29 ਅਪ੍ਰੈਲ ਨੂੰ ਕਰਵਾਇਆ ਜਾ ਰਿਹੈ ਦਸਤਾਰ ਸਜਾਓ ਮੁਕਾਬਲਾ
ਵਿਸ਼ਵ ਪੰਜਾਬੀ ਸਭਾ ਕਨੇਡਾ, ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ ਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਵੱਲੋਂ ਕਰਵਾਇਆ ਜਾ ਰਿਹੈ ਦਸਤਾਰ ਸਜਾਓ ਮੁਕਾਬਲਾ
ਅੰਜੂ ਅਮਨਦੀਪ ਗਰੋਵਰ , ਜਲੰਧਰ 28 ਮਾਰਚ 2023
ਬਹੁਤ ਸਾਰੇ ਪੰਜਾਬੀ ਮੀਲਾਂ ਦੂਰ ਵਿਦੇਸ਼ਾਂ ਵਿੱਚ ਵਸਦੇ ਕੋਈ ਵੀ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਚਾਹੁੰਦੇ ਨੇ । ਅਜਿਹੇ ਸਿਰੜੀ ਘੱਟ ਹੀ ਨੇ ਜਿਹੜੇ ਆਪਣੇ ਵਿਰਸੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਸਮਾਂ ਵੀ ਕੱਢਦੇ ਨੇ ਤੇ ਦਸਵੰਧ ਵੀ ਇਸ ਲੇਖੇ ਲਾਉਂਦੇ ਨੇ। ਅਜਿਹਾ ਹੀ ਕਾਰਜ ਕਰਦੇ ਆ ਰਹੇ ਨੇ, ਕਨੇਡਾ ਦੇ ਬਰੈਂਪਟਨ ਚ ਵਸਦੇ ਵਿਸ਼ਵ ਪੰਜਾਬੀ ਸਭਾ ਅਤੇ ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ। ਜਿਹਨਾਂ ਦੀ ਸੋਚ ਹੈ ਕਿ ਆਪਣੇ ਵਿਰਸੇ ਤੇ ਸਭਿਆਚਾਰ ਦੀਆਂ ਜੜਾਂ ਨਾਲੋਂ ਜਿਹੜੇ ਲੋਕ ਟੁੱਟ ਚੁੱਕੇ ਨੇ, ਉਹਨਾਂ ਨੂੰ ਮੁੜ ਜੋੜਿਆ ਜਾਵੇ ਅਤੇ ਆਉਣ ਵਾਲੀ ਪੀੜੀ ਨੂੰ ਵੀ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਸਾਂਭ ਸੰਭਾਲ ਲਈ ਹੱਲਾਸ਼ੇਰੀ ਦਿੱਤੀ ਜਾਵੇ। ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਜਿਹੀ ਸੋਚ ਹੈ। ਉਹ ਵਿਰਸੇ ਨਾਲ ਜੁੜੇ ਰਹਿਣ ਦੇ ਬਹਾਨੇ ਨਹੀਂ ਲਭਦੇ, ਸਗੋਂ ਕੁਝ ਨਾ ਕੁਝ ਉਲੀਕਦੇ ਰਹਿੰਦੇ ਨੇ, ਬਹੁਤ ਸਾਰੇ ਸਾਹਿਤਕ ਤੇ ਸਮਾਜਿਕ ਪ੍ਰੋਗਰਾਮ ਉਹਨਾਂ ਦੀ ਅਗਵਾਈ ਵਿੱਚ ਹੁੰਦੇ ਆ ਰਹੇ ਨੇ, ਹੁਣ ਉਹਨਾਂ ਦੀ ਅਗਵਾਈ ਵਿੱਚ ਵਿਸ਼ਵ ਪੰਜਾਬੀ ਸਭਾ ਕਨੇਡਾ, ਓਂਟਾਰੀਓ ਫਰੈਂਡਜ਼ ਕਲੱਬ ਅਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਪੰਜਾਬ ਦੇ ਸਹਿਯੋਗ ਨਾਲ 29 ਅਪ੍ਰੈਲ ਨੂੰ ਸਵੇਰੇ 10 ਵਜੇ ਐੱਮ ਐੱਸ ਫਾਰਮ ਐਂਡ ਰਿਜ਼ਾਰਟ, ਨਜ਼ਦੀਕ ਲੈਦਰ ਕੰਪਲੈਕਸ ਰੋਡ, ਆਪੋਜ਼ਿਟ ਬਸਤੀ ਪੀਰਦਾਦ, ਜਲੰਧਰ ਵਿਖੇ ਦਸਤਾਰ ਸਜਾਓ ਅਤੇ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਾਸਤੇ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ 20 ਅਪ੍ਰਲ ਤੱਕ ਕਰਵਾਈ ਜਾ ਸਕਦੀ ਹੈ। ਦਸਤਾਰ ਸਜਾਓ ਮੁਕਾਬਲੇ ਦੇ ਦੋ ਗਰੁੱਪ ਹਨ, ਪਹਿਲੇ ਗਰੁੱਪ ਚ 6-12 ਸਾਲ ਦੀ ਉਮਰ ਦੇ ਬੱਚੇ ਹਿੱਸਾ ਲੈਣਗੇ, ਜਿਹਨਾਂ ਦੀ ਦਸਤਰਾਬੰਦੀ ਲਈ ਮਾਪੇ ਮਦਦ ਕਰ ਸਕਦੇ ਹਨ। ਦੂਜਾ ਮੁਕਾਬਲਾ 13-20 ਸਾਲ ਦੀ ਉਮਰ ਦੇ ਬੱਚਿਆਂ ਚ ਹੋਵੇਗਾ, ਇਸ ਵਾਸਤੇ ਪਹਿਲਾ ਇਨਾਮ 5100, ਦੂਜਾ ਇਨਾਮ 3100, ਤੇ ਤੀਜਾ ਇਨਾਮ 2100 ਰੁਪਏ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਦਲਬੀਰ ਕਥੂਰੀਆ ਹੁਰਾਂ ਨੇ ਦੱਸਿਆ ਕਿ ਇੱਥੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੋਂ ਮੂਲ ਮੰਤਰ ਸੁਣਿਆ ਜਾਵੇਗਾ, ਗੁਰੂ ਸਾਹਿਬਾਨ, ਚਾਰ ਸਾਹਿਬਜਾਦਿਆਂ, ਪੰਜਾਂ ਪਿਆਰਿਆਂ, ਦੇ ਨਾਮ ਪੁੱਛੇ ਜਾਣਗੇ, ਊੜਾ ਐੜਾ ਸੁਣਿਆ ਜਾਵੇਗਾ, ਜਾਂ ਇਸ ਸੰਬੰਧੀ ਸਵਾਲ ਜੁਆਬ ਹੋਣਗੇ, ਜੋ ਵੀ ਬੱਚਾ ਘੱਟ ਸਮੇਂ ਵਿੱਚ ਸਹੀ ਜੁਆਬ ਦੇਵੇਗਾ, ਉਸ ਵਾਸਤੇ ਪਹਿਲਾ 3100 ਰੁਪਏ ਇਨਾਮ ਰੱਖਿਆ ਗਿਆ ਹੈ, ਦੂਜਾ ਇਨਾਮ 2100 ਤੇ ਤੀਜਾ 1100 ਰੁਪਏ ਰੱਖਿਆ ਗਿਆ ਹੈ। ਡਾ ਦਲਬੀਰ ਕਥੂਰੀਆ ਅਤੇ ਯਰੂਸ਼ਲਮ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਅਜਿਹਾ ਉਪਰਾਲੇ ਹਮਖਿਆਲੀਆਂ ਨਾਲ ਮਿਲ ਕੇ ਕਰਦੇ ਆ ਰਹੇ ਨੇ, ਤੇ ਕਰਦੇ ਵੀ ਰਹਿਣਗੇ, ਤਾਂ ਜੋ ਆਉਂਦੀਆਂ ਨਸਲਾਂ ਨੂੰ ਊੜੇ-ਜੂੜੇ ਦੇ ਮਹਾਨ ਵਿਰਸੇ ਨਾਲ ਜੋੜੀ ਰੱਖਿਆ ਜਾ ਸਕੇ।ਡਾ ਦਲਬੀਰ ਸਿੰਘ ਕਥੂਰੀਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਾਲ ਹੀ ਵਿੱਚ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਰਾਏਕੋਟ ਪੰਜਾਬ ਦੇ ਸਹਿਯੋਗ ਨਾਲ ਰਾਏਕੋਟ ਵਿਖੇ 23 ਮਾਰਚ ਦੇ ਸ਼ਹੀਦਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵੀ ਕਰਵਾਇਆ ਗਿਆ ।