ਸੜਕ ਬਣਾਉਣ ਵਾਲੇ ਠੇਕੇਦਾਰਾਂ ਦੀ ਲਬਾਂ ਤੇ ਆਈ ਜਾਨ,,,
CM ਸਾਬ੍ਹ! ਜਦੋਂ ਤੋਂ ਥੋਡੀ ਸਰਕਾਰ ਬਣੀ ਐ , ਰੇਤਾ,ਬਜਰੀ ਤੇ ਪੱਥਰ ਮਿਲਣਾ ਹੋਇਆ ਬੰਦ !
ਥੋਨੂੰ ਮਿਲਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਅਸੀਂ ਕਾਮਯਾਬ ਨਹੀਂ ਹੋਏ
ਹਰਿੰਦਰ ਨਿੱਕਾ , ਸੰਗਰੂਰ , 24 ਅਗਸਤ 2022
ਸੂਬੇ ਦੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਦੀ ਜਾਨ ਜਮਾਂ ਲਬਾਂ ਤੇ ਆਈ ਪਈ ਐ, ਸੜਕਾਂ ਬਣਾਉਣ ਲਈ, ਰੇਤਾ, ਬਜਰੀ ਤੇ ਪੱਥਰ ਮਿਲਣਾ ਬੰਦ ਹੋ ਗਿਆ ਹੈ, ਥੋਨੂੰ ਮਿਲਣ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ,ਪਰ ਅਸੀਂ ਤੁਹਾਨੂੰ ਮਿਲਣ ਵਿੱਚ ਕਾਮਯਾਬ ਨਹੀਂ ਹੋਏ। ਮਾਲਵਾ ਖੇਤਰ ਦੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਦੇ ਮੂੰਹੋਂ ਅਜਿਹੇ ਸ਼ਬਦ ਉਦੋਂ ਸੁਤੇ-ਸਿੱਧ ਨਿਕਲੇ, ਜਦੋਂ ਉਹ “ THE HOT MIX PLANT OWNERS ASSOCIATION (MALWA) PUNJAB ” ਦੇ ਝੰਡੇ ਹੇਠ ਇਕਜੁੱਟ ਹੋ ਕੇ, ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਉਮੀਦ ਲੈ ਕੇ ਪਹੁੰਚੇ ਸਨ। ਸਵੇਰੇ ਅੱਠ ਕੁ ਵਜੇ ਤੋਂ ਵੱਡੀ ਗਿਣਤੀ ਵਿੱਚ ਮਾਲਵਾ ਇਲਾਕੇ ਦੇ ਸੜਕ ਨਿਰਮਾਣ ਠੇਕੇਦਾਰ, ਮੁੱਖ ਮੰਤਰੀ ਦੀ ਰਿਹਾਇਸ਼ ਤੇ ਪਹੁੰਚਣੇ ਸ਼ੁਰੂ ਹੋ ਗਏ ਸਨ । ਪਰੰਤੂ, ਉਨ੍ਹਾਂ ਦਾ ਦਰਦ ਦੂਰ ਕਰਨ ਵਾਲਾ ਤਾਂ ਕੀ, ਕਈ ਘੰਟਿਆਂ ਤੱਕ ਕੋਈ ਦੁਖ ਸਣਨ ਵਾਲਾ ਵੀ ਨਹੀਂ ਪਹੁੰਚਿਆਂ। ਆਖਿਰ ਤਹਸੀਲਦਾਰ/ ਡਿਊਟੀ ਮਜਿਸਟ੍ਰੇਟ ਨੇ ਮੌਕੇ ਤੇ ਪਹੁੰਚ ਕੇ ਮੁੱਖ ਮੰਤਰੀ ਦੇ ਨਾਂ ਤੇ ਠੇਕੇਦਾਰਾਂ ਤੋਂ ਮੰਗ ਪੱਤਰ ਲੈ ਕੇ ਭਰੋਸਾ ਦਿੱਤਾ ਕਿ ਮੰਗ ਪ਼ੱਤਰ ਬਿਨਾਂ ਦੇਰੀ, ਮੁੱਖ ਮੰਤਰੀ ਕੋਲ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਤਾਰਾ ਸਿੰਘ ਆਹਲੂਵਾਲੀਆ , ਮੀਤ ਪ੍ਰਧਾਨ ਹਰਭਜ਼ਨ ਸਿੰਘ ਧੂਰੀ ,ਸੁਨੀਲ ਚਾਵਲਾ ਅਤੇ ਜਰਨਲ ਸਕੱਤਰ ਯਸ਼ਪਾਲ ਜੈਨ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਮੁੱਖ ਮੰਤਰੀ ਨੂੰ ਬਹੁਤ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਕਿ ਅਸੀਂ ਆਪਣੀਆਂ ਦੁੱਖ-ਤਕਲੀਫਾਂ ,ਉਨ੍ਹਾਂ ਨੂੰ ਦੱਸ ਸਕੀਏ। ਪਰ ਕਾਮਯਾਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਣੇ, ਪੰਜਾਬ ਵਿੱਚ ਲੋਕਾਂ ਵੱਲੋਂ ਇਮਾਨਦਾਰ ਮੁੱਖ ਮੰਤਰੀ ਚੁਨਣ ਤੇ ਬਹੁਤ ਖੁਸ਼ ਹਾਂ ਅਤੇ ਇਮਾਨਦਾਰੀ ਨਾਲ ਸਰਕਾਰ ਨਾਲ ਕੰਮ ਕਰਨ ਦਾ ਵਚਨ ਵੀ ਦਿੰਦੇ ਹਾਂ ਅਤੇ ਵਿਸ਼ਵਾਸ਼ ਦਵਾਉਂਦੇ ਹਾਂ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜੋ ਸੁਪਨੇ, ਆਪ ਸਰਕਾਰ ਨੇ ਲਏ ਹਨ । ਉਨ੍ਹਾਂ ਨੂੰ ਪੂਰਾ ਕਰਨ ਵਿੱਚ ਅਸੀਂ ਵੀ ਪੂਰੀ ਇਮਾਨਦਾਰੀ ਨਾਲ ਸਿਰੇ ਚੜਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ।
ਉਨਾਂ ਕਿਹਾ ਕਿ ਜਿਸ ਦਿਨ ਤੋਂ ਆਪ ਦੀ ਸਰਕਾਰ ਬਣੀ ਹੈ , ਉਸ ਦਿਨ ਤੋਂ ਹੀ ਰੇਤਾ,ਬੱਜਰੀ ਤੇ ਪੱਥਰ ਆਦਿ ਮਿਲਣਾ ਬਿਲਕੁਲ ਬੰਦ ਹੋ ਗਿਆ ਹੈ ਕਿਉਂਕਿ ਨਵੀਂ ਮਾਈਨਿੰਗ ਪਾਲਿਸੀ ਬਣਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਕਰੈਸ਼ਰ ਬੰਦ ਕਰ ਦਿੱਤੇ ਹਨ। ਜਿਸ ਨਾਲ, ਸੜਕਾਂ ਦਾ ਸਾਰਾ ਕੰਮ ਵੀ ਪੂਰੀ ਤਰਾਂ ਬੰਦ ਹੋ ਗਿਆ ਹੈ। ਹੁਣ ਸਰਕਾਰ ਨੇ ਜੋ ਮਾਈਨਿੰਗ ਪਾਲਿਸੀ ਬਣਾਈ ਹੈ, ਉਸ ਨਾਲ ਰੇਟ ਪ੍ਰਤੀ ਟਰੱਕ 15000/- ਰੁਪਏ ਵੱਧ ਗਏ ਹਨ। ਸਾਡੇ ਟੈਂਡਰ , ਜੋ ਸਾਨੂੰ ਪਹਿਲਾਂ ਮਿਲੇ ਹੋਏ ਹਨ, ਉਹ ਪੁਰਾਣੇ ਰੇਟਾਂ ਤੇ ਹੀ ਹਨ। ਇਸ ਕਰਕੇ ਹੁਣ ਵਧੇ ਹੋਏ ਰੇਟਾਂ ਤੋਂ ਕੰਮ ਕਰਨਾ ਸੰਭਵ ਨਹੀਂ ਰਿਹਾ। ਇਸ ਨਵੀਂ ਪਾਲਿਸੀ ਨਾਲ ਵਧੇ, ਰੇਟਾਂ ਤਹਿਤ ਠੇਕੇਦਾਰਾਂ ਨੂੰ 1 ਕਿਲੋਮੀਟਰ ਸੜਕ ਬਣਾਉਣ ਵਿੱਚ ਕਰੀਬ ਡੇਢ ਲੱਖ ਰੁਪਏ ਦਾ ਘਾਟਾ ਪਵੇਗਾ, ਜਿਸ ਨਾਲ ਠੇਕੇਦਾਰ, ਮਜਦੂਰ ਅਤੇ ਪੱਥਰ ਕੁੱਟ ਲੇਬਰਾਂ ਦਾ ਬਰਬਾਦ ਹੋਣਾ ਤਹਿ ਹੈ,ਕਿਉਂਕਿ ਅੱਜ ਤੱਕ ਮਾਈਨਿੰਗ ਦੇ ਰੇਟ, ਇੱਨ੍ਹੇਂ ਜਿਆਦਾ ਕਦੇ ਵੀ ਨਹੀਂ ਵਧੇ। .
ਉਨ੍ਹਾਂ ਦੱਸਿਆ ਕਿ ਜੋ ਟੈਂਡਰ ਠੇਕੇਦਾਰਾਂ ਨੂੰ ਪਹਿਲਾਂ ਤੋਂ ਮਿਲੇ ਹੋਏ ਹਨ, ਉਹ 12 ਪ੍ਰਤੀਸ਼ਤ ਜੀ.ਐਸ.ਟੀ. ਨਾਲ ਮਿਲੇ ਹੋਏ ਸਨ । ਪਰ ਹੁਣ ਸੈਂਟਰ ਸਰਕਾਰ ਦੁਆਰਾ ਜੀ.ਐਸ.ਟੀ 18 ਪ੍ਰਤੀਸ਼ਤ ਕਰ ਦਿੱਤੀ ਗਈ ਹੈ , ਜਿਸ ਨਾਲ ਜੀ.ਐਸ.ਟੀ. ਦਾ / 6 ਪ੍ਰਤੀਸ਼ਤ ਵਾਧਾ ਵੀ ਹੋ ਗਿਆ ਹੈ , ਜੋ ਠੇਕੇਦਾਰਾਂ ਦੁਆਰਾ ਅਦਾ ਕਰਨਾ ਸੰਭਵ ਨਹੀਂ ਹੈ। ਜਦੋਂ ਕਿ ਕੇਂਦਰ ਸਰਕਾਰ ਆਪਣੇ ਕੰਮਾਂ ਤੇ ਪਹਿਲਾਂ ਹੀ 18 ਪ੍ਰਤੀਸਤ ਜੀ.ਐਸ.ਟੀ. ਦੇ ਰਹੀ ਹੈ, ਜਿਵੇਂ ਪ੍ਰਧਾਨ ਮੰਤਰੀ ਯੋਜਨਾ ਦੇ ਕੰਮਾਂ ਤੇ 18 ਪ੍ਰਤੀਸ਼ਤ ਜੀ.ਐਸ.ਟੀ ਹੈ । ਉਨਾਂ ਮੰਗ ਕੀਤੀ ਕਿ 6 ਪ੍ਰਤੀਸਤ ਵਧੀ ਜੀ.ਐਸ.ਟੀ. ਦੀ ਅਦਾਇਗੀ ਸਾਨੂੰ ਪੁਰਾਣੇ ਕੰਮਾਂ ਵਿਚ ਕੀਤੀ ਜਾਵੇ ਅਤੇ ਨਵੇਂ ਕੰਮਾਂ ਤੇ ਕੇਂਦਰ ਸਰਕਾਰ ਦੀ ਤਰ੍ਹਾਂ ਨਵੇਂ ਕੰਮਾਂ ਦੇ ਐਸੀਟੀਮੈਂਟਾਂ ਵਿੱਚ ਜੀ.ਐਸ.ਟੀ. ਦੀ ਅਦਾਇਗੀ ਦੀ ਪ੍ਰੋਵੀਜ਼ਨ ਅਲੱਗ ਤੋਂ ਕੀਤੀ ਜਾਵੇ । ਉਨ੍ਹਾਂ ਅੱਗੇ ਦੱਸਿਆ ਕਿ ਡੀਜ਼ਲ ਦੇ ਰੇਟ, ਐਲ.ਡੀ.ਓ. ਤੇਲ ਦੇ ਰੇਟ, ਲੇਬਰ ਦੇ ਰੇਟ, ਕਿਰਾਏ ਦੇ ਰੇਟ ਵੀ ਪਹਿਲਾਂ ਤੋਂ ਬਹੁਤ ਵੱਧ ਗਏ ਹਨ। ਜਿਸ ਕਰਕੇ ਪੁਰਾਣੇ ਰੇਟਾਂ ਤੇ ਕੰਮ ਕਰਨਾ ਮੁਸ਼ਕਿਲ ਹੈ। ਇਸ ਲਈ ਸੀ.ਐਸ.ਆਰ. ਦੇ ਰੇਟ ਵਧਾਉਣ ਲਈ ਇੱਕ ਕਮੇਟੀ ਬਣਾਈ ਜਾਵੇ । ਉਸ ਕਮੇਟੀ ਵਿੱਚ ਇੱਕ ਮੈਂਬਰ ਸਾਡੀ ਐਸੋਸੀਏਸ਼ਨ ਦਾ ਵੀ ਲਿਆ ਜਾਵੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਉਪਰੋਕਤ ਮੰਗਾਂ ਤੇ ਵਿਚਾਰ ਕਰਕੇ, ਦਰਪੇਸ਼ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਕੇ, ਠੇਕੇਦਾਰਾਂ ਅਤੇ ਮਜ਼ਦੂਰਾਂ ਦੇ ਹਿਤਾਂ ਦਾ ਖਿਆਲ ਰੱਖ ਕੇ ਪੰਜਾਬ ਦੇ ਵਿਕਾਸ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੋਣ ਦੇਣਗੇ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ, ਜਰਨਲ ਕੈਕਟਰੀ ਅਜੇ ਗਰੋਵਰ ਲੱਕੀ, ਸੰਦੀਪ ਸਿੰਘ ਟਿੰਮੀ, ਸੈਕਟਰੀ ਪਰਮਿੰਦਰ ਸਿੰਘ,ਗੌਤਮ ਕਲੂਚਾ, ਤਿਲਕ ਰਾਜ ਬਿੰਦਰਾ, ਕੈਸ਼ੀਅਰ ਮੋਹਿਤ ਗਰਗ ਅਤੇ ਕਾਨੂੰਨੀ ਸਲਾਹਕਾਰ ਰਾਜੇਸ਼ ਯਾਦਵ, ਐਗਜੈਕਟਿਵ ਮੈਂਬਰ ਮੁਨਸ਼ਾ ਸਿੰਘ , ਸੁਰੇਸ਼ ਕੁਮਾਰ ਆਦਿ ਆਗੂ ਵੀ ਮੌਜੂਦ ਰਹੇ।