ਵਾਹ ! ਇਸ਼ਕ ਦਾ ਜਨੂੰਨ-ਵਿਆਹ ਕਰਵਾਉਣ ਲਈ ਛਿੱਕੇ ਟੰਗਿਆ ਕਾਨੂੰਨ
ਨਾਬਾਲਿਗ ਕੁੜੀ ਦੇ ਅਧਾਰ ਕਾਰਡ ਤੇ ਬਦਲੀ ਜਨਮ ਦੀ ਤਾਰੀਖ !
ਹਰਿੰਦਰ ਨਿੱਕਾ , ਪਟਿਆਲਾ 19 ਅਪ੍ਰੈਲ 2022
ਕਸਬਾ ਸਨੌਰ ਦੇ ਰਹਿਣ ਵਾਲੇ ਇਸ਼ਕ ‘ਚ ਅੰਨ੍ਹੇ ਹੋਏ ਆਸ਼ਿਕ ਨੂੰ ਆਸ਼ਕੀ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਉਸ ਨੇ ਸ਼ਾਹੀ ਸ਼ਹਿਰ ਪਟਿਆਲਾ ਦੀ ਵਾਸੀ ਅੱਲ੍ਹੜ ਉਮਰ ਦੀ ਕੁੜੀ ਦੇ ਅਧਾਰ ਕਾਰਡ ਤੇ ਜਨਮ ਦੀ ਤਾਰੀਖ ਬਦਲ ਕੇ ਵਿਆਹ ਕਰਵਾ ਲਿਆ । ਜਦੋਂ ਕੁੜੀ ਦੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਪੂਰੇ ਘਟਨਾਕ੍ਰਮ ਦਾ ਖੁਲਾਸਾ ਕਰਦਿਆਂ ਪੁਲਿਸ ਨੂੰ ਸ਼ਕਾਇਤ ਕੀਤੀ ਤੇ ਪੁਲਿਸ ਨੇ ਦੋਸ਼ੀ ਖਿਲਾਫ ਘਟਨਾ ਤੋਂ ਕਰੀਬ ਇੱਕ ਮਹੀਨੇ ਬਾਅਦ ਸੰਗੀਨ ਜੁਰਮਾਂ ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਨਾਬਾਲਿਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਖਾਲਸਾ ਕਲੋਨੀ ਵਾਰਡ ਨੰਬਰ 11 ਸਨੌਰ ਦਾ ਰਹਿਣ ਵਾਲਾ ਸਨੀ 19 ਮਾਰਚ 2022 ਨੂੰ ਸ਼ਾਮ ਕਰੀਬ 7.30 ਵਜੇ ,ਉਸ ਦੀ ਕਰੀਬ 15 ਸਾਲ ਦੀ ਨਾਬਾਲਿਗ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ ਸੀ। ਉਸ ਦੀ ਲੜਕੀ ਘਰੋਂ ਜਾਣ ਸਮੇਂ ਆਪਣੇ ਨਾਲ ਸਰਟੀਫਿਕੇਟ ਵਗੈਰਾ ਵੀ ਲੈ ਗਈ ਸੀ। ਨਾਮਜਦ ਦੋਸ਼ੀ ਨੇ ਮੁਦਈ ਦੀ ਲੜਕੀ ਦੇ ਅਧਾਰ ਕਾਰਡ ਵਿੱਚ ਹੇਰਾ-ਫੇਰੀ ਕਰਕੇ ਉਸ ਦੀ ਜਨਮ ਮਿਤੀ 10/07/2002 ਕਰ ਦਿੱਤੀ ਅਤੇ ਮਾਨਯੋਗ ਹਾਈਕੋਰਟ ਵਿੱਚ ਅਧਾਰ ਕਾਰਡ ਪੇਸ਼ ਕਰਕੇ, ਵਿਆਹ ਵੀ ਕਰਵਾ ਲਿਆ। ਜਦੋਂ ਕਿ ਲੜਕੀ ਦੀ ਅਸਲੀ ਜਨਮ ਦੀ ਤਾਰੀਖ 07/02/2007 ਹੈ। ਮੁਦਈ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਦੀ ਲੜਕੀ ਨੂੰ ਘਰੋਂ ਭਜਾ ਕੇ ਉਸ ਦੇ ਅਧਾਰ ਕਾਰਡ ਨਾਲ ਛੇੜ-ਛਾੜ ਕਰਕੇ, ਜਾਲੀ ਫਰਜੀ ਦਸਤਾਵੇਜ ਦੇ ਅਧਾਰ ਤੇ ਉਸ ਨੂੰ ਬਾਲਗ ਦਿਖਾ ਕੇ ਉਸ ਨਾਲ ਵਿਆਹ ਕਰਵਾ ਲਿਆ ।
ਥਾਣਾ ਕੋਤਵਾਲੀ ਪਟਿਆਲਾ ਦੇ ਐਸ.ਐਚ.ਉ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਸਨੀ ਦੇ ਖਿਲਾਫ ਅਧੀਨ ਜੁਰਮ 193/467/468/363/ 366 ਆਈਪੀਸੀ ਤਹਿਤ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਉਸ ਨੂੰ ਗਿਰਫਤਾਰ ਕਰਕੇ, ਅਗਵਾ ਨਾਬਾਲਿਗ ਕੁੜੀ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਾਇਆ ਜਾਵੇਗਾ।