Skip to content
Advertisement

ਵਿਦਿਆਰਥੀਆਂ ਨੂੰ ਪੌਦੇ ਲਾਉਣ ਅਤੇ ਸੰਭਾਲ ਕਰਨ ਦਾ ਦਿੱਤਾ ਸੁਨੇਹਾ
ਚੇਤਨ ਗਰਗ, ਬਰਨਾਲਾ 15 ਜੁਲਾਈ 2025
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਪੌਦੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।
ਇਸ ਤਹਿਤ “ਇਕ ਪੇੜ ਮਾਂ ਦੇ ਨਾਮ” ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਨੋਡਲ ਅਫ਼ਸਰ ਹਰਜੀਤ ਸਿੰਘ ਮਲੂਕਾ ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਨੀਤਇੰਦਰ ਸਿੰਘ ਨੇ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਤੋਂ ਕੀਤੀ। 
ਓਨ੍ਹਾਂ ਕਿਹਾ ਕਿ ਸਮੂਹ ਸਕੂਲਾਂ ਅੰਦਰ ਇਹ ਮੁਹਿੰਮ 30 ਸਤੰਬਰ ਤੱਕ ਵੱਡੇ ਪੱਧਰ ‘ਤੇ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸੂਬੇ ਅੰਦਰ 19 ਲੱਖ ਤੋਂ ਵੀ ਵੱਧ ਪੌਦੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ ਵੱਧ ਤੋਂ ਵੱਧ ਪੌਦੇ ਲਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈਕੋ ਕਲੱਬ ਫਾਰ ਮਿਸ਼ਨ ਲਾਈਫ, ਹਰ ਸਕੂਲ ਵਿੱਚ ਇਸ ਮਿਸ਼ਨ ਲਈ ਅਗਵਾਈ ਕਰੇਗਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਰਜਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਚਲਾਈ ਇਸ ਲਹਿਰ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਇੱਕ ਮਾਂ ਦੇ ਪਿਆਰ ਵਾਂਗ ਉਨ੍ਹਾਂ ਦਾ ਖਿਆਲ ਰੱਖਦਿਆਂ ਸੰਭਾਲ ਕੀਤੀ ਜਾਵੇ।
ਜ਼ਿਲ੍ਹਾ ਨੋਡਲ ਅਫ਼ਸਰ ਸੁਖਪਾਲ ਸਿੰਘ ਅਤੇ ਸਕੂਲ ਈਕੋ ਕਲੱਬ ਇੰਚਾਰਜ ਚੇਤਵੰਤ ਸਿੰਘ ਨੇ ਪੌਦਿਆਂ ਦੀ ਮਹਤੱਤਾ ਤੇ ਸੰਭਾਲ ਬਾਰੇ ਸਮਝਾਇਆ ਗਿਆ। ਜ਼ਿਲ੍ਹਾ ਅਧਿਕਾਰੀ ਵੱਲੋਂ ਇਸ ਮੌਕੇ ਜਿੱਥੇ ਪੌਦੇ ਲਗਾਏ ਗਏ ਉਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੱਡੀ ਗਿਣਤੀ ਵਿੱਚ ਪੌਦੇ ਵੰਡੇ ਗਏ।
ਅੰਤ ਵਿੱਚ ਪੇਂਟਿੰਗ ਮੁਕਾਬਲੇ ਦੇ ਜੇਤੂਆਂ ਮਨਪ੍ਰੀਤ ਕੌਰ (ਪਹਿਲਾਂ), ਪੁਸ਼ਪਿੰਦਰ ਕੌਰ (ਦੂਸਰਾ), ਅਮਨਦੀਪ ਕੌਰ (ਤੀਸਰਾ) ਅਤੇ ਕੁਇਜ਼ ਮੁਕਾਬਲੇ ਦੇ ਜੇਤੂਆਂ ਕਮਲਜੀਤ ਕੌਰ, ਸੰਦੀਪ ਕੌਰ ਅਤੇ ਕ੍ਰਿਸ਼ਨ ਕੁਮਾਰ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਕੂਲ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਪਰਮਿੰਦਰਜੀਤ ਕੌਰ ਵੱਲੋਂ ਸਮੂਹ ਸ਼ਖ਼ਸੀਅਤਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕਾਕਾ ਸਿੰਘ, ਚੇਅਰਮੈਨ ਭੁਪਿੰਦਰ ਸਿੰਘ,ਬੀ.ਆਰ.ਪੀ ਤੇਜਿੰਦਰ ਸਿੰਘ,ਰਾਜੀਵ ਕੁਮਾਰ,ਪੁਸ਼ਪਿੰਦਰ ਕੁਮਾਰ, ਜਗਧੀਰ ਸਿੰਘ,ਅੰਮ੍ਰਿਤਪਾਲ ਸਿੰਘ, ਮੀਨਾਕਸ਼ੀ ਮਹਿਤਾ,ਛਿੰਦਰਪਾਲ ਕੌਰ, ਸੁਖਦੀਪ ਕੌਰ, ਮਾਪੇ ਅਤੇ ਸਮੂਹ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
Advertisement

error: Content is protected !!