PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਸਾਹਿਤ ਤੇ ਸਭਿਆਚਾਰ ਪੰਜਾਬ ਮਾਲਵਾ ਮੁੱਖ ਪੰਨਾ ਲੁਧਿਆਣਾ

ਪਰਸੋਂ ਵਰਗਾ ਦਿਨ ਉਡੀਕਾਂਗਾ ਫੇਰ -ਗੁਰਭਜਨ ਗਿੱਲ

Advertisement
Spread Information

          ਪਰਸੋਂ ਮੇਰੇ ਸੱਜਣ ਪਿਆਰੇ ਕੁਲਦੀਪ ਸਿੰਘ ਧਾਲੀਵਾਲ ਦਾ ਫੋਨ ਆਇਆ ਜਗਦੇਵ ਕਲਾਂ ਤੋਂ। ਕਹਿਣ ਲੱਗਾ ਸ਼ਾਮ ਵਿਹਲੀ ਰੱਖਿਓ, ਦੋਵੇਂ ਭਰਾ ਬੈਠਾਂਗੇ, ਰੱਜ ਕੇ ਗੱਲਾਂ ਕਰਾਂਗੇ ਨਵੀਆਂ ਪੁਰਾਣੀਆਂ। ਕਹਿਣ ਲੱਗਾ ਸਵੇਰੇ ਪਿੰਡੋਂ ਸਿੱਧਾ ਘੜੂੰਏਂ ਜਾਵਾਂਗਾ। ਆਪਣਾ ਲਾਲੀ ਧਨੋਆ ਅਮਰੀਕਾ ਤੋਂ ਆਇਆ। ਬਾਪੂ ਜੀ ਦੇ ਪਹਿਲੇ ਵਰ੍ਹੀਣੇ ਦਾ ਭੋਗ ਪਾਉਣ। ਉਥੋਂ ਪਾਇਲ ਆਵਾਂਗਾ ਹਰਪਿੰਦਰ ਗਿੱਲ ਦੇ ਪਿੰਡ ਜੰਡਾਲੀ ਜਾਣ ਲਈ। ਫੇਰ ਮੈ ਗੁੱਜਰਵਾਲ ਜਾਣੈਂ। ਪਰਦੇਸ ਵੱਸਦੇ ਵੀਰਾਂ ਨੇ ਪਿੰਡ ਦੀ ਡਿਸਪੈਂਸਰੀ ਨੂੰ ਨਵਿਆਉਣ ਦਾ ਬੀੜਾ ਚੁੱਕਿਆ ਹੈ।
ਹੁਣ ਉਹ ਪੰਜਾਬ ਦੀ ਭਗਵੰਤ ਮਾਨ ਕੈਬਨਿਟ ਦਾ ਵੱਡਾ ਵਜ਼ੀਰ ਹੈ। ਪੇਂਡੂ ਵਿਕਾਸ, ਪੰਚਾਇਤਾਂ, ਪਸ਼ੂ ਪਾਲਣ ਤੇ ਪਰਦੇਸੀ ਮਾਮਲੇ ਵਿਭਾਗ ਉਸ ਕੋਲ ਨੇ।
ਮੈਂ ਦੁਪਹਿਰੇ ਹੀ ਉਡੀਕਣ ਬਹਿ ਗਿਆ। ਕੁਲਦੀਪ ਨੂੰ ਉਡੀਕਦਿਆਂ ਬਹੁਤ ਕੁਝ ਚੇਤੇ ਆਇਆ। ਸੀਸ ਤਲੀ ਤੇ ਧਰਨ ਤੋਂ ਲੈ ਕੇ ਵੱਡੇ ਵੀਰ ਤੇ ਹੋਰ ਸੱਜਣਾਂ ਦੇ ਕਤਲ ਉਪਰੰਤ ਪਿੰਡ ਦੀ ਸਰਪੰਚੀ,ਪੰਜਾਬ ਸਟੂਡੈਂਟਸ ਯੂਨੀਅਨ ਤੋਂ ਤੁਰ ਕੇ ਸ ਸ ਬੋਰਡ ਦੀ ਮੈਂਬਰੀ, ਪਰਿਵਾਰ ਸਮੇਤ ਪਰਦੇਸ ਗਮਨ, ਉਥੇ ਗਦਰ ਮੈਮੋਰੀਅਲ ਫਾਉਂਡੇਸ਼ਨ ਸੈਕਰਾਮੈਂਟੋ ਚ ਕੰਮ ਕਾਰ,ਇੰਡੋ ਯੂ ਐੱਸ ਡਾਇਲਾਗ ਮੈਗਜ਼ੀਨ ਦਾ  ਡਾਃ ਆਤਮਜੀਤ ਨਾਲ ਰਲ਼ ਕੇ ਸੰਪਾਦਨ। ਸੰਸਾਰ ਦੇ ਨਾਲ ਨਾਲ ਪਰਿਵਾਰ ਦੇ ਫ਼ਿਕਰ ਨਾਲੋ ਨਾਲ ਤੁਰੇ। ਚੰਗੀ ਗੱਲ ਇਹ ਕਿ ਇਨਕਲਾਬੀ ਸੋਚ ਵਾਲੀ ਜੀਵਨ ਸਾਥਣ ਜਗਦੀਸ਼ ਕੌਰ ਨੇ  ਕਾਮਯਾਬ ਫੁੱਲਬੈਕ ਵਾਂਗ ਖੇਡ ਕੇ ਸਾਡੇ ਨਿੱਕੇ ਵੀਰ ਨੂੰ ਡੋਲਣ ਨਾ ਦਿੱਤਾ। ਪੁੱਤਰਾਂ ਨੇ ਵੀ ਜ਼ੁੰਮੇਵਾਰੀਆਂ ਸਾਂਭ ਲਈਆਂ।
ਪਰਤ ਆਇਆ ਵਤਨ ਨੂੰ, ਇਹ ਕਹਿ ਕੇ ਕਿ ਪੰਜਾਬ ਬੁਲਾਉਂਦੈ। ਮੈਂ ਉਸ ਦੇ ਪਰਤਣ ਦੇ ਹੱਕ ਵਿੱਚ ਨਹੀਂ ਸਾਂ ਪਰ ਵਹਿਣ ਪਏ ਦਰਿਆ ਨਹੀਂ ਮੁੜਦੇ।
ਆ ਗਿਆ ਪਰ ਹੁਣ ਪੰਜਾਬ ਬਦਲ ਚੁਕਾ ਸੀ। ਸਿਆਸਤ ਪਹਿਲਾਂ ਨਾਲੋਂ ਸ਼ਾਤਰ, ਸ਼ੈਤਾਨ ਤੇ ਬੇਈਮਾਨ ਹੋ ਚੁਕੀ ਸੀ। ਉਹ ਕੁਝ ਕੁਝ ਉਦਾਸ ਹੋਇਆ ਪਰ ਉਦਾਸੀਨ ਨਹੀਂ।
ਉਸ ਆਪਣੇ ਪੰਡ ਵਾਲੇ ਹਾਸ਼ਮ ਸ਼ਾਹ ਦੇ ਬੋਲ ਚੇਤੇ ਕੀਤੇ
ਹਾਸ਼ਮ ਫ਼ਤਹਿ ਨਸੀਬ ਤਿਨਾਂ ਨੂੰ,
ਜਿੰਨ੍ਹਾਂ ਹਿੰਮਤ ਯਾਰ ਬਣਾਈ।
ਉਸ ਪੁਰਾਣੇ ਸੁਪਨੇ ਪੁਰਾਣੇ ਲੀੜਿਆਂ ਵਾਂਗ ਉਤਾਰ ਆਮ ਆਦਮੀ ਪਾਰਟੀ ਦਾ ਵਰਕਰ ਬਣ ਗਿਆ। ਉਸ ਦਾ ਸਨੇਹੀ ਨਿੱਕਾ ਵੀਰ ਭਗਵੰਤ ਮਾਨ ਤਾਂ ਚਿਰੋਕਣਾ ਸਾਥ ਮੰਗਦਾ ਸੀ। ਪਰਦੇਸੀਂ ਵੱਸਦਿਆਂ ਉਹ ਆਪਣੇ ਸੱਜਣਾਂ ਸਮੇਤ ਨਵੇਂ ਸੁਪਨਿਆਂ ਦਾ ਪੱਕਾ ਵੋਟਰ ਸੀ। ਫ਼ਿਜ਼ਾ ਬਦਲਣ ਦੇ ਰਾਹ ਤੁਰਿਆ।
ਪਾਰਟੀ ਨੇ ਉਸ ਨੂੰ ਮਾਝਾ ਖੇਤਰ ਸੰਭਾਲਿਆ ਤਾਂ ਮੈਨੂੰ ਡਰ ਸਿ ਉਹ ਕੱਲਰ ਚ ਕੰਵਲ ਕਿਵੇਂ ਉਗਾਵੇਗਾ?
ਪਰ ਉਸ ਦੀ ਜਥੇਬੰਦਕ ਸੂਝ ਤੇ ਲੀਡਰ ਸ਼ਿਪ ਦੇ ਵਿਸ਼ਵਾਸ ਨੇ ਉਸੇ ਮਾਝੇ ਚ ਵੱਡੀ ਜਿੱਤ ਦਿਵਾਈ। ਅਜਨਾਲਾ ਤੋਂ ਉਸ ਜਿੱਤ ਹਾਸਲ ਕੀਤੀ। ਉਸ ਨੂੰ ਕੈਬਨਿਟ ਚ ਥਾਂ ਮਿਲੀ ਤਾਂ ਉਸ ਦਿਨ ਮੈਂ ਲਾਹੌਰ ਵਿੱਚ ਸਾਂ। ਅਸਾਂ ਹੋਟਲ ਚ ਹਲਵਾ ਬਣਵਾ ਕੇ ਖਾਧਾ, ਵੰਡਿਆ। ਬਾਬਾ ਨਜਮੀ ਬਹੁਤ ਪ੍ਰਸੰਨ ਸੀ, ਏਸ ਕਰਕੇ ਕਿ ਭਗਵੰਤ ਮਾਨ ਉਸ ਦਾ ਕਦਰਦਾਨ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਗਿਰਾਈਂ। ਕਹਿਣ ਲੱਗਾ, ਸੰਨ ਸੰਤਾਲੀ ਵੇਲੇ ਮੈਂ ਹੋਣ ਵਾਲਾ ਸੀ ਜਦ ਰੌਲ਼ੇ ਪਏ ਤੇ ਮੇਰੇ ਵੱਡਿਆਂ ਨੂੰ ਜਗਦੇਵ ਕਲਾਂ ਛੱਡਣਾ ਪਿਆ। ਉਸ ਵੀਡੀਉ ਸੰਦੇਸ਼ ਰੀਕਾਰਡ ਕਰਕੇ ਮੈਨੂੰ ਕਿਹਾ, ਹੁਣੇ ਭੇਜ ਦਿਉ।
ਮੈਂ ਭਗਵੰਤ ਮਾਨ ਤੇ ਕੁਲਦੀਪ ਨੂੰ ਭੇਜ ਦਿੱਤਾ। ਕੁਲਦੀਪ ਦਾ ਚਾਅ ਲੈਣ ਵਾਲੇ ਵਿਸ਼ਵ ਭਰ ਵਿੱਚ ਖਿੱਲਰੇ ਹਨ।
ਉਡੀਕਦਿਆਂ ਫ਼ੋਨ ਦੀ ਟੱਲੀ ਖੜਕੀ। ਦੂਸਰੇ ਪਾਸੇ ਰਾਜ ਤਿਵਾੜੀ ਸੀ ਪਟਿਆਲਿਉਂ।
ਬੋਲਿਆ! ਭਾਜੀ ਮੈਂ ਲੁਧਿਆਣੇ ਆ ਰਿਹਾਂ ਕੁਲਦੀਪ ਵੀਰ ਨੂੰ ਮਿਲਣ। ਕੁਝ ਪਲ ਇਕੱਠੇ ਰਹਾਂਗੇ। ਫਿਰ ਮੈਂ ਪਰਤ ਜਾਵਾਂਗਾ।
ਮੇਰੀ ਯਾਦਾਂ ਦੀ ਫਿਰਕੀ ਘੁੰਮੀ ਜਾ ਰਹੀ ਸੀ। 2004 ਚ ਬੇ ਏਰੀਆ ਚ ਯੂਨੀਅਨ ਸਿਟੀ(ਅਮਰੀਕਾ) ਚ ਮਿਲਣਾ, ਕੁਲਦੀਪ ਔਜਲਾ ਤੇ ਇੰਦਰਜੀਤ ਝੱਜ ਦੀ ਹਿੰਮਤ ਸਦਕਾ। ਸੰਗੀਤਕਾਰ ਸਰਦੂਲ ਕਵਾਤਮਾ, ਆਸ਼ਾ ਸ਼ਰਮਾ, ਡਾਃ ਗੁਰੂਮੇਲ ਤੇ ਕਿੰਨੇ ਹੋਰ ਸਨੇਹੀ ਮਿਲੇ ਏਥੇ।
ਫਿਰ ਸੈਕਰਾਮੈਂਟੋ ਗਦਰ ਮੈਮੋਰੀਅਲ ਫਾਉਂਡੇਸ਼ਨ ਦੇ ਸੈਮੀਨਾਰਾਂ ਚ ਕੁਲਦੀਪ ਦੇ ਬੁਲਾਵੇ। ਕਦੇ ਮੈਂ ਤੇ ਡਾਃ ਸੁਤਿੰਦਰ ਸਿੰਘ ਨੂਰ ਜਾ ਰਹੇ ਹਾਂ, ਕਦੇ ਡਾਃ ਜਸਪਾਲ ਸਿੰਘ ਤੇ ਡਾਃ ਕੁਲਦੀਪ ਨੱਈਅਰ, ਡਾਃ ਸੁੱਚਾ ਸਿੰਘ ਗਿੱਲ, ਆਤਮਜੀਤ , ਤੇਜਵੰਤ ਗਿੱਲ ਤੇ ਡਾਃ ਗੁਰਦੇਵ ਸਿੰਘ ਖ਼ੁਸ਼। ਘਰ ਵਿੱਚ ਖੁੱਲ੍ਹਾ ਲੰਗਰ, ਜਗਦੀਸ਼ ਤੇ ਬੇਟੀ ਪੂਨਮ ਦੇ ਪੱਕੇ ਪਰੌਂਠੇ। ਕਿੰਨਾ ਕੁਝ ਚੇਤੇ ਚੋਂ ਲੰਘਿਆ। ਪੁੱਤਰ ਲਾਡੀ ਤੇ ਖ਼ੁਸ਼ ਦਾ ਸੰਘਰਸ਼ ਕਾਮਯਾਬੀਆਂ ਸਮੇਤ। ਉਥੇ ਰਹਿੰਦੇ ਮਿੱਤਰ ਹੁਸਨ ਲੜੋਆ ਦੀਆਂ ਸੱਚੀਆਂ ਕੌੜੀਆਂ ਕੁਸੈਲੀਆਂ ਗੋਲੀਆਂ ਵੀ ਨਾਲੋ ਨਾਲ। ਯਾਰੀ ਪੱਕੀ ਕਾਲ਼ੀ ਟਾਹਲੀ ਵਰਗੀ।
ਲਾਲੀ ਧਨੋਆ, ਗੁਲਿੰਦਰ ਗਿੱਲ, ਚਰਨ ਜੱਜ, ਗੁਰਦੀਪ ਤੇ ਲੌਂਗਮੈਨ ਵਰਗੇ ਸੱਜਣਾਂ ਦੀ ਸੰਗਤ।
ਕੁਲਦੀਪ ਦੀ ਉਡੀਕ ਕਰਦਿਆਂ ਕਿੰਨਾ ਕੁਝ ਮੇਰੇ ਵਿੱਚੋਂ ਦੀ ਲੰਘਿਆ।
ਰਾਜ ਤਿਵਾੜੀ ਆ ਗਿਆ। ਉਹ ਮਿੱਠਾ ਗਾਇਕ ਹੈ, ਭਲੇ ਵੇਲਿਆਂ ਦਾ। ਬਦਤਮੀਜ਼ ਗੀਤਾਂ ਤੋਂ ਪਹਿਲਾਂ ਦਾ। ਫ਼ਰੀਦਕੋਟ ਦਾ ਪੜ੍ਹਿਆ, ਪਟਿਆਲੇ ਪਰਵਾਨ ਚੜ੍ਹਿਆ।
ਉਸ ਨਾਲ ਗੱਲਾਂ ਕਰ ਹੀ ਰਿਹਾ ਸਾਂ ਕਿ ਪਰਗਟ ਸਿੰਘ ਗਰੇਵਾਲ ਤੇ ਗੁਰਨਾਮ ਧਾਲੀਵਾਲ ਆ ਗਏ। ਤੇਜ ਪਰਤਾਪ ਸਿੰਘ ਸੰਧੂ, ਹਰਪ੍ਰੀਤ ਜਗਦੀਸ਼ਪਾਲ ਗਰੇਵਾਲ, ਤ੍ਰੈਲੋਚਨ ਲੋਚੀ ਵੀ  ਆ ਗਏ। ਪ੍ਰੋਃ ਰਵਿੰਦਰ ਭੱਠਲ ਕਿਤੇ ਰੁੱਝੇ ਸਨ। ਇਕਬਾਲ ਸਿੰਧ ਸਿੱਧੂ ਮੋਗੇ ਨੂੰ ਜਾਂਦਿਆਂ ਸਾਡੇ ਕੋਲ ਆ ਗਏ। ਡਾਃ ਨਿਰਮਲ ਜੌੜਾ ਵੀ ਹਾਜ਼ਰ ਹੋ ਗਿਆ। ਨਵਜੋਤ ਤੇ ਉਸ ਦੀ ਸਰਦਾਰਨੀ ਜਸਬੀਰ ਜਰਗ ਵੀ ਪਾਇਲ ਵਾਲੇ ਅਯੂਬ ਦੀ ਬਰਫ਼ੀ ਲੈ ਕੇ ਪਹੁੰਚ ਗਏ।
ਏਧਰਲੀਆਂ ਓਧਰੀਆਂ ਗੱਲਾਂ ਤੋਂ ਬਾਦ ਨਕਲੀ ਸਾਧਾਂ ਤੇ ਸਭ ਦੀ ਸੂਈ ਅਟਕ ਗਈ। ਵਾਹਵਾ ਚਿਰ ਓਥੇ ਹੀ ਘਰਰ ਘਰਰ ਕਰੀ ਗਈ।
ਰਾਜ ਤਿਵਾੜੀ ਨੇ ਸਾਨੂੰ ਅਚਨਚੇਤ ਬਿਨ ਬੋਲਿਆਂ ਵਰਜਿਆ ਤੇ ਗੀਤ ਛੋਹ ਲਿਆ। ਨਾਲ ਹੀ ਨਵਜੋਤ ਸਿੰਘ ਮੰਡੇਰ ਜਰਗ ਨੇ  ਸਦਰ ਦੀਨ ਜਗਰਾਵਾਂ ਵਾਲੇ ਦਾ ਲਿਖਿਆ ਤੇ 1932 ਚ ਫ਼ਜ਼ਲ ਟੁੰਡਾ ਦੀ ਆਵਾਜ਼ ਚ ਰੀਕਾਰਡ ਹੋਇਆ ਗੀਤ
ਕਲਹਿਰੀਆ ਮੋਰਾ ਵੇ,
ਮੈਂ ਨਾ ਤੇਰੇ ਰਹਿੰਦੀ।
ਗਾ ਕੇ ਸਾਨੂੰ ਵਿਸਮਾਦ ਦੇ ਨੂਰ ਤੇ ਨੀਰ ਨਾਲ ਸਰਸ਼ਾਰ ਕੀਤਾ।

ਸ਼ਾਮੀਂ ਸਵਾ ਅੱਠ ਕੁ ਵਜੇ ਕੁਲਦੀਪ ਆ ਗਿਆ। ਪਹਿਲੀ ਵਾਰ ਵੇਖਣਾ ਸੀ ਮੈ ਆਪਣੇ ਯਾਰ ਨੂੰ ਵਜ਼ੀਰ ਬਣਨ ਮਗਰੋਂ। ਮੇਰੀਆਂ ਅੱਖਾਂ ਨਮ ਹੋ ਗਈਆਂ। ਦੁੱਖ ਸੁਖ ਦੇ ਭਾਈਵਾਲ ਨਾਲ ਬਗਲਗੀਰ ਹੁੰਦਿਆਂ ਚੇਤੇ ਹੀ ਨਾ ਰਿਹਾ ਕਿ ਉਸ ਦੇ ਨਾਲ ਆਏ ਵਿਧਾਇਕਾਂ ਨੂੰ ਵੀ ਮਿਲਣਾ ਹੈ। ਉਸ ਨਾਲ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲਾ ਲਾਭ ਸਿੰਘ ਉੱਗੋਕੇ, ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਗਿੱਲ ਤੋਂ ਜੀਵਨ ਸਿੰਘ ਸੰਗੋਵਾਲ, ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਵੀ ਸਨ। ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੀ ਆ ਗਿਆ। ਉਹ ਪਰਿਵਾਰਕ ਨੇੜੂ ਹੈ ਸਾਡਾ। ਸਭ ਨੇ ਨਵੇਂ ਵਿਧਾਇਕਾਂ ਦੀ ਸਾਦਗੀ ਨੂੰ ਪਿਆਰਿਆ।
ਚੰਗਾ ਲੱਗਿਆ, ਬੇ ਤਕੱਲਫ਼ ਹੋ ਕੇ ਆਉਣਾ ਤੇ ਮਿਲਣਾ।
ਸਭਨਾਂ ਨੂੰ ਮੈਂ ਤੇ ਤੇਜ ਪ੍ਰਤਾਪ ਸਿੰਘ ਸੰਧੂ ਨੇ ਆਪਣੀ ਸਾਂਝੀ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਭੇਂਟ ਕੀਤੀ ਮੁੜਦਿਆਂ ਨੂੰ, ਮੋੜਵੀਂ ਭਾਜੀ ਵਾਂਗ।
ਆਪਣੇ ਏਦਾਂ ਹੀ ਆਉਣ ਤਾਂ ਚੰਗਾ ਲੱਗਦੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!