ਜੇਲ੍ਹ ‘ਚ ਚੱਲੀ ਗੋਲੀ, ਹੋਮਗਾਰਡ ਜਵਾਨ ਦੀ ਮੌਤ
ਸ਼ੱਕੀ ਹਾਲਤਾਂ ‘ਚ ਟਾਵਰ ਡਿਊਟੀ ਤੇ ਤਾਇਨਾਤ ਕਰਮਚਾਰੀ ਤੇ ਗੋਲੀ ਚੱਲਣ ਦੀ ਜਾਂਚ ਸ਼ੁਰੂ
ਰਘਵੀਰ ਹੈਪੀ , ਬਰਨਾਲਾ 16 ਜਨਵਰੀ 2023
ਜਿਲ੍ਹਾ ਜੇਲ੍ਹ ਕੰਪਲੈਕਸ ਅੰਦਰ ਜੇਲ੍ਹ ਦੀ ਸੁਰੱਖਿਆ ਲਈ ਚਾਰਦੀਵਾਰੀ ਨਾਲ ਲੱਗੇ ਟਾਵਰ ਡਿਊਟੀ ਤੇ ਤਾਇਨਾਤ ਇੱਕ ਕਰਮਚਾਰੀ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਜੇਲ੍ਹ ਅੰਦਰ ਗੋਲੀ ਚੱਲਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਤਵੀਰ ਸਿੰਘ ਬੈਂਸ, ਐਸਐਚੳ ਬਲਜੀਤ ਸਿੰਘ ਢਿੱਲੋਂ ,ਚਰਨਜੀਤ ਸਿੰਘ ਚੌਂਕੀ ਇੰਚਾਰਜ ਬੱਸ ਸਟੈਂਡ ਬਰਨਾਲਾ , ਜੇਲ੍ਹ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਜਾਂਚ ਲਈ ਮੌਕਾ ਵਾਰਦਾਤ ਵਾਲੀ ਥਾਂ ਤੇ ਪਹੁੰਚ ਗਏ। ਜੇਲ੍ਹ ਅਧਿਕਾਰੀ ਪੁਨੀਤ ਗਰਗ ਨੇ ਦੱਸਿਆ ਕਿ ਜੇਲ੍ਹ ਦੀ ਸੁਰੱਖਿਆ ਲਈ ਬਿੱਕਰ ਸਿੰਘ (57)ਪੁੱਤਰ ਜਿਊਣ ਸਿੰਘ ਵਾਸੀ ਪਿੰਡ ਅਲਾਲ ਜਿਲ੍ਹਾ ਸੰਗਰੂਰ ਦੀ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਟਾਵਰ ਤੇ ਡਿਊਟੀ ਸੀ। ਜਦੋਂ ਦੂਸਰਾ ਕਰਮਚਾਰੀ ਕਰੀਬ ਤਿੰਨ ਵਜੇ, ਆਪਣੀ ਡਿਊਟੀ ਲਈ ਪਹੁੰਚਿਆ ਤਾਂ ਉਸ ਨੇ ਬਿੱਕਰ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ, ਕੋਲੇ ਹੀ ਉਸ ਦੀ ਥ੍ਰੀਨਟ ਥ੍ਰੀ ਰਾਈਫਲ ਪਈ ਸੀ। ਉਨਾਂ ਦੱਸਿਆ ਕਿ ਬਿੱਕਰ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਹੈ। ਗੋਲੀ ਕਿਵੇਂ ਲੱਗੀ, ਇਸ ਸਬੰਧੀ ਹਾਲੇ ਜਾਂਚ ਪੜਤਾਲ ਜ਼ਾਰੀ ਹੈ। ਜਾਂਚ ਤੋਂ ਬਾਅਦ ਹੀ, ਇਹ ਸਾਫ ਹੋਵੇਗਾ ਕਿ ਬਿੱਕਰ ਸਿੰਘ ਦੀ ਆਪਣੀ ਰਾਈਫਲ ਤੋਂ ਅਚਾਣਕ ਗੋਲੀ ਚੱਲੀ ਹੈ ਜਾਂ ਕੁੱਝ ਹੋਰ ਵਾਪਰਿਆ ਹੈ। ਉਨਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਮੌਤ ਦੇ ਕਾਰਣ ਬਾਰੇ,ਕੁੱਝ ਵੀ ਕਹਿਣਾ ਜਲਦਬਾਜੀ ਹੋਵੇਗੀ। ਉੱਧਰ ਮਾਮਲੇ ਦੇ ਤਫਤੀਸ਼ ਅਧਿਕਾਰੀ ਤੇ ਚੌਂਕੀ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਲਾਸ਼ ਕਬਜੇ ਵਿੱਚ ਲੈ ਕੇ,ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ, ਪੋਸਟਮਾਰਟਮ ਦੀ ਰਿਪੋਰਟ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਉਨਾਂ ਕਿਹਾ ਕਿ ਜਾਂਚ ਜ਼ਾਰੀ ਹੈ।