
ਤਨਖਾਹ ਨਾ ਮਿਲਣ ਤੋਂ ਔਖੇ ਡਾਕਟਰਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ!
ਡਾਕਟਰਾਂ ਦੀ ਘੁਰਕੀ- ‘ਤੇ ਮਰੀਜਾਂ ਦੀ ਖੱਜਲ-ਖੁਆਰੀ ਦਾ ਦਿਨ ਹੋਇਆ ਤੈਅ…..
ਹਰਿੰਦਰ ਨਿੱਕਾ, ਬਰਨਾਲਾ 11 ਦਸੰਬਰ 2025
ਜ਼ਿਲ੍ਹੇ ‘ਚ ਸੋਮਵਾਰ, 15 ਦਸੰਬਰ ਤੋਂ ਸਰਕਾਰੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋਣ ਜਾ ਰਹੀਆਂ ਹਨ ! ਇਹ ਐਲਾਨ ਕਿਸੇ ਹੋਰ ਨੇ ਨਹੀਂ, ਬਲਕਿ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਐਸਐਮਓ ਬਰਨਾਲਾ ਅਤੇ ਡਿਪਟੀ ਕਮਿਸ਼ਨਰ ਨੂੰ ਬਕਾਇਦਾ ਲਿਖਤੀ ਮੈਮੋਰੰਡਮ ਦੇ ਕੇ ਕੀਤਾ ਗਿਆ ਹੈ। ਅਜਿਹਾ ਹੋਣ ਨਾਲ ਸਰਕਾਰੀ ਹਸਪਤਾਲਾਂ ਵਿੱਚ ਹਰ ਦਿਨ ਪਹੁੰਚਦੇ ਮਰੀਜਾਂ ਦੀ ਖਜਲ ਖੁਆਰੀ ਤੈਅ ਮੰਨੀ ਜਾ ਰਹੀ ਹੈ। ਸਰਕਾਰੀ ਡਾਕਟਰਾਂ ਨੇ ਲੰਬੇ ਸਮੇਂ ਤੋਂ ਤਨਖਾਹਾਂ ਵਿੱਚ ਹੋ ਰਹੀ ਬੇਲੋੜੀ ਅਤੇ ਕਥਿਤ ਜਾਣ-ਬੁੱਝ ਕੇ ਕੀਤੀ ਜਾ ਰਹੀ ਦੇਰੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਉਤਰਨ ਦਾ ਫੈਸਲਾ ਲਿਆ ਹੈ। ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰਾਂ ਅੰਦਰ ਪ੍ਰਸ਼ਾਸਨ ਦੇ ਟਾਲੂ ਰਵੱਈਏ ਕਾਰਨ ਭਾਰੀ ਰੋਸ ਫੈਲਿਆ ਹੋਇਆ ਹੈ। ਉੱਧਰ ਜਿਲ੍ਹਾ ਖਜਾਨਾ ਅਫਸਰ ਨੇ ਇਸ ਪੂਰੇ ਵਰਤਾਰੇ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਪਾਲੇ ਵਿੱਚ ਗੇਂਦ ਸੁੱਟਦਿਆਂ ਕਿਹਾ ਕਿ ਜੇਕਰ ਸਿਹਤ ਵਿਭਾਗ ਦੇ ਸਮਰੱਥ ਅਧਿਕਾਰੀ ਇੱਕ ਸਰਟੀਫਿਕੇਟ ਖਜਾਨਾ ਦਫਤਰ ਨੂੰ ਦੇ ਦੇਣ ਤਾਂ ਤਨਖਾਹਾਂ ਤੁਰੰਤ ਜਾਰੀ ਕਰ ਦਿੱਤੀਆਂ ਜਾਣਗੀਆਂ।
ਤਨਖਾਹਾਂ ਨਾ ਮਿਲਣ ‘ਤੇ ਸਿਹਤ ਵਿਭਾਗ ਨਾਲ ‘ਧੱਕੇਸ਼ਾਹੀ’!
ਪੀ. ਸੀ. ਐਮ. ਐਸ. ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਡਾਕਟਰਾਂ ਨੇ ਜ਼ਿਲ੍ਹੇ ਦੇ ਐੱਸ. ਐੱਮ. ਓ. ਬਰਨਾਲਾ ਡਾਕਟਰ ਇੰਦੂ ਬਾਂਸਲ ਨੂੰ ਮੰਗ ਪੱਤਰ ਸੌਂਪ ਕੇ ਸਥਿਤੀ ਦੀ ਗੰਭੀਰਤਾ ਬਾਰੇ ਜਾਣੂ ਕਰਵਾਇਆ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਕੰਵਲਜੀਤ ਸਿੰਘ ਬਾਜਵਾ ਅਤੇ ਡਾ. ਦੀਪਲੇਖ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਇਸ ਗੰਭੀਰ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਟੀ. ਬੈਨਿਥ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਨੂੰ ਤਨਖ਼ਾਹਾਂ ਵਿੱਚ ਦੇਰੀ ਅਤੇ ਹੋਰ ਪ੍ਰੇਸ਼ਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਦੀ ਇੱਕ ਵੀ ਪ੍ਰੇਸ਼ਾਨੀ ਦਾ ਹੱਲ ਹਾਲੇ ਤੱਕ ਨਹੀਂ ਹੋਇਆ ਹੈ। ਜਿਸ ਕਾਰਣ, ਉਨਾਂ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਡਾ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਡਾਕਟਰ ਜ਼ਿੰਮੇਵਾਰੀ ਨਾਲ ਓ. ਪੀ. ਡੀ. ਸੇਵਾਵਾਂ ਦੇ ਰਹੇ ਹਨ, ਪਰ ਪਿਛਲੇ 3/4 ਮਹੀਨਿਆਂ ਤੋਂ ਜਾਣ-ਬੁੱਝ ਕੇ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਿੱਜੀ ਅਤੇ ਵਿੱਤੀ ਤੌਰ ‘ਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਦੀ ਤਰਫੋਂ ਜ਼ਾਰੀ ਹਦਾਇਤਾਂ ਅਨੁਸਾਰ ਤਨਖਾਰ ਚੜ੍ਹਦੇ ਮਹੀਨੇ ਦੀ 5 ਤਾਰੀਖ ਤੱਕ ਦੇਣੀ ਲਾਜਿਮੀ ਹੈ, ਪਰੰਤ ਤਨਖਾਹ ਲਈ ਤੈਅ ਮਿਤੀ ਤੋਂ ਇੱਕ ਹਫਤਾ ਹੀ ਲੰਘ ਚੁੱਕਿਆ ਹੈ, ਪਰ ਤਨਖਾਹ ਮਿਲਣ ਦੀ ਹਾਲੇ ਤੱਕ ਕੋਈ ਸੰਭਾਵਨਾ ਨਹੀਂ ਹੈ। ਉਨਾਂ ਕਿਹਾ ਕਿ ਇਹ ਸਮੱਸਿਆ ਜਿਲ੍ਹਾ ਪੱਧਰ ਤੇ ਹੀ ਆ ਰਹੀ ਹੈ। ਜਦੋਂਕਿ ਹੋਰ ਕਿਸੇ ਜਿਲ੍ਹੇ ਅੰਦਰ ਅਜਿਹੀ ਹਾਲਤ ਨਹੀਂ ਹੈ।
ਸੋਮਵਾਰ ਤੋਂ ਓ.ਪੀ.ਡੀ. ਸੇਵਾਵਾਂ ‘ਤੇ ਲੱਗੂ ਬ੍ਰੇਕ
ਪ੍ਰਸ਼ਾਸਨ ਦੀ ਅਣਗਹਿਲੀ ਅਤੇ ਲਾਪਰਵਾਹੀ ਵਿਰੁੱਧ ਸਖ਼ਤ ਕਦਮ ਚੁੱਕਦੇ ਹੋਏ, ਜ਼ਿਲ੍ਹਾ ਐਸੋਸੀਏਸ਼ਨ ਬਰਨਾਲਾ ਨੇ ਫੈਸਲਾ ਲਿਆ ਹੈ ਕਿ ਤਨਖਾਹਾਂ ਮਿਲਣ ਵਿੱਚ ਹੁੰਦੀ ਬੇਲੋੜੀ ਦੇਰੀ ਅਤੇ ਧੱਕੇਸ਼ਾਹੀ ਦੇ ਰੋਸ ਵਜੋਂ, ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 15 ਦਸੰਬਰ (ਸੋਮਵਾਰ) ਤੋਂ ਓ.ਪੀ.ਡੀ. ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ। ਇਹ ਐਲਾਨ ਸਮੇਂ ਡਾ. ਰਾਜ ਕੁਮਾਰ, ਡਾ. ਰਿਸ਼ੂ, ਡਾ. ਲਵਲੀਨ ਅਤੇ ਡਾ. ਅੰਕੁਸ਼ ਜਿੰਦਲ ਸਮੇਤ ਕਈ ਹੋਰ ਡਾਕਟਰ ਵੀ ਹਾਜ਼ਰ ਸਨ।
ਖਜਾਨਾ ਦਫਤਰ ਨੇ ਕਿਹਾ…
ਜਿਲ੍ਹਾ ਖਜਾਨਾ ਅਫਸਰ ਬਲਵੰਤ ਸਿੰਘ ਭੁੱਲਰ ਨੇ ਕਿਹਾ ਕਿ ਬੇਸ਼ੱਕ ਡਾਕਟਰ ਤਨਖਾਹ ਵਿੱਚ ਹੁੰਦੀ ਦੇਰੀ ਲਈ, ਖਜਾਨਾ ਦਫਤਰ ਤੇ ਰੋਸ ਕਰ ਰਹੇ ਹਨ, ਪਰ ਹਕੀਕਤ ਇਹ ਹੈ ਕਿ ਸਰਕਾਰ ਵੱਲੋਂ ਐਨਪੀਏ (ਨੌਨ ਪ੍ਰੈਕਟਿਸ ਅਲਾਉਂਸ) ਸਬੰਧੀ ਜ਼ਾਰੀ ਇੱਕ ਪੱਤਰ ਦੇ ਸਬੰਧ ਵਿੱਚ ਸਿਵਲ ਸਰਜਨ ਦਫਤਰ / ਸਹਾਇਕ ਕੰਟਰੋਲਰ ਵਿੱਤ ਤੇ ਲੇਖਾ ਵੱਲੋਂ ਡਿਪਟੀ ਕਮਿਸ਼ਨਰ ਦੀ ਨਵੰਵਰ ਮਹੀਨੇ ਤਨਖਾਹਾਂ ਜਾਰੀ ਕਰਵਾਉਣ ਸਮੇਂ ਕੀਤੀ ਮੀਟਿੰਗ ਵਿੱਚ ਤਨਖਾਹਾਂ ਦੇ ਬਿੱਲ ਜਮ੍ਹਾਂ ਕਰਵਾਉਣ ਵੇਲੇ ਹੀ ਸਰਟੀਫਿਕੇਟ ਦੇਣ ਦੇ ਦਿੱਤੇ ਭਰੋਸੇ ਦੇ ਬਾਵਜੂਦ ਵੀ ਹਾਲੇ ਤੱਕ ਇਹ ਸਰਟੀਫਿਕੇਨ ਖਜਾਨਾ ਦਫਤਰ ਵਿੱਚ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਜੇਕਰ ਇਹ ਸਰਟੀਫਿਕੇਟ ਭਲਕੇ ਵੀ ਦੇ ਦੇਣ ਤਾਂ ਤੁਰੰਤ ਤਨਖਾਹਾਂ ਜ਼ਾਰੀ ਕਰ ਦਿੱਤੀਆਂ ਜਾਣਗੀਆਂ।








