
ਪੁਲਿਸ ਦੀ ਨੌਕਰੀ, ਵਿਦੇਸ਼ ਭੇਜਣ ਦਾ ਸੁਪਨਾ ਅਤੇ ਵੱਡੀ ਫਰੈਂਚਾਈਜ਼ੀ ਦਿਵਾਉਣ ਦੇ ਨਾਂ ਤੇ ਠੱਗੀਆਂ
ਹਰਿੰਦਰ ਨਿੱਕਾ, ਪਟਿਆਲਾ 2 ਦਸੰਬਰ 2025
ਜ਼ਿਲ੍ਹੇ ਵਿੱਚ ਧੋਖਾਧੜੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਲੋਕਾਂ ਨੂੰ ਹਮੇਸ਼ਾ ਚੌਕੰਨੇ ਰਹਿਣ ਲਈ ਸੁਚੇਤ ਕਰ ਰਹੀਆਂ ਹਨ। । ਥਾਣਾ ਸਿਵਲ ਲਾਈਨ ਪਟਿਆਲਾ ਅਤੇ ਪਾਤੜਾਂ ਥਾਣਾ ਖੇਤਰਾਂ ਵਿੱਚ ਲੰਘੀ ਕੱਲ੍ਹ ਦਰਜ ਹੋਏ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਠੱਗਾਂ ਨੇ ਆਮ ਲੋਕਾਂ ਤੋਂ 1 ਕਰੋੜ 33 ਲੱਖ ਰੁਪਏ ਤੋਂ ਵੱਧ ਦੀ ਰਕਮ ਹੜੱਪ ਲਈ । ਇਨ੍ਹਾਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਠੱਗ ਪ੍ਰਵਿਰਤੀ ਦੇ ਵਿਅਕਤੀ, ਲੋਕਾਂ ਨੂੰ ਵੱਖ ਵੱਖ ਤਰਾਂ ਦੇ ਲਾਲਚ ਦੇ ਜਾਲ ਵਿੱਚ ਫਸਾ ਕੇ, ਖੁਦ ਔਹ ਜਾਂਦੇ, ਔਹ ਜਾਂਦੇ ਨੇ ਅਤੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਲੱਖਾਂ ਰੁਪਏ ਗੁਆ ਕੇ, ਹੱਥ ਮਲਦੇ ਰਹਿ ਜਾਂਦੇ ਹਨ।
ਨੌਕਰੀ ਦਾ ਝਾਂਸਾ: ਖਾਕੀ ਦਾ ਦਿਖਾਇਆ ਸੁਪਨਾ
ਪਾਤੜਾਂ ਥਾਣੇ ਅਧੀਨ ਦਰਜ ਇੱਕ ਮਾਮਲੇ ਵਿੱਚ ਇੱਕ ਪਤੀ ਪਤਨੀ ਨੇ ਹੋਰ ਵਿਅਕਤੀਆਂ ਨਾਲ ਸਾਜਬਾਜ ਕਰਕੇ, ਇੱਕ ਵਿਅਕਤੀ ਨੂੰ ਖਾਕੀ ਵਰਦੀ ਪੁਆਉਣ ਦਾ ਯਾਨੀ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਸੁਪਨਾ ਦਿਖਾ ਕੇ ਲੱਖਾਂ ਰੁਪਏ ਦੀ ਕਥਿਤ ਠੱਗੀ ਮਾਰ ਲਈ। ਪੁਲਿਸ ਨੇ ਠੱਗ ਗਰੋਹ ਤੋਂ ਪੀੜਤ ਵਿਅਕਤੀ ਰਾਜਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਕਾਹਨਗੜ੍ਹ ਘਰਾਚੋਂ (ਪਾਤੜਾਂ) ਦੀ ਸ਼ਕਾਇਤ ਪਰ, ਨਾਮਜ਼ਦ। ਦੋਸ਼ੀਆਂ ਸੁਰਜੀਤ ਰਾਮ, ਉਸ ਦੀ ਪਤਨੀ ਪਰਮਜੀਤ ਕੌਰ, ਮਨਪ੍ਰੀਤ ਰਾਮ, ਬਲਦੇਵ ਰਾਮ ਵਾਸੀਆਨ ਖਾਨੇਵਾਲ ਅਤੇ ਮਲਕੀਤ ਸਿੰਘ ਵਾਸੀ ਪਾਤੜਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਮੁਦਈ ਮੁਕੱਦਮਾਂ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਉਸ ਨੂੰ ਪੁਲਿਸ ਵਿੱਚ ਭਰਤੀ ਕਰਾਉਣ ਦਾ ਝਾਂਸਾ ਦਿੱਤਾ ਅਤੇ ਉਸ ਤੋਂ 13 ਲੱਖ ਰੁਪਏ ਲੈ ਲਏ। ਪਰੰਤੂ ਉਸ ਨੂੰ ਕੋਈ ਭਰਤੀ ਵੀ ਨਹੀਂ ਕਰਵਾਇਆ। ਪੈਸੇ ਮੰਗਣ ਤੇ ਨਾਮਜ਼ਦ ਦੋਸ਼ੀ ਟਾਲਮਟੋਲ ਕਰਨ ਲੱਗ ਪਏ। ਪਰ ਜਦੋਂ ਨਾ ਨੌਕਰੀ ਮਿਲੀ ਅਤੇ ਨਾ ਹੀ ਪੈਸੇ ਵਾਪਿਸ ਹੋਏ, ਤਾਂ ਮੁਦਈ ਨੇ ਪੁਲਿਸ ਨੂੰ ਸ਼ਕਾਇਤ ਦਿੱਤੀੇ। ਸ਼ਕਾਇਤ ਦੀ ਪੜਤਾਲ ਡੀਐਸਪੀ ਪਾਤੜਾਂ ਨੂੰ ਸੌਂਪੀ ਗਈ। ਜਿੰਨਾਂ ਦੀ ਪੜਤਾਲ ਉਪਰੰਤ ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਪਾਤੜਾਂ ਵਿਖੇ U/S 318(4), 336(3),340(2) BNS ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਦੇਸ਼ ਜਾਣ ਦਾ ਸੁਪਨਾ ਵੀ ਟੁੱਟਿਆ ‘ਤੇ 51.90 ਲੱਖ ਵੀ ਗੁਆ ਲਏ..
ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਪੁਲਿਸ ਨੇ ਮੁਕੇਸ਼ ਠਾਕੁਰ ਵਾਸੀ ਪ੍ਰਤਾਪ ਨਗਰ ਦੀ ਸ਼ਕਾਇਤ ਦੇ ਅਧਾਰ ਤੇ , ਪੁਲਿਸ ਨੇ ਦੰਪਤੀ ਖਿਲਾਫ ਠੱਗੀ ਦਾ ਪਰਚਾ ਦਰਜ ਕੀਤਾ ਹੈ। ਮੁਦਈ ਮੁਕੱਦਮਾ ਨੇ ਆਪਣੀ ਸ਼ਕਾਇਤ ਵਿੱਚ ਦੱਸਿਆ ਕਿ ਉਸ ਨੂੰ ਨੀਰਜ ਵਰਮਾ ਅਤੇ ਉਸ ਦੀ ਪਤਨੀ ਨੀਤੂ ਵਾਸੀ ਅਮਨ ਨਗਰ ਪਟਿਆਲਾ ਨੇ ਆਪਣੀਆਂ ਫਰਮਾਂ ‘ਹਰਸ’ ਅਤੇ ‘ਕ੍ਰਿਸ਼ਨਾ ਇੰਟਰ ਪ੍ਰਾਈਜਜ’ ਵਿੱਚ ਨਿਵੇਸ਼ ਦੇ ਵੱਡੇ-ਵੱਡੇ ਸੁਪਨੇ ਦਿਖਾ ਕੇ 50 ਲੱਖ ਰੁਪਏ ਹੜੱਪ ਲਏ। ਇੰਨਾ ਹੀ ਨਹੀਂ, ਬਾਅਦ ਵਿੱਚ ਉਨਾਂ ਆਪਣੇ ਭਰਾ ਵਿਨੇ ਵਰਮਾ ਨਾਲ ਮਿਲੀਭੁਗਤ ਕਰਕੇ, ਮੁਦਈ ਦੇ ਲੜਕੇ ਅਮਸ਼ ਠਾਕੁਰ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 1,90,000 ਰੁਪਏ ਹੋਰ ਲੈ ਕੇ ਉਸ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ।
ਪੁਲਿਸ ਨੇ ਬਾਅਦ ਪੜਤਾਲ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 406,420 IPC ਦੇ ਤਹਿਤ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਕੇਸ ਦਰਜ ਕੀਤਾ ਹੈ।
ਫਰੈਂਚਾਈਜ਼ੀ ਦਾ ਧੋਖਾ: ਨਾਮੀ ਰੈਸਟੋਰੈਂਟ ਦੇ ਨਾਂ ‘ਤੇ 68 ਲੱਖ ਦਾ ਚੂਨਾ
ਦੇਸ਼ ਭਰ ‘ਚ ਪ੍ਰਸਿੱਧ ‘Swagath’ ਰੈਸਟੋਰੈਂਟ ਦੀ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ, ਯੂਪੀ ਦੇ ਰਹਿਣ ਵਾਲੇ ਦੋ ਜਣਿਆਂ ਲੱਖਾਂ ਰੁਪਏ ਬਟੋਰ ਲਏ। ਪੁਲਿਸ ਨੇ ਮੁਦਈ ਸੰਦੀਪ ਬਾਂਸਲ ਵਾਸੀ ਨਾਭਾ ਦੀ ਸ਼ਕਾਇਤ ਦੇ ਅਧਾਰ ਤੇ ਦੋ ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਸੰਦੀਪ ਬਾਂਸਲ ਪੁੱਤਰ ਸੱਤਪਾਲ ਬਾਂਸਲ ਵਾਸੀ ਸ਼ਿਵਾ ਇਨਕਲੇਵ, ਸਰਕੂਲਰ ਰੋਡ ਨਾਭਾ ਨੇ ਦੱਸਿਆ ਕਿ ਉਸ ਨੂੰ ਗਾਜ਼ੀਆਬਾਦ (ਯੂ.ਪੀ.) ਦੇ ਰਹਿਣ ਵਾਲੇ ਜੈ ਰਾਮ ਬੰਨਨ ਅਤੇ ਰੋਸ਼ਨ ਬੰਨਨ ਨੇ ਖੁਦ ਨੂੰ ਪ੍ਰਸਿੱਧ ‘Swagath’ ਰੈਸਟੋਰੈਂਟ ਦਾ ਮਾਲਕ ਦੱਸਿਆ ਅਤੇ ਉਸ ਦੀ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ 68 ਲੱਖ 14 ਹਜ਼ਾਰ 628 ਰੁਪਏ ਦੀ ਵੱਡੀ ਰਕਮ ਲੈ ਲਈ। ਜਦੋਂ ਮੁਦਈ ਨੂੰ ਅਸਲੀਅਤ ਦਾ ਪਤਾ ਲੱਗਾ ਕਿ ਅਸਲੀ ਮਾਲਕ ਕੋਈ ਹੋਰ ਹੈ, ਤਾਂ ਉਸ ਨੂੰ ਨਾ ਸਿਰਫ਼ ਪੈਸਿਆਂ ਦਾ ਘਾਟਾ ਪਿਆ, ਸਗੋਂ ਉਸਦਾ ਰੈਸਟੋਰੈਂਟ ਵੀ ਬੰਦ ਹੋ ਗਿਆ। ਪੁਲਿਸ ਨੇ ਮੁਦਈ ਦੀ ਸ਼ਕਾਇਤ ਪਰ, ਬਾਅਦ ਪੜਤਾਲ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 420,120-B IPC ਤਹਿਤ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ।
ਚੇਤਾਵਨੀ! ਕਿਵੇਂ ਬਚਿਆ ਜਾਵੇ ਠੱਗਾਂ ਤੋਂ?
ਜ਼ਿਲ੍ਹੇ ਵਿੱਚ ਵਾਪਰੀਆਂ ਇਹ ਵੱਡੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਠੱਗ ਹਰ ਰਸਤੇ – ਨੌਕਰੀ, ਕਾਰੋਬਾਰ ਜਾਂ ਵਿਦੇਸ਼ ਭੇਜਣ – ਰਾਹੀਂ ਲੋਕਾਂ ਨੂੰ ਲੁੱਟ ਰਹੇ ਹਨ।
-
ਸੰਦੇਹ ਜ਼ਰੂਰੀ: ਕਿਸੇ ਵੀ ਅਣਜਾਣ ਵਿਅਕਤੀ ਜਾਂ ਫਰਮ ‘ਤੇ ਤੁਰੰਤ ਵਿਸ਼ਵਾਸ ਨਾ ਕਰੋ, ਜੋ ਬਹੁਤ ਜਲਦੀ ਅਤੇ ਆਸਾਨੀ ਨਾਲ ਵੱਡਾ ਮੁਨਾਫ਼ਾ ਦੇਣ ਦਾ ਵਾਅਦਾ ਕਰੇ।
-
ਜਾਂਚ ਕਰੋ: ਵੱਡਾ ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀ ਦੀ ਰਜਿਸਟ੍ਰੇਸ਼ਨ, ਮਾਲਕੀ ਦੇ ਦਸਤਾਵੇਜ਼ਾਂ ਅਤੇ ਪਿਛਲੇ ਕੰਮਕਾਜ ਦੀ ਕਾਨੂੰਨੀ ਤੌਰ ‘ਤੇ ਜਾਂਚ ਕਰਵਾਓ।
-
ਲਾਲਚ ਤੋਂ ਬਚੋ: ਯਾਦ ਰੱਖੋ, ਸ਼ਾਰਟਕੱਟ ਹਮੇਸ਼ਾ ਖ਼ਤਰਨਾਕ ਹੁੰਦਾ ਹੈ। ਨੌਕਰੀਆਂ ਜਾਂ ਫਰੈਂਚਾਈਜ਼ੀ ਹਮੇਸ਼ਾ ਅਧਿਕਾਰਤ ਚੈਨਲਾਂ ਰਾਹੀਂ ਹੀ ਲਓ।







