ਸਿਆਸੀ ਚੁੰਝ ਚਰਚਾ ਤੋਂ ਦੂਰ ਹੀ ਰਿਹਾ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ
ਡੇਰਾ ਸਿਰਸਾ ਦੀ ਸੰਗਤ ਨੇ ਕਰਤੇ ਹੱਥ ਖੜ੍ਹੇ , ਕਹਿੰਦੇ ਅਸੀਂ, ਇੱਕ ਹਾਂ ਤੇ ਇੱਕ ਹੀ ਰਹਾਂਗੇ,,
ਅਸ਼ੋਕ ਵਰਮਾ ਬਠਿੰਡਾ 10 ਅਪਰੈਲ2023
ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਆਪਣੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਲੰਘੀ ਕੱਲ੍ਹ ਕਰਵਾਇਆ ਸਮਾਗਮ ਸਿਆਸੀ ਮਾਹੌਲ ਤੋਂ ਪੂਰੀ ਤਰ੍ਹਾਂ ਦੂਰ ਰਿਹਾ। ਡੇਰਾ ਸਿਰਸਾ ਦਾ ਸਿਆਸੀ ਵਿੰਗ ਭੰਗ ਹੋਣ ਤੋਂ ਬਾਅਦ ਪੰਜਾਬ ਵਿੱਚ ਇਹ ਪਹਿਲਾ ਵੱਡਾ ਸਮਾਗਮ ਸੀ , ਜਦੋਂ ਕਿ ਇਸ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਅਹਿਮ ਤੇ ਵੱਡੇ ਸਮਾਗਮਾਂ ਵਿੱਚ ਵੱਡੀ ਗਿਣਤੀ ਸਿਆਸੀ ਆਗੂ ਵੀ ਸ਼ਮੂਲੀਅਤ ਕਰਦੇ ਰਹੇ ਹਨ । ਹਾਲਾਂ ਕਿ ਡੇਰਾ ਸਿਰਸਾ ਦਾ ਸਿਆਸੀ ਵਿੰਗ ਹੁਣ ਵਜੂਦ ਵਿੱਚ ਨਹੀਂ ਰਿਹਾ, ਫਿਰ ਵੀ ਡੇਰਾ ਆਗੂਆਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਵਕਤ ਆਉਣ ਤੇ ਉਹ ਕਿਸੇ ਵੀ ਕਿਸਮ ਦਾ ਸਿਆਸੀ ਫੈਸਲਾ ਲੈ ਸਕਦੇ ਹਨ।
ਇਸ ਮਾਮਲੇ ਨਾਲ ਜੁੜਿਆ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਭਾਵੇਂ ਡੇਰਾ ਸੱਚਾ ਸੌਦਾ ਵੱਲੋਂ ਸਿਆਸੀ ਵਿੰਗ ਕਰ ਦਿੱਤਾ ਗਿਆ ਹੈ ਫਿਰ ਵੀ ਆਗੂ ਪ੍ਰਬੰਧਕਾਂ ਨੇ ਡੇਰਾ ਸਿਰਸਾ ਨਾਲ ਜੁੜੇ ਪੈਰੋਕਾਰਾਂ ਨੂੰ ਏਕਤਾ ਬਣਾ ਕੇ ਰੱਖਣ ਦਾ ਸੱਦਾ ਦਿੱਤਾ । ਸਮਾਗਮ ਪੰਡਾਲ ਵਿੱਚ ਹਾਜ਼ਰ ਡੇਰਾ ਪ੍ਰੇਮੀਆਂ ਨੇ ਆਗੂਆਂ ਵੱਲੋਂ ਦਿੱਤੇ ਸੱਦੇ ਦਾ ਦੋਵੇਂ ਹੱਥ ਖੜੇ ਕਰ ਕ ਭਰਵਾਂ ਹੁੰਗਾਰਾ ਭਰਿਆ। ਇਸ ਮੌਕੇ ਪੰਡਾਲ ‘ਚ ਮੌਜੂਦ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਦੁਹਰਾਇਆ ਕਿ ਅਸੀਂ ਇੱਕ ਹਾਂ, ਇੱਕ ਰਹਾਂਗੇ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦਾ ਪੰਜਾਬ ਦੇ ਅਹਿਮ ਸਿਆਸੀ ਕਿਤੇ ਮਾਲਵੇ ਦੀਆਂ ਤਿੰਨ ਦਰਜਨ ਤੋਂ ਵੱਧ ਸੀਟਾਂ ਤੇ ਵੱਡਾ ਪ੍ਰਭਾਵ ਹੈ ਅਤੇ ਡੇਰਾ ਪੈਰੋਕਾਰ ਸਿਆਸੀ ਧੋਬੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ।
ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਸਾਬਕਾ ਅਤੇ ਮੌਜੂਦਾ 85 ਮੈਂਬਰ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਰਾਜਨੀਤਕ ਵਿੰਗ ਸਾਧ ਸੰਗਤ ਨੇ ਬਣਾਇਆ ਸੀ ਅਤੇ ਉਸ ਵੱਲੋਂ ਹੀ ਭੰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ ਡੇਰਾ ਪੈਰੋਕਾਰਾਂ ਦੀ ਏਕਤਾ ਬਰਕਰਾਰ ਇਸੇ ਤਰ੍ਹਾਂ ਹੀ ਰਹੇਗੀ ਬਲਕਿ ਹੋਰ ਵੀ ਮਜ਼ਬੂਤ ਹੋਵੇਗੀ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਅਜੇ ਚੋਣਾਂ ਸਮਾਂ ਹੈ ਅਤੇ ਲੋੜ ਪੈਣ ਤੇ ਸਾਧ ਸੰਗਤ ਨਾਲ ਮਿਲ ਬੈਠ ਕੇ ਰਣਨੀਤੀ ਘੜ ਲਈ ਜਾਏਗੀ।
ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨੇ ਦੱਸਿਆ ਕੇ ਦੇ ਡੇਰੇ ਦੇ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ ਸੰਗਤ ਨੇ ਅੱਜ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਭੰਡਾਰਾ ਮਨਾਇਆ ਹੈ।ਉਨ੍ਹਾਂ ਦੱਸਿਆ ਕਿ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਗਈ ਸੀ ਇਸ ਲਈ ਅਪ੍ਰੈਲ ਮਹੀਨੇ ਨੂੰ ਸਾਧ ਸੰਗਤ ਸਥਾਪਨਾ ਮਹੀਨੇ ਦੇ ਰੂਪ ਵਿੱਚ ਮਨਾਉਂਦੀ ਹੈ। ਅੱਜ ਦੇ ਸਮਾਗਮ ਦੌਰਾਨ ਡੇਰਾ ਪ੍ਰੇਮੀਆਂ ਦੇ ਬੈਠਣ ਲਈ ਬਣਾਇਆ ਪੰਡਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅੱਜ ਦੇ ਸਮਾਗਮ ਦੌਰਾਨ ਔਰਤਾਂ ਦੀ ਭਾਰੀ ਗਿਣਤੀ ਵਿਚ ਸ਼ਾਮਲ ਹੋਈਆਂ। ਪ੍ਰਬੰਧਕਾਂ ਵੱਲੋਂ ਆਉਣ ਵਾਲੇ ਲੋਕਾਂ ਲਈ ਖਾਣ ਪੀਣ ਅਤੇ ਪਾਣੀ ਆਦਿ ਦੇ ਪ੍ਰਬੰਧ ਕੀਤੇ ਗਏ ਸਨ।
ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਇਸ ਮੌਕੇ 29 ਗਰਭਵਤੀ ਮਹਿਲਾਵਾਂ ਨੂੰ ਪੋਸ਼ਟਿਕ ਆਹਾਰ ਦੀਆਂ ਕਿੱਟਾਂ ਵੰਡੀਆਂ ਗਈਆਂ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਛੀਆਂ ਨੂੰ ਪਾਣੀ ਰੱਖਣ ਲਈ175 ਕਟੋਰੇ ਵੀ ਵੰਡੇ ਹਨ । ਡੇਰਾ ਪ੍ਰੇਮੀਆਂ ਨੇ ਕਿਹਾ ਨੇ ਕਿਹਾ ਕਿ ਉਹ ਮਾਨਵਤਾ ਭਲਾਈ ਕਾਰਜਾਂ ਵਿੱਚ ਹੋਰ ਤੇਜੀ ਨਾਲ ਜੁਟਣਗੇ ਤਾਂ ਜੋ ਲੋੜਵੰਦਾਂ ਦੀ ਮੱਦਦ ਕੀਤੀ ਜਾ ਸਕੇ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਪਹਿਲਾਂ ਤੋਂ ਰਿਕਾਰਡ ਕੀਤੀ ਹੋਈ ਵੀਡੀਓ ਸਾਧ ਸੰਗਤ ਨੂੰ ਵੱਡੀਆਂ ਸਕਰੀਨਾਂ ਰਾਹੀਂ ਸੁਣਾਈ ਗਈ।
ਇਸ ਵੀਡੀਓ ਰਾਹੀਂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ ਨਸ਼ਿਆਂ ਦੇ ਖਾਤਮੇ ਲਈ ਸਾਰੇ ਧਰਮਾਂ ਦੇ ਪ੍ਰਚਾਰਕਾਂ ਤੇ ਨੁਮਾਇੰਦਿਆਂ ਨੂੰ ਆਪਸੀ ਸਹਿਯੋਗ ਨਾਲ ਨਸ਼ਾ ਛੁਡਾਉਣ ਦੇ ਯਤਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਦਾ ਹੈ। ਉਨ੍ਹਾਂ ਨਸ਼ੇ ਦੇ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਕਿ ਉਹ ਨਸ਼ਾ ਵੇਚਣ ਦੀ ਥਾਂ ਹੋਰ ਬੜੇ ਵਪਾਰ ਹਨ ਉਹ ਕਰ ਲੈਣ ਪਰ ਨਸ਼ੇ ਵੇਚਣਾ ਛੱਡ ਦੇਣ। ਉਹਨਾਂ ਡੇਰਾ ਪੈਰੋਕਾਰਾਂ ਨੂੰ ਕਿਹਾ ਕਿ ਕੋਈ ਵੀ ਦੀਨ-ਦੁਖੀ ਹੋਵੇ ਤਾਂ ਜਾ ਕੇ ਉਸਦੀ ਮੱਦਦ ਕਰਿਆ ਕਰੋ, ਡੇਰਾ ਸੱਚਾ ਸੌਦਾ ਦੀ ਇਹੋ ਸਿੱਖਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਰਸਤਾ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਚਲਾਇਆ ਜਿਸਦਾ ਨਾਮ “ਡੇਰਾ ਸੱਚਾ ਸੌਦਾ” ਰੱਖਿਆ। ਉਨ੍ਹਾਂ ਕਿਹਾ ਕਿ 1948 ਤੋਂ ਲੈ ਕੇ ਅੱਜ ਤੱਕ ਕੋਈ ਦੱਸੇ ਕਿ ਡੇਰਾ ਸੱਚਾ ਸੌਦਾ ਨੇ ਕਿਸੇ ਧਰਮ ਦੀ ਨਿਖੇਧੀ ਕੀਤੀ ਹੋਵੇ। ਡੇਰਾ ਸੱਚਾ ਸੌਦਾ ਵਿੱਚ ਸਭ ਧਰਮਾਂ ਦੇ ਸਤਿਕਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਡੇਰਾ ਸੱਚਾ ਸੌਦਾ ਦੇ 6 ਕਰੋੜ ਤੋਂ ਉੱਪਰ ਸ਼ਰਧਾਲੂ ਇਨਸਾਨੀਅਤ ਦੀ ਸੰਭਾਲ ਕਰ ਰਹੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਅਸੀਂ ਸਭ ਦਾ ਸਤਿਕਾਰ ਕਰਨ ਵਾਲੇ ਹਾਂ, ਇੱਜਤ ਕਰਨ ਵਾਲੇ ਹਾਂ, ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ, ਜੇ ਕਹਿੰਦੇ ਹਾਂ ਤਾਂ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਕਹਿੰਦੇ ਹਾਂ, ਹਰ ਧਰਮ ਸਥਾਨ ਦੇ ਅੱਗੇ ਸਿਜਦਾ ਕਰਨ ਲਈ ਕਹਿੰਦੇ ਹਾ। ਇਸ ਮੌਕੇ ਨਸ਼ਿਆਂ ਦੇ ਖਾਤਮੇ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਡਾਕੂਮੈਂਟਰੀ ਰਾਹੀਂ ਦਿਖਾਇਆ ਗਿਆ ਅਤੇ ਜਾਗੋ ਦੁਨੀਆਂ ਦੇ ਲੋਕੋ ਨਸ਼ਾ ਜੜ ਤੋਂ ਪੁੱਟਣਾ ਵੀਡੀਉ ਰਾਹੀਂ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ।