
DTF ਨੇ ਕੀਤੀ ਫਾਸਟ ਟਰੈਕ ਅਦਾਲਤ ਵਿੱਚ ਹੋਵੇ ਸੁਣਵਾਈ ਤੇ ਦੋਸ਼ੀ ਨੂੰ ਸਜ਼ਾ ਯਕੀਨੀ ਬਣਾਉਣ ਦੀ ਮੰਗ
ਹਰਿੰਦਰ ਨਿੱਕਾ, ਬਰਨਾਲਾ 15 ਦਸੰਬਰ 2025
ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਜਿਨਸੀ ਸੋਸ਼ਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਸਕੱਤਰ ਨਿਰਮਲ ਚੁਹਾਣਕੇ, ਸੂਬਾ ਕਮੇਟੀ ਮੈਂਬਰ ਰਾਜਿੰਦਰ ਗੁਰੂ, ਸੁਖਦੀਪ ਤਪਾ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਕਿਸੇ ਵੀ ਸੱਭਿਅਕ ਸਮਾਜ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਸੱਭਿਅਕ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਬਖਸ਼ਣਯੋਗ ਨਹੀਂ ਹਨ, ਪਰ ਫਿਰ ਵੀ ਬਾਲੜੀਆਂ ਨੂੰ ਇਸ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਿੱਖਿਆ ਦੇ ਪਸਾਰ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਦਾ ਨਾ ਰੁਕਣਾ ਸਾਡੇ ਲਈ ਕਈ ਸਵਾਲ ਖੜੇ ਕਰਦਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਵਿਦਿਅਆਰਥੀ ਦਾ ਰਿਸ਼ਤਾ ਮਾਤਾ-ਪਿਤਾ ਅਤੇ ਸੰਤਾਨ ਦੇ ਰਿਸ਼ਤੇ ਵਾਂਗ ਪਵਿੱਤਰ ਮੰਨਿਆ ਜਾਂਦਾ ਹੈ। ਪਰ ਫਿਰ ਵੀ ਸਮੇਂ-ਸਮੇਂ ਤੇ ਵਿੱਦਿਅਕ ਅਦਾਰਿਆਂ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਇਸ ਪਵਿੱਤਰ ਰਿਸ਼ਤੇ ਨੂੰ ਧੱਬਾ ਲਗਾਉਂਦੀਆਂ ਹਨ। ਇਸ ਲਈ ਅਜਿਹੇ ਮਾਨਸਿਕ ਵਿਕਾਰਾਂ ਵਾਲੇ ਵਿਅਕਤੀਆਂ ਦੀ, ਘਟਨਾਵਾਂ ਘਟਣ ਤੋਂ ਪਹਿਲਾਂ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਸਿੱਖਿਆ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਅਜਿਹੇ ਵਿਅਕਤੀ ਦਾਖਿਲ ਨਾਂ ਹੋ ਸਕਣ।
ਉਨ੍ਹਾਂ ਕਿਹਾ ਕਿ ਵਿੱਦਿਆ ਦੇ ਮੰਦਰਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰ ਜਾਣਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਅਧਿਆਪਕ ਆਗੂਆਂ ਲਖਵੀਰ ਠੁੱਲੀਵਾਲ,ਮਨਮੋਹਨ ਭੱਠਲ, ਸੱਤਪਾਲ ਤਪਾ,ਮਾਲਵਿੰਦਰ ਬਰਨਾਲਾ,ਅੰਮ੍ਰਿਤਪਾਲ ਕੋਟਦੁੱਨਾ, ਦਵਿੰਦਰ ਤਲਵੰਡੀ, ਰਘਵੀਰ ਕਰਮਗੜ੍ਹ ਅੰਮ੍ਰਿਤ ਹਰੀਗੜ੍ਹ ਨੇ ਕਿਹਾ ਵਿੱਦਿਅਕ ਸੰਸਥਾਵਾਂ ਵਿੱਚ ਹੁੰਦੇ ਜਿਨਸੀ ਸੋਸ਼ਣ ਨੂੰ ਧੀਆਂ ਚੁੱਪ ਕਰਕੇ ਸਹਿ ਜਾਂਦੀਆਂ ਹਨ ਕਿਉਂਕਿ ਭਵਿੱਖ ਵਿੱਚ ਮਾੜੇ ਨਤੀਜਿਆਂ ਦਾ ਉਨ੍ਹਾਂ ਦੇ ਮਨਾਂ ਵਿਚ ਡਰ ਹੁੰਦਾ ਹੈ।
ਇਹ ਵਰਤਾਰਾ ਵਿੱਦਿਅਕ ਸੰਸਥਾਵਾਂ ਸਮੇਤ ਘਰਾਂ ਅਤੇ ਹੋਰ ਕੰਮ ਕਾਜੀ ਥਾਵਾਂ ‘ਤੇ ਵੀ ਵਾਪਰ ਰਿਹਾ ਹੈ। ਕਿਉਂਕਿ ਔਰਤਾਂ ਨੂੰ ਸਦੀਆਂ ਤੋਂ ਦਬਾਕੇ ਰੱਖਿਆ ਹੋਇਆ ਹੈ। ਔਰਤਾਂ ਨੂੰ ਭੋਗ ਵਿਲਾਸ ਦੀ ਵਸਤ, ਚੁੱਲ੍ਹੇ ਚੌਂਕੇ ਤੱਕ ਸੀਮਤ, ਕਾਣਾਂ ਮਕਾਣਾਂ ਜਾਣ ਵਾਲੀ ਤੋਂ ਵੀ ਅੱਗੇ ਮੰਡੀ ਦਾ ਮਾਲ ਵੇਚਣ ਵਾਲੀ ਵਸਤ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਇਹ ਔਰਤਾਂ ਖ਼ਿਲਾਫ਼ ਜ਼ਬਰ ਦਾ ਕਰੂਰ ਚਿਹਰਾ ਹੈ। ਸਮਾਜ ਵਿੱਚ ਔਰਤਾਂ ਖਾਸ ਕਰ ਬਾਲੜੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਤੇ ਸਬੰਧਤ ਧਿਰਾਂ ਦੇ ਵਿਚਕਾਰ ਪੈਸੇ ਦੇ ਲੈਣ ਦੇਣ ਨਾਲ ਰਾਜ਼ੀਨਾਮਾ ਕਰਵਾਉਣ ਦਾ ਅਮਲ ਆਮ ਵਰਤਾਰਾ ਹੈ। ਦੋ ਅਜਿਹੇ ਦੋਸ਼ੀਆਂ ਨੂੰ ਮੁੜ ਅਜਿਹੀਆਂ ਸ਼ਰਮਨਾਕ ਘਟਨਾਵਾਂ ਕਰਨ ਲਈ ਮੌਕਾ ਮੁੱਹਈਆ ਕਰਦਾ ਹੈ। ਅਜਿਹੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਬਾਰੇ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਅਤੇ ਦੋਸ਼ੀ ਖਿਲਾਫ਼ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਫਾਸਟ ਟਰੈਕ ਅਦਾਲਤ ਰਾਹੀਂ ਜਲਦ ਸਜ਼ਾ ਯਕੀਨੀ ਬਣਾਉਣੀ ਚਾਹੀਦੀ ਹੈ। ਅਧਿਆਪਕ ਆਗੂਆਂ ਕਿਹਾ ਕਿ ਜਿੱਥੇ ਅਧਿਆਪਕ ਵਰਗ ਵਿੱਚ ਅਜਿਹੇ ਅਨਸਰ ਮੌਜੂਦ ਹਨ ਤਾਂ ਅਧਿਆਪਕ ਵਰਗ ਦਾ ਕਿਰਨਜੀਤ ਕੌਰ ਮਹਿਲਕਲਾਂ ਵਰਗੇ ਇਤਿਹਾਸਕ ਘੋਲ ਵਿੱਚ ਸ਼ਾਨਾਮੱਤਾ ਇਤਿਹਾਸ ਵੀ ਹੈ।








