀਆਂ ਵਿੱਚ ਇਸ ਫੈਸਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਇਹ ਸਹੂਲਤ ਉਨ੍ਹਾਂ ਦੀ ਸਾਲਾਂ ਪੁਰਾਣੀ ਮੰਗ ਦਾ ਨਤੀਜਾ ਹੈ।
ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਹੀ ਬਰਨਾਲਾ ਇਲਾਕੇ ਦੀ ਤਰੱਕੀ ਅਤੇ ਬਿਹਤਰੀ ਲਈ ਯਤਨਸ਼ੀਲ ਰਿਹਾ ਹਾਂ, ਉਨ੍ਹਾਂ ਵਿੱਚ ਸਭ ਤੋਂ ਅਹਿਮ ਬਰਨਾਲਾ ਨੂੰ ਜਿਲ੍ਹਾ ਬਣਾਇਆ, ਪ੍ਰਬੰਧਕੀ ਕੰਪਲੈਕਸ ਬਣਵਾਇਆ। ਜਿਸ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਇਆ ਹੈ। ਉਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਦੋਵੇਂ ਰੇਲ ਮੰਤਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ, ਹਮੇਸ਼ਾ ਲੋਕ ਭਾਵਨਾਵਾਂ ਦੀ ਕਦਰ ਕਰਦੀ ਹੈ।







