ਪੰਜਾਬ ਭਰ’ਚ ਨਵੇਂ ਸਾਲ ਦੇ ਪਹਿਲੇ ਦਿਨ ਗੂੰਜੇ ਫ਼ਲਸਤੀਨ ਤੇ ਠੋਸੀ ਨਿਹੱਕੀ ਜ਼ੰਗ ਖਿਲਾਫ ਨਾਅਰੇ
ਅਸ਼ੋਕ ਵਰਮਾ ,ਚੰਡੀਗੜ੍ਹ 1 ਜਨਵਰੀ 2024
ਅੱਜ ਪੰਜਾਬ ਦੇ ਸਾਰੇ ਹੀ ਜਿਲ੍ਹਿਆਂ ’ਚ ਅਤੇ ਕਈ ਥਾਈਂ ਤਹਿਸੀਲਾਂ ਚ ਵੀ ਫ਼ਲਸਤੀਨ ਦੀ ਆਜ਼ਾਦੀ ਬਹਾਲ ਕਰੋ, ਫ਼ਲਸਤੀਨ ਤੇ ਠੋਸੀ ਨਿਹੱਕੀ ਜ਼ੰਗ ਬੰਦ ਕਰੋ, ਫ਼ਲਸਤੀਨ ਦੀ ਨਸਲਕੁਸ਼ੀ ਬੰਦ ਕਰੋ, ਯੂ ਐਨ ਓ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜਾਂਮਿਨ ਨੇਤਨਯਾਹੂ ਨੂੰ ਜ਼ੰਗੀ ਅਪਰਾਧੀ ਐਲਾਨ ਕਰੇ ਦੇ ਨਾਹਰੇ ਪੂਰੇ ਰੋਹ ਨਾਲ ਗੂੰਜੇ । ਪੰਜਾਬ ਦੀਆਂ ਸੱਤ ਖੱਬੀਆਂ ਪਾਰਟੀਆਂ,ਜਥੇਬੰਦੀਆਂ ਦੇ ਸੱਦੇ ਤੇ ਸਾਰੇ ਹੀ ਜਿਲ੍ਹਿਆਂ ਸਮੇਤ ਚੰਡੀਗੜ ਵਿਖੇ ਸਾਮਰਾਜੀ ਧੜਵੈਲ ਅਮਰੀਕਾ ਅਤੇ ਨਾਟੋ ਗੁੱਟ ਦੀ ਸ਼ਹਿ ਤੇ ਨਿਰਦੋਸ਼ ਫ਼ਲਸਤੀਨੀ ਲੋਕਾਂ ਦੇ ਇਜਰਾਈਲ ਵੱਲੋਂ ਮਚਾਏ ਕਤਲੇਆਮ ਅਤੇ ਨਸਲਕੁਸ਼ੀ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਅਤੇ ਹਮਾਸ ਨੂੰ ਖਤਮ ਕਰਨ ਦੇ ਨਾਂ ਤੇ ਫ਼ਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਲਈ ਜ਼ਿੰਮੇਵਾਰ ਬੈੰਜਾਮਿਨ ਨੇਤਨਯਾਹੂ ਨੂੰ ਜ਼ੰਗੀ ਅਪਰਾਧੀ ਐਲਾਨਣ ਦੀ ਮੰਗ ਕੀਤੀ ਗਈ।
ਵੱਖ ਵੱਖ ਸ਼ਹਿਰਾਂ ’ਚ ਸਮਾਜ ਦੇ ਸਾਰੇ ਵਰਗਾਂ ਨਾਲ ਸਬੰਧਤ ਲੋਕਾਂ ਨੇ ਪੂਰੇ ਸੰਸਾਰ ਚ ਜੰਗ ਬੰਦੀ ਦੀ ਉੱਠੀ ਆਵਾਜ਼ ਨਾਲ ਆਵਾਜ਼ ਰਲਾਉਂਦਿਆਂ ਫ਼ਲਸਤੀਨ ਦੇ ਕੋਮੀ ਮੁਕਤੀ ਘੋਲ ਦੀ ਜ਼ੋਰਦਾਰ ਹਿਮਾਇਤ ਕੀਤੀ। ਸਾਰੀਆਂ ਹੀ ਥਾਵਾਂ ਤੇ ਇਕੱਤਰ ਲੋਕਾਂ ਨੇ ਮਾਰੇ ਗਏ ਨਿਹੱਥੇ ਫ਼ਲਸਤੀਨੀ ਲੋਕਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਬੁਲਾਰਿਆਂ ਨੇ ਫ਼ਲਸਤੀਨ ’ਚ ਮਨੁੱਖੀ ਅਧਿਕਾਰਾਂ,ਯੂ ਐਨ ਓ ਦੇ ਮਤਿਆਂ ਨੂੰ ਪੈਰਾਂ ਹੇਠ ਰੋਲ ਰਹੇ ਇਜ਼ਰਾਈਲ ਦੀਆਂ ਵਸਤਾਂ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਹੁਣ ਤਕ ਭਾਰਤੀ ਨੇਤਾ ਫ਼ਲਸਤੀਨ ਦੀ ਆਜ਼ਾਦੀ ਦੇ ਹੱਕ ’ਚ ਬੋਲਦੇ ਆਏ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੀ ਕਠਪੁਤਲੀ ਬਣ ਇਜ਼ਰਾਈਲ ਦੀ ਪਿੱਠ ਠੋਕ ਕੇ ਅਪਣੀ ਫਾਸ਼ੀਵਾਦੀ ਖਸਲਤ ਨੂੰ ਹੋਰ ਨੰਗਾ ਕਰ ਲਿਆ ਹੈ।
ਬੁਲਾਰਿਆਂ ਨੇ ਭੁੱਖ ਦੁੱਖ ਨਾਲ ਸਹਿਕ ਰਹੇ ,ਮਰ ਰਹੇ ਫ਼ਲਸਤੀਨੀਆਂ ਨੂੰ ਹਰ ਤਰ੍ਹਾਂ ਦੀ ਮਨੁੱਖੀ ਇਮਦਾਦ ਪੁਚਾਉਣ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਵੱਖ-ਵੱਖ ਥਾਵਾਂ ਤੇ ਕਾਮਰੇਡ ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਬੰਤ ਸਿੰਘ ਬਰਾੜ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਕੰਵਲਜੀਤ ਖੰਨਾ, ਨਰੈਣ ਦੱਤ, ਅਜਮੇਰ ਸਿੰਘ ਸਮਰਾ, ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ, ਲਖਵਿੰਦਰ ਸਿੰਘ, ਸ੍ਰਿਸ਼ਟੀ, ਕਿਰਨਜੀਤ ਸੇਖੋਂ, ਮੰਗਤ ਰਾਮ ਲੋਗੌਂਵਾਲ ਆਦਿ ਤੋਂ ਬਿਨਾਂ ਸਥਾਨਕ ਨੇਤਾਵਾਂ ਨੇ ਸੰਬੋਧਨ ਕੀਤਾ। ਇਨਾਂ ਆਗੂਆਂ ਨੇ ਕਿਹਾ ਕਿ ਸਾਮਰਾਜੀ ਜੰਗਬਾਜ਼ਾਂ ਖ਼ਿਲਾਫ਼ ਫ਼ਲਸਤੀਨੀ ਤੇ ਭਾਰਤ ਦੇ ਕਿਰਤੀਆਂ ਦੀ ਲੜਾਈ ਸਾਂਝੀ ਹੈ ।