ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023
ਜਬ-ਜਬ ਦਵਾ ਕੀਆ, ਮਰਜ ਬਡਤਾ ਹੀ ਗਿਆ, ਉਰਦੂ ਦਾ ਇਹ ਮਕਬੂਲ ਸ਼ੇਅਰ ,ਔਰਤਾਂ ਤੇ ਲਗਾਤਾਰ ਵੱਧਦੇ ਅੱਤਿਆਚਾਰਾਂ ਤੇ ਵੀ ਬਿਲਕੁਲ ਸਟੀਕ ਹੀ ਬੈਠਦਾ ਹੈ। ਹਰ ਦਿਨ ਔਰਤਾਂ ਉੱਤੇ ਹੋ ਰਹੇ ਜੁਰਮਾਂ ਨੂੰ ਠੱਲ੍ਹਣ ਲਈ, ਅਵਾਜਾਂ ਉੱਠਦੀਆਂ ਨੇ, ਪਰ ਔਰਤਾਂ ਤੇ ਜੁਰਮ ਹਟਨੇ ਤਾਂ ਦੂਰ ਘਟਨ ਦਾ ਨਾਂ ਹੀ ਨਹੀਂ ਲੈ ਰਹੇ। ਔਰਤਾਂ ਹੁਣ ਆਪਣੇ ਘਰ ਦੀ ਚਾਰਦਿਵਾਰੀ ਅੰਦਰ ਵੀ ਸੁਰੱਖਿਅਤ ਨਹੀਂ ਹਨ। ਇਸ ਦੀ ਤਾਜ਼ਾ ਉਦਾਹਰਣ ਮਹਿਲ ਕਲਾਂ ਥਾਣੇ ਅਧੀਨ ਪੈਂਦੇ, ਪਿੰਡ ਚੁਹਾਣਕੇ ਕਲਾਂ ਵਿਖੇ ਸਾਹਮਣੇ ਆਈ ਹੈ। ਇਹ ਘਟਨਾ ਉਦੋਂ ਵਾਪਰੀ, ਜਦੋਂ ਇੱਕ ਕਰੀਬ 19 ਕੁ ਵਰ੍ਹਿਆਂ ਦੀ ਕੁੜੀ ਆਪਣੇ ਘਰ ਅੰਦਰ ਬਣੇ ਬਾਥਰੂਮ ਵਿੱਚ ਪਰਦਾ ਕਰਕੇ, ਨਹ੍ਹਾਉਣ ਲੱਗੀ । ਬਾਥਰੂਮ ਨੂੰ ਗੇਟ ਨਹੀਂ ਲੱਗਿਆ ਹੋਇਆ , ਸਿਰਫ ਪਰਦਾ ਹੀ ਕੀਤਾ ਹੋਇਆ ਸੀ। ਇਸੇ ਦੌਰਾਨ ਬਦਨੀਤ ਹੋਇਆ ਪਿੰਡ ਦਾ ਬੇਸ਼ਰਮ ਨੌਜਵਾਨ ਕੀਰਤਨ ਸਿੰਘ ਪੁੱਤਰ ਕ੍ਰਿਸ਼ਨ ਸਿੰਘ , ਬਾਥਰੂਮ ਨੂੰ ਲੱਗਿਆ ਪਰਦਾ ਚੁੱਕਕੇ, ਅੰਦਰ ਜਾ ਵੜਿਆ ‘ਤੇ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਕੁੜੀ ਨੇ ਬਚਾਉ-ਬਚਾਉ ਦਾ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਨਿਕਲਿਆ। ਆਂਢ ਗੁਆਂਢ ਤੋਂ ਹੁੰਦਿਆਂ, ਘਟਨਾ ਤੋ ਤਿੰਨ ਦਿਨ ਬਾਅਦ ਗੱਲ ਥਾਣੇ ਤੱਕ ਪਹੁੰਚ ਗਈ। ਮਾਮਲਾ ਜਿਣਸੀ ਅੱਤਿਆਚਾਰ ਦਾ ਹੋਣ ਕਰਕੇ, ਇੰਸਪੈਕਟਰ ਜਸਵਿੰਦਰ ਕੌਰ ਨੂੰ ਬੁਲਾਇਆ ਗਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਕੀਰਤਨ ਸਿੰਘ ਦੇ ਖਿਲਾਫ ਅਧੀਨ ਜ਼ੁਰਮ 354/354ਸੀ / 451 ਆਈਪੀਸੀ ਤਹਿਤ ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ਼ ਕਰਕੇ, ਉਸ ਨੂੰ ਗਿਰਫਤਾਰ ਵੀ ਕਰ ਲਿਆ ਹੈ ਅਤੇ ਅੱਜ ਇਲਾਕਾ ਮਜਿਸਟ੍ਰੇਟ ਬਰਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।