ਫ਼ਤਹਿਗੜ੍ਹ ਸਾਹਿਬ ‘ਚ ਭਲ੍ਹਕੇ ਲਗਾਈ ਜਾਵੇਗੀ ਪੈਨਸ਼ਨ ਲੋਕ ਅਦਾਲਤ
ਪੈਨਸ਼ਨਰਾਂ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਪੈਨਸ਼ਨ ਲੋਕ ਅਦਾਲਤ :- ਡਿਪਟੀ ਕਮਿਸ਼ਨਰ
ਬੱਚਤ ਭਵਨ ਵਿਖੇ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ ਪੈਨਸ਼ਨ ਅਦਾਲਤ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ 2022
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ ਦੇ ਲੰਬਿਤ ਮਾਮਲਿਆਂ ਤੇ ਉਨ੍ਹਾਂ ਦੀਆਂ ਸਿ਼ਕਾਇਤਾਂ ਦੇ ਨਿਪਟਾਰੇ ਲਈ 20 ਅਪ੍ਰੈਲ ਨੂੰ ਬੱਚਤ ਭਵਨ ਵਿਖੇ ਪੈਨਸ਼ਨ ਲੋਕ ਅਦਾਲਤ ਲਗਾਈ ਜਾਵੇਗੀ ਜੋ ਕਿ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਪੈਨਸ਼ਨ ਅਦਾਲਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਜਾਵੇਗਾ ਜੋ ਕਿ ਪੈਨਸ਼ਨਰਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੈਨਸ਼ਨ ਅਦਾਲਤ ਵਿੱਚ ਆਪੋ ਆਪਣੇ ਵਿਭਾਗਾਂ ਨਾਲ ਸਬੰਧਤ ਪੈਨਸ਼ਨਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਪੈਨਸ਼ਨਰਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਜਿ਼ਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਵੱਧ ਤੋਂ ਵੱਧ ਪੈਨਸ਼ਨਰਾਂ ਨੂੰ ਇਸ ਪੈਨਸ਼ਨ ਅਦਾਲਤ ਬਾਰੇ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਜਿ਼ਲ੍ਹਾ ਲੀਡ ਬੈਂਕ ਮੈਨੇਜਰ ਨੂੰ ਵੀ ਹਦਾਇਤ ਕੀਤੀ ਕਿ ਪੈਨਸ਼ਨ ਅਦਾਲਤ ਵਿੱਚ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਪੈਨਸ਼ਨਰਾਂ ਦੀਆਂ ਵੱਖ-ਵੱਖ ਬੈਂਕਾਂ ਸਬੰਧੀ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਜਿ਼ਲ੍ਹੇ ਦੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੈਨਸ਼ਨ ਅਦਾਲਤ ਵਿੱਚ ਪਹੁੰਚ ਕੇ ਇਸ ਦਾ ਲਾਭ ਉਠਾਉਣ।