PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਡੇਰਿਆਂ ਦੇ ਬਨੇਰਿਆਂ ਤੇ ਫਿਰ ਜਗਣ ਲੱਗੇ ਸਿਆਸੀ ਦੀਵੇ

Advertisement
Spread Information

ਅਸ਼ੋਕ ਵਰਮਾ , ਜਲੰਧਰ/ਬਠਿੰਡਾ 27 ਮਾਰਚ 2023

  ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਕਾਰਨ ਪੰਜਾਬ ਅਤੇ ਮੁਲਕ ਦੇ ਵੱਡੇ ਸਿਆਸੀ ਲੀਡਰਾਂ ਨੇ  ਡੇਰਿਆਂ ਵਲ ਵਹੀਰਾਂ ਘੱਤ ਦਿੱਤੀਆਂ ਹਨ।  ਇਹ ਜ਼ਿਮਨੀ ਚੋਣ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਕਾਰਨ ਖਾਲੀ ਹੋਈ ਸੀ। ਹਾਲਾਂਕਿ ਦੇਸ਼ ਦੇ ਚੋਣ ਕਮਿਸ਼ਨ ਨੇ ਇਸ ਚੋਣ ਲਈ ਕਿਸੇ  ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਕੀਤਾ ਹੈ ਫਿਰ ਵੀ ਸਿਆਸੀ ਲੀਡਰ ਅੱਗੇਤੇ ਹਿ ਪੱਬਾਂ ਭਾਰ ਹੋ ਗਏ ਹਨ। ਤਾਜ਼ਾ ਹਾਲਾਤਾਂ ਦੇ ਸੰਦਰਭ ਵਿੱਚ ਲੋਕ ਸਭਾ ਹਲਕਾ ਜਲੰਧਰ ਦਾ ਇੱਕ ਅਜਿਹਾ ਵੱਕਾਰੀ ਹਲਕਾ ਬਣ ਗਿਆ ਹੈ ਜਿਸ ਵੱਲ ਪੰਜਾਬ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਟਿਕ ਗਈਆਂ ਹਨ।

 ਜਲੰਧਰ ਲੋਕ ਸਭਾ ਹਲਕੇ ਵਿਚ ਦੋ ਅਹਿਮ  ਡੇਰੇ ਸਥਿਤ ਹਨ । ਇਹਨਾਂ ਵਿਚੋਂ ਇਕ ਡੇਰਾ ਰਾਧਾ ਸੁਆਮੀ ਬਿਆਸ ਹੈ ਜਦੋਂ ਕਿ ਦੂਸਰਾ ਡੇਰਾ ਸੱਚ ਖੰਡ ਬੱਲਾਂ ਹੈ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਿਰਸਾ ਸਮੇਤ  ਹੋਰ ਵੀ ਕਈ ਵੱਖ-ਵੱਖ ਸੰਪਰਦਾਵਾਂ ਅਤੇ ਧਾਰਮਿਕ ਆਗੂਆਂ ਦਾ ਪ੍ਰਭਾਵ ਹੈ  ਜੋ ਜਲੰਧਰ ਜਿਮਨੀ ਚੋਣ ਦੇ  ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ  ਸਮਰੱਥਾ ਰੱਖਦੇ ਹਨ। ਪੰਜਾਬ  ਵਿੱਚ ਜਿਸ ਤਰ੍ਹਾਂ ਦੀ ਸਿਆਸੀ ਸਥਿਤੀ ਚੱਲ ਰਹੀ ਹੈ ਉਸ ਨੂੰ ਦੇਖਦਿਆ ਹੋਇਆਂ ਕੱਲੀ ਕੱਲੀ ਵੋਟ ਦੀ ਪੂਰੀ ਅਹਿਮੀਅਤ  ਮੰਨੀ ਜਾ ਰਹੀ ਹੈ। ਸਿਆਸੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਹਨ ਉਸਨੂੰ ਦੇਖਦਿਆਂ  ਜਲੰਧਰ ਲੋਕ ਸਭਾ ਜਿਮਨੀ ਚੋਣ ਚੋਣ ਦੌਰਾਨ ਡੇਰਿਆਂ ਦੇ ਵੋਟ ਬੈਂਕ ਦੀ ਮਹੱਤਵਪੂਰਨ ਭੂਮਿਕਾ ਰਹੇਗੀ।ਖਾਸ ਤੌਰ ‘ਤੇ ਉਹ ਹਲਕਾ ਜਿਸ ਚੋਂ ਚੋਣ ਜਿੱਤ ਕੇ ਸਧਾਰਨ  ਸਿਆਸੀ ਲੀਡਰ ਘਾਗ ਸਿਆਸਤਦਾਨ  ਬਣੇ ਹੋਣ ਤਾਂ ਇਹ ਅਹਿਮੀਅਤ ਹੋਰ ਵੀ ਵਧ ਜਾਂਦੀ  ਹੈ ।

            ਇਸ ਸਿਆਸੀ ਪੱਖ ਤੋਂ ਲੰਘਿਆ  ਸ਼ਨੀਵਾਰ ਕਾਫੀ ਮਹੱਤਤਾ  ਵਾਲਾ  ਰਿਹਾ ਕਿਉਂਕਿ ਇਸ ਦਿਨ ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਰਾਜਨਾਥ ਸਿੰਘ ਨੇ ਡੇਰਾ ਰਾਧਾ ਸੁਆਮੀ ਬਿਆਸ ਦਾ   ਦੌਰਾ ਕੀਤਾ ਅਤੇ ਡੇਰਾ  ਬਿਆਸ ਦੇ  ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ   ਕੀਤੀ । ਏਦਾਂ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਪੁੱਜੇ । ਇਸ ਤੋਂ ਪਹਿਲਾਂ  ਨਵੰਬਰ 2022 ਵਿੱਚ ਪ੍ਰਧਾਨ ਮੰਤਰੀ  ਨਰਿੰਦਰ ਮੋਦੀ  ਵੀ ਡੇਰਾ  ਰਾਧਾ ਸੁਆਮੀ ਵਿਖੇ ਹਾਜ਼ਰੀ  ਲੁਆਉਣ ਆਏ ਸਨ ।  ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਸਮੇਂ ਸਮੇਂ ਤੇ ਉੱਥੇ ਗੇੜੇ ਮਾਰਦੇ ਰਹੇ ਹਨ ।ਸਿਆਸੀ ਹਲਕਿਆਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਦੌਰਾਨ  ਸਿਆਸੀ ਲੀਡਰਾਂ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੇ ਇਨ੍ਹਾਂ ਮਹੱਤਵਪੂਰਨ ਡੇਰਿਆਂ ਵਿੱਚ  ਵਿੱਚ ਫੇਰੀ ਪਾਈ ਜਾ ਸਕਦੀ  ਹੈ।

       ਆਮ ਦਿਨਾਂ ਦੌਰਾਨ  ਜੇਕਰ ਸਿਆਸੀ ਲੀਡਰ ਡੇਰਿਆਂ ਵਿੱਚ ਆਉਂਦੇ ਹਨ ਤਾਂ ਇਸ ਨੂੰ ਸੁਧਾਰਨ ਦੌਰਾ ਸਮਝਿਆ ਜਾਂਦਾ ਹੈ ਪਰ ਜਲੰਧਰ ਲੋਕ ਸਭਾ ਚੋਣ ਕਾਰਨ ਅਜਿਹੇ ਦੌਰਿਆਂ ਦੀ ਮਹੱਤਤਾ ਸਿਆਸੀ ਤੌਰ ਤੇ ਕਾਫੀ ਵਧ ਜਾਂਦੀ ਹੈ। ਫਿਲਹਾਲ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ ਹੈ ਜਦੋਂ ਕਿ ਆਉਣ ਵਾਲੇ ਦਿਨਾਂ ਦੌਰਾਨ ਭਾਰਤੀ ਜੰਤਾ ਪਾਰਟੀ , ਅਕਾਲੀ ਦਲ ਅਤੇ  ਆਮ ਆਦਮੀ ਪਾਰਟੀ  ਤੋਂ  ਇਲਾਵਾ ਹੋਰ ਵੱਖ ਵੱਖ  ਧਿਰਾਂ ਵੱਲੋਂ  ਆਪਣੇ  ਪੱਤੇ ਖੋਲ੍ਹੇ  ਜਾਣੇ ਹਨ। ਸਿਆਸੀ ਪਾਰਟੀਆਂ ਚੋਣ ਜਿੱਤਣ ਲਈ ਹਰ ਦਾਅ ਖੇਡ ਸਕਦੀਆਂ ਹਨ । ਜਲੰਧਰ  ਜਿਮਨੀ ਚੋਣ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਇਕ ਗੱਲ ਪੱਕੀ ਹੈ ਕਿ ਡੇਰਿਆਂ ਦੇ ਵੋਟ ਬੈਂਕ ਦੀ ਭੂਮਿਕਾ ਅਹਿਮ ਰਹਿਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ।

ਡੇਰਾ ਸਿਰਸਾ ਦਾ ਵੀ ਹੈ ਪ੍ਰਭਾਵ 

   ਜਲੰਧਰ ਲੋਕ ਸਭਾ  ਹਲਕੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਦੀ ਗਿਣਤੀ ਵੀ ਕਾਫ਼ੀ ਵੱਡੀ ਹੈ  ਜੋ ਇਨ੍ਹਾਂ ਦਿਨਾਂ ਦੌਰਾਨ ਪੂਰੀ ਤਰ੍ਹਾਂ ਚੁੱਪ ਬੈਠੇ ਹੋਏ ਹਨ। ਉਂਝ ਵੀ  ਡੇਰਾ ਸੱਚਾ ਸੌਦਾ ਵੱਲੋਂ  ਆਪਣਾ  ਸਿਆਸੀ ਵਿੰਗ ਭੰਗ ਕਰਨ ਤੋਂ  ਬਾਅਦ ਇਹ ਪਹਿਲੀ ਚੋਣ  ਹੋਣ ਜਾ ਰਹੀ ਹੈ ਜਿਸ  ਕਰਕੇ ਇਹ ਪੱਖ ਵੀ ਅਹਿਮ ਹੋਵੇਗਾ ਕਿ ਡੇਰਾ ਸਿਰਸਾ ਦੇ ਪੈਰੋਕਾਰ ਕਿਸ ਤਰਾਂ  ਦੀ ਰਣਨੀਤੀ  ਅਖਤਿਆਰ ਕਰਦੇ ਹਨ।  ਡੇਰਾ ਸਿਰਸਾ ਦਾ ਇਸ ਹਲਕੇ ਵਿੱਚ ਸਲਾਬਤਪੁਰਾ ਦੀ ਤਰ੍ਹਾਂ ਕੋਈ ਵੱਡਾ ਡੇਰਾ ਨਹੀਂ ਸਿਰਫ ਵੱਖ ਵੱਖ ਥਾਵਾਂ ਤੇ ਨਾਮ ਚਰਚਾ ਘਰ ਬਣੇ ਹੋਏ ਹਨ।                                                 

ਜਲੰਧਰ ਲੋਕ  ਸਭਾ ਹਲਕੇ ਦੀ ਤਸਵੀਰ 

 ਜਲੰਧਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਹਨਾਂ ਵਿੱਚੋਂ ਚਾਰ ਰਾਖਵੇਂ ਹਨ। ਇਨ੍ਹਾਂ ਹਲਕਿਆਂ ਵਿਚ ਜਲੰਧਰ ਛਾਉਣੀ, ਜਲੰਧਰ ਉੱਤਰੀ, ਜਲੰਧਰ ਪੱਛਮੀ ,ਜਲੰਧਰ ਕੇਂਦਰੀ ,ਨਕੋਦਰ, ਆਦਮਪੁਰ ਤੇ ਕਰਤਾਰਪੁਰ ਸ਼ਾਮਲ ਹਨ।ਸਾਲ 2017 ਦੀਆਂ ਵਿਧਾਨ  ਸਭਾ ਚੋਣਾਂ  ਦੌਰਾਨ  ਪੰਜ ਹਲਕਿਆਂ ਵਿੱਚ ਕਾਂਗਰਸ ਜਿੱਤੀ ਸੀ ਜਦੋਂਕਿ  4 ਹਲਕੇ  ਆਮ ਆਦਮੀ ਪਾਰਟੀ  ਕੋਲ ਹਨ।ਸਾਲ  2019ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਚੋਣ ਜਿੱਤੇ ਸਨ।  ਉਹਨਾਂ ਦੀ ਮੌਤ ਕਾਰਨ  ਇਹ ਜਿਮਨੀ ਚੋਣ  ਕਰਵਾਈ ਜਾ ਰਹੀ ਹੈ ਜਿਸ ਨੂੰ ਰਾਜਨੀਤਕ ਪੱਖ ਤੋਂ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।


Spread Information
Advertisement
Advertisement
error: Content is protected !!