PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

Police ਨੇ ਫੜ੍ਹਿਆ ਲਾਰੇਂਸ ਬਿਸ਼ਨੋਈ ਦੇ ਗੁਰਗਿਆਂ ਤੋਂ ਭਾਰੀ ਮਾਤਰਾ ‘ਚ ਅਸਲਾ

Advertisement
Spread Information

ਬਲਵਿੰਦਰ ਪਾਲ, ਪਟਿਆਲਾ 19 ਜੂਨ 2025

   ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਭਾਰੀ ਮਾਤਰਾ ਵਿੱਚ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਨੌਜਵਾਨ ਦੇ ਕਬਜ਼ੇ ਵਿੱਚੋਂ 30 ਤੇ 32 ਬੋਰ ਦੇ 3-3 ਪਿਸਟਲ, 315 ਬੋਰ ਦਾ ਇੱਕ ਦੇਸੀ ਕੱਟਾ ਅਤੇ 10 ਮੈਗਜੀਨ ਸਮੇਤ 11 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੀਡੀਆ ਨੂੰ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸਰਮਾ ਨੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ।

    ਉਨ੍ਹਾਂ ਦੱਸਿਆ ਕਿ ਪੈਸੇ ਲਈ ਅਪਰਾਧ ਜਗਤ ਨਾਲ ਜੁੜੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ ਫ਼ੌਜੀ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਦੌਣ ਕਲਾਂ, ਰਾਹੁਲ ਕੱਦੂ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਬੜਾਉਆ ਜ਼ਿਲ੍ਹਾ ਵਧਾਈਆ ਯੂ.ਪੀ. ਹਾਲ ਵਾਸੀ ਨੇੜੇ ਬਾਬਾ ਭਵਾਤ ਰੋਡ ਮੋਹਾਲੀ ਜੀਰਕਪੁਰ, ਵਿਪਲ ਕੁਮਾਰ ਬਿੱਟੂ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਰਾਮਨਗਰ ਮੇਰਠ ਯੂ.ਪੀ., ਸੁਖਚੈਨ ਸਿੰਘ ਉਰਫ ਸੁੱਖੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਿਆਲੂ ਘਨੌਰ, ਦੇਵ ਕਰਨ ਪੁੱਤਰ ਮਨੋਜ ਖੰਡੇਵਾਲ ਵਾਸੀ ਪਿੰਡ ਕਲਿਆਣਪੁਰ ਮੇਰਠ ਯੂ.ਪੀ ਵਜੋਂ ਹੋਈ, ਜਿਹੜੇ ਕੇ ਸੁਪਾਰੀ ਲੈ ਕੇ ਕਤਲ ਤੇ ਹੋਰ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਬਰਾਮਦ ਹੋਏ ਨਜਾਇਜ਼ ਹਥਿਆਰਾਂ ਦੀ ਵੀ ਉਨ੍ਹਾਂ ਦੀ ਫੈਕਟਰੀ ਤੱਕ ਜਾ ਕੇ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ।

  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐਸ.ਪੀ. ਪੀ.ਬੀ.ਆਈ. ਸਵਰਨਜੀਤ ਕੌਰ ਤੇ ਐਸ.ਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡੀ.ਐਸ.ਪੀ. ਸਰਕਲ ਦਿਹਾਤੀ ਦੀ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਰ ਅੰਮ੍ਰਿਤਵੀਰ ਸਿੰਘ ਦੀ ਟੀਮ ਦੇ ਮੈਂਬਰ ਤੇ ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਏ.ਐਸ.ਆਈ. ਹਰਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਇਹ ਗ੍ਰਿਫ਼ਤਾਰੀਆਂ ਬੀ.ਐਨ.ਐਸ. ਦੀਆਂ ਧਾਰਾਵਾਂ 109, 118(1), 115(2), 191(3), 190, 351(3), 61(2) ਤਹਿਤ ਮਿਤੀ 26 ਮਈ 2025 ਨੂੰ ਦਰਜ ਹੋਏ ਮੁਕੱਦਮਾ ਨੰਬਰ 78 ਵਿੱਚ ਕੀਤੀਆਂ ਹਨ।

   ਘਟਨਾ ਦਾ ਵੇਰਵਾ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 24-05-2025 ਨੂੰ ਪਿੰਡ ਦੌਣ ਕਲਾਂ ਦੇ ਵਾਸੀ ਦਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ‘ਤੇ 7/8 ਅਣਪਛਾਤੇ ਵਿਅਕਤੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰਕੇ ਉਸਦੀਆਂ ਲੱਤਾਂ ਤੇ ਬਾਹਵਾਂ ‘ਤੇ ਤਲਵਾਰਾਂ ਤੇ ਰਾਡਾਂ ਨਾਲ ਵਾਰ ਕੀਤੇ ਸਨ। ਉਸ ਦੇ ਬਿਆਨਾਂ ਦੇ ਅਧਾਰ ‘ਤੇ ਤੇਜਿੰਦਰ ਸਿੰਘ ਉਰਫ ਫ਼ੌਜੀ ਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।

    ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਫ਼ੌਜੀ ਜੋ ਪਹਿਲਾਂ ਹੀ ਇੱਕ ਮੁਕੱਦਮੇ ‘ਚ ਸਾਲ 2022 ਤੋਂ ਹੀ ਜੇਲ ਵਿੱਚ ਬੰਦ ਹੈ, ਨੂੰ ਕੇਂਦਰੀ ਜੇਲ÷  ਫਿਰੋਜਪੁਰ ਤੋਂ ਪ੍ਰੋਡਕਸਨ ਵਰੰਟ ਹਾਸਲ ਕਰਕੇ ਮਿਤੀ 13 ਜੂਨ 2025 ਨੂੰ ਮੁਕੱਦਮੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨੇ ਪੁੱਛਗਿੱਛ ਵਿੱਚ ਮੰਨਿਆ ਸੀ ਕਿ ਉਸਨੇ ਜੇਲ ਵਿੱਚ ਹੁੰਦੇ ਹੋਏ ਸੁਖਚੈਨ ਸਿੰਘ ਸੁੱਖੀ, ਰਾਹੁਲ ਕੱਦੂ, ਵਿਪਲ ਕੁਮਾਰ ਬਿੱਟੂ ਤੇ ਦੇਵ ਕਰਨ ਤੋਂ ਦਲਵਿੰਦਰ ਸਿੰਘ ਦੀ ਕੁੱਟਮਾਰ ਕਰਵਾਈ ਸੀ । ਜਿਸ ਦੇ ਅਧਾਰ ‘ਤੇ ਇਨ੍ਹਾਂ ਨੂੰ ਵੀ ਨਾਮਜਦ ਕੀਤਾ ਗਿਆ ਅਤੇ ਉਸੇ ਦਿਨ ਸੁਖਚੈਨ ਸਿੰਘ ਉਰਫ ਸੁੱਖੀ ਅਤੇ ਰਾਹੁਲ ਉਰਫ ਕੱਦੂ ਨੂੰ ਗ੍ਰਿਫਤਾਰ ਕੀਤਾ ਗਿਆ।

     ਤਫਤੀਸ ‘ਚ ਵਿਪਲ ਕੁਮਾਰ ਬਿੱਟੂ ਅਤੇ ਦੇਵ ਕਰਨ ਦੱਸਿਆ ਕਿ ਲੜਾਈ ਵਾਲੇ ਦਿਨ ਉਨ੍ਹਾਂ ਕੋਲ ਇੱਕ ਪਿਸਟਲ 32 ਬੋਰ ਤੇ 7 ਕਾਰਤੂਸ ਜਿੰਦਾ, 2 ਮੈਗਜੀਨ ਅਤੇ ਇੱਕ ਦੇਸੀ ਕੱਟਾ ਨਜਾਇਜ 315 ਬੋਰ ਸਮੇਤ 1 ਕਾਰਤੂਸ ਜਿੰਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਝਗੜੇ ਬਾਅਦ ਰਾਜਾ ਫਾਰਮ ਬਹਾਦਰਗੜ ਨੇੜੇ ਕਿਸੇ ਜਗ੍ਹਾ ਦੱਬ ਦਿੱਤਾ ਸੀ, ਇਨ੍ਹਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।

     ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਹ ਅਸਲਾ ਮੱਧਪ੍ਰਦੇਸ਼ ਤੋਂ ਸਸਤੇ ਭਾਅ ਲਿਆ ਕੇ ਮੰਗ ਅਨੁਸਾਰ ਮਹਿੰਗੇ ਰੇਟ ‘ਤੇ ਵੇਚਦੇ ਹਨ। ਇਨ੍ਹਾਂ ਨੇ ਮੰਨਿਆ ਕਿ ਲੜਾਈ ਤੋਂ ਪਹਿਲਾਂ ਉਹ 5 ਹੋਰ ਅਸਲੇ ਕਿਸੇ ਹੋਰ ਬੇਅਬਾਦ ਜਗ੍ਹਾ ‘ਤੇ ਦੱਬੇ ਸਨ ਜਿਨ੍ਹਾਂ ਨੂੰ ਵੀ 18.06.2025 ਨੂੰ 03 ਨਜਾਇਜ ਅਸਲੇ 30 ਬੋਰ ਪਿਸਟਲ ਅਤੇ 02 ਨਜਾਇਜ ਅਸ਼ਲੇ 32 ਬੋਰ ਪਿਸਟਲ ਸਮੇਤ 08 ਮੈਗਜੀਨ ਅਤੇ 03 ਜਿੰਦਾ ਕਾਰਤੂਸ ਬਰਮਾਦ ਕੀਤੇ ਗਏ ਤੇ ਇਨ੍ਹਾਂ ਦਾ ਅਦਾਲਤ ਤੋਂ ਰਿਮਾਂਡ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

   ਉਕਤ ਹਮਲੇ ਦੀ ਵਜ੍ਹਾ ਰੰਜਿਸ਼ ਦੱਸਦੇ ਹੋਏ ਐਸ.ਐਸ.ਪੀ ਵਰੁਣ ਸ਼ਰਮਾ ਨੇ ਕਿਹਾ ਕਿ ਭਿੰਦਾ ਕਤਲ ਕੇਸ ਵਿੱਚ ਤੇਜਿੰਦਰ ਸਿੰਘ ਉਰਫ ਫ਼ੌਜੀ ਧਿਰ ਮ੍ਰਿਤਕ ਭਿੰਦਾ ਦੇ ਪਰਿਵਾਰ ‘ਤੇ ਰਾਜੀਨਾਮਾ ਕਰਨ ਲਈ ਦਬਾਅ ਬਣਾ ਰਹੇ ਸਨ ਅਤੇ ਦਲਵਿੰਦਰ ਸਿੰਘ ਜੋ ਕਿ ਮ੍ਰਿਤਕ ਭਿੰਦਾ ਦਾ ਦੋਸਤ ਸੀ, ਉਹ ਭਿੰਦੇ ਦੇ ਪਰਿਵਾਰ ਨੂੰ ਰਾਜੀਨਾਮਾ ਨਾ ਕਰਨ ਸਬੰਧੀ ਰੋਕ ਰਿਹਾ ਸੀ ਜਿਸ ਕਰਕੇ ਤੇਜਿੰਦਰ ਸਿੰਘ ਉਰਫ ਫ਼ੌਜੀ ਨੇ ਰੰਜਸ਼ ਰੱਖਦੇ ਹੋਏ ਦਲਵਿੰਦਰ ਸਿੰਘ ‘ਤੇ ਹਮਲਾ ਕਰਵਾਇਆ ਸੀ।

     ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਤੇਜਿੰਦਰ ਸਿੰਘ ਉਰਫ ਫ਼ੌਜੀ ਅਤੇ ਰਾਹੁਲ ਉਰਫ ਕੱਦੂ ਇੱਕਠੇ ਜੇਲ ਵਿੱਚ ਰਹੇ ਹਨ, ਜਿੱਥੋਂ ਇਹ ਸਾਰੇ ਅੱਗੇ ਇੱਕ ਦੂਜੇ ਦੇ ਜਾਣਕਾਰਾਂ ਰਾਹੀ ਸੰਪਰਕ ਵਿੱਚ ਆਏ ਤੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧ ਰੱਖਦੇ ਹਨ ਤੇ ਜੇਲ੍ਹ ‘ਚੋਂ ਹੀ ਗੱਲਬਾਤ ਕਰਕੇ, ਯੋਜਨਾ ਬਣਾ ਕਰ ਸਾਰੀਆ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

    ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਹੁਣ ਵੀ ਸੂਬੇ ਤੇ ਪਟਿਆਲਾ ਅਤੇ ਹੋਰ ਕਈ ਥਾਵਾ ‘ਤੇ ਰੈਕੀ ਕੀਤੀ ਹੋਈ ਸੀ ਅਤੇ ਕਈ ਟਾਰਗੇਟ ਕਿਲਿੰਗ ਦੀਆ ਘਟਨਾਵਾਂ ਨੂੰ ਅੰਜਾਮ ਦੇਣਾ ਸੀ। ਇਨ੍ਹਾਂ ਨੇ ਭਿੰਦਾ ਕਤਲ ਕੇਸ 38/22 ਥਾਣਾ ਅਰਬਨ ਅਸਟੇਟ ਪਟਿਆਲਾ ਦੇ ਅਹਿਮ ਗਵਾਹ ਦੀ ਵੀ ਰੈਕੀ ਕੀਤੀ ਗਈ ਸੀ ਅਤੇ ਜੇਕਰ ਇਨ੍ਹਾਂ ਦੀ ਗ੍ਰਿਫ਼ਤਾਰੀ ਤੇ ਅਸਲੇ ਦੀ ਬਰਾਮਦਗੀ ਨਾ ਹੁੰਦੀ ਤਾਂ ਇਨ੍ਹਾਂ ਨੇ ਕਈ ਘਟਨਾਵਾ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰਨਾ ਸੀ।

     ਐਸ.ਐਸ.ਪੀ. ਨੇ ਦੱਸਿਆ ਕਿ ਤੇਜਿੰਦਰ ਸਿੰਘ ਫ਼ੌਜੀ ਵਿਰੁੱਧ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਅੱਧੀ ਦਰਜਨ ਤੋਂ ਵਧੇਰੇ ਮੁਕੱਦਮੇ ਦਰਜ ਸਨ। ਰਾਹੁਲ ਉਰਫ ਕੱਦੂ ਪੁੱਤਰ ਮਹੀਪਾਲ ਸਿੰਘ ਖ਼ਿਲਾਫ਼ ਵੀ ਦੋ ਮੁਕੱਦਮੇ ਦਰਜ ਸਨ। ਵਿਪਲ ਕੁਮਾਰ ਉਰਫ ਬਿੱਟੂ ਪੁੱਤਰ ਪੂਰਨ ਸਿੰਘ ਵਿਰੁੱਧ ਇੱਕ ਮੁੱਕਦਮਾ ਦਰਜ ਹੈ ਪਰੰਤੂ ਸੁਖਚੈਨ ਸਿੰਘ ਸੁੱਖੀ ਤੇ ਦੇਵ ਕਰਨ ਵਿਰੁੱਧ ਪਹਿਲਾਂ ਕੋਈ ਮੁੱਕਦਮਾ ਦਰਜ ਨਹੀ ਹੈ।


Spread Information
Advertisement
error: Content is protected !!