ਭਾਜਪਾ ਖਿਲਾਫ ਫਿਰ ਭੜਕਿਆ ਕਿਸਾਨਾਂ ਦਾ ਗੁੱਸਾ, ਭਾਜਪਾ ਆਗੂ ਕੇਵਲ ਢਿੱਲੋਂ ਦੇ ਘਰ ਅੱਗੇ ਫੂਕਿਆ ਪੁਤਲਾ
ਰਵੀ ਸੈਣ , ਬਰਨਾਲਾ 30 ਅਗਸਤ 2022
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਖਿਲਾਫ ਲਖੀਮਪੁਰ ਖੀਰੀ ਵਿਖੇ ਦਿੱਤੇ 18,19 ਅਤੇ 20-8-2022 ਨੂੰ 75 ਘੰਟੇ ਦੇ ਦਿਤੇ ਧਰਨੇ ਦੀ ਕਾਮਯਾਬੀ ਤੋਂ ਬੁਖਲਾਹਟ ਵਿੱਚ ਆ ਕੇ ਕਿਸਾਨਾਂ ਅਤੇ ਯੂਪੀ ਦੇ ਸੂਬਾ ਕਿਸਾਨ ਆਗੂ ਰਾਕੇਸ਼ ਟਿਕੈਤ ਵਿਰੁੱਧ ਅਜੈ ਮਿਸ਼ਰਾ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਕਿਸਾਨਾਂ ਦਾ ਗੁੱਸਾ ,ਭਾਜਪਾ ਖਿਲਾਫ ਇੱਕ ਵਾਰ ਸੱਤਵੇਂ ਅੰਬਰ ਜਾ ਚੜ੍ਹਿਆ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੂਬੇ ਭਰ ਵਿੱਚ ਬੀ.ਜੇ. ਪੀ. ਦੇ ਜ਼ਿਲ੍ਹਾ ਪੱਧਰ ਤੇ ਆਗੂਆਂ ਦੇ ਦਫ਼ਤਰਾਂ ਮੂਹਰੇ ਦਿਤੇ ਧਰਨੇ ਦੀ ਕਾਲ ਤਹਿਤ ਬਰਨਾਲਾ ਦੇ ਆਈ.ਟੀ.ਆਈ ਚੌਕ ਵਿੱਚ ਧਰਨਾ ਲਾ ਕੇ ਰੈਲੀ ਕਰਕੇ ਭਾਜਪਾ ਦੇ ਸੀਨੀਅਰ ਲੀਡਰ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਅੱਗੇ ਅਜੈ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ । ਪ੍ਰਦਰਸ਼ਨਕਾਰੀ ਕਿਸਾਨਾਂ ਨੇ ਇਥੋਂ ਮੁਜ਼ਾਹਰਾ ਕਰਕੇ ਅੱਗੇ ਡੀ.ਸੀ. ਦਫ਼ਤਰ ਜਾ ਕੇ ਮੈਮੋਰੰਡਮ ਦਿੱਤਾ । ਤਹਿਸੀਲਦਾਰ ਦਿਵਿਆ ਸਿੰਗਲਾ ਵੱਲੋਂ ਧਰਨੇ ਵਿੱਚੋਂ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ । ਧਰਨੇ ਨੂੰ ਸੰਬੋਧਨ ਕਰਦਿਆਂ ਮਨਵੀਰ ਕੌਰ , ਗੁਰਨਾਮ ਸਿੰਘ,ਬਾਬੂ ਸਿੰਘ, ਅਮਰਜੀਤ ਸਿੰਘ,ਬਾਰਾ ਸਿੰਘ, ਹਰਪ੍ਰੀਤ ਸਿੰਘ, ਪਵਿੱਤਰ ਸਿੰਘ ਲਾਲੀ, ਮੋਹਣ ਸਿੰਘ, ਡਾਕਟਰ ਮਨਜੀਤ ਰਾਜ਼ ਨੇ ਸੰਬੋਧਨ ਕੀਤਾ । ਸਟੇਜ ਸੰਚਾਲਨ ਦੀ ਭੂਮਿਕਾ ਲਖਵੀਰ ਸਿੰਘ ਦੁਲਮਸਰ ਨੇ ਨਿਭਾਈ । ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਸ਼ਿਰਕਤ ਕੀਤੀ।