ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ‘ਈਟ ਰਾਈਟ ਮੇਲਾ’ ਅਤੇ ਵਾਕਾਥਨ ਆਯੋਜਿਤ
ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ‘ਈਟ ਰਾਈਟ ਮੇਲਾ’ ਅਤੇ ਵਾਕਾਥਨ ਆਯੋਜਿਤ
ਲੁਧਿਆਣਾ, 07 ਅਗਸਤ (ਦਵਿੰਦਰ ਡੀ ਕੇ)
ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਾਂਝੇ ਤੌਰ ‘ਤੇ ‘ਈਟ ਰਾਈਟ ਮੇਲਾ’ ਅਤੇ ਵਾਕਾਥਨ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਿਕ ਮੈਂਬਰ ਸ. ਨਰਿੰਦਰ ਸਿੰਘ ਗਿੱਲ ਅਤੇ ਜਸਮੀਤ ਕੌਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਵੱਲੋਂ ਝੰਡੀ ਦਿਖਾ ਕੇ ਵਾਕਾਥਨ ਦੀ ਸ਼ੁਰੂਆਤ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਕੀਤੀ ਗਈ।
ਵਾਕਾਥਨ ਰਾਹੀਂ ਸ਼ਹਿਰ ਵਾਸੀਆਂ ਵੱਲੋਂ ਭਾਗ ਲੈਕੇ ਇਹ ਸੁਨੇਹਾ ਦਿੱਤਾ ਗਿਆ ਕਿ ਸਰੀਰਕ ਤੰਦਰੁਸਤੀ ਵੀ ਬੇਹੱਦ ਜ਼ਰੂਰੀ ਹੈ। ਇਹ ਵਾਕਾਥਨ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਲੁਧਿਆਣਾ ਕਲੱਬ ਵਿਖੇ ਸਮਾਪਤ ਹੋਈ।
ਇਸ ਮੌਕੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਇਹ ਈਟ ਰਾਈਟ ਮੇਲਾ ਐਫ.ਡੀ.ਏ. ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜੰਕ ਫੂਡ ਅਤੇ ਆਮ ਲੋਕਾਂ ਨੂੰ ਤਲੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਜੋਕਿ ਸਿਹਤ ਲਈ ਹਾਨੀਕਾਰਕ ਹੈ, ਮੋਟਾਪੇ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਵੱਧ ਤੋਂ ਵੱਧ ਆਰਗੈਨਿਕ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਦਫ਼ਤਰ ਤੋਂ ਡਾ. ਪੁਨੀਤ ਸਿੱਧੂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਈਟ ਰਾਈਟ ਮੇਲੇ ਨੂੰ ਮੁੱਖ ਰੱਖਦਿਆਂ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਜਿੱਥੇ ਇਸ਼ਮੀਤ ਅਕੈਡਮੀ ਦੇ ਸਿਖਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤਿਆਂ।
ਇਸ ਮੌਕੇ ਸਰਕਾਰੀ ਸਕੂਲ, ਸਮਿਟਰੀ ਰੋਡ ਦੀਆਂ ਵਿਦਿਆਰਥਣਾਂ ਨੇ ਲੋਕ ਬੋਲੀਆਂ ਰਾਹੀਂ ਆਮ ਲੋਕਾਂ ਨੂੰ ਪੋਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ। ਮੇਲੇ ਦੌਰਾਨ ਆਰਗੈਨਿਕ ਅਤੇ ਪੋਸ਼ਟਿਕ ਆਹਾਰ ਦੀਆਂ ਲਗਭਗ 25 ਸਟਾਲਾਂ ਲਗਾਈਆਂ ਗਈਆਂ ਜਿਸ ਵਿੱਚ ਲੋਕਾਂ ਨੂੰ ਪੋਸ਼ਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਡਾਈਟੀਸ਼ੀਅਨ ਵੱਲੋਂ ਵੀ ਲੋਕਾਂ ਨੂੰ ਪੋਸ਼ਟਿਕ ਭੋਜਨ ਬਾਰੇ ਜਾਗਰੂਕ ਕੀਤਾ ਗਿਆ। ਨਿਊਟ੍ਰੀ਼ਸ਼ਨ ਅਤੇ ਦੰਦਾ ਨਾਲ ਸਬੰਧਤ ਟੀਮ ਵੱਲੋਂ ਇਸ ਮੌਕੇ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ।
ਪ੍ਰੋਗਰਾਮ ਦੇ ਅਖੀਰ ਵਿੱਚ, ਮੇਲੇ ਮੌਕੇ ਭਾਗ ਲੈਣ ਵਾਲੇ ਇਸ਼ਮੀਤ ਅਕੈਡਮੀ ਦੇ ਵਿਦਿਆਰਥੀ, ਸੰਜੀਵਨੀ ਨਰਸਿੰਗ ਕਾਲਜ਼ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਸਟਾਲਾਂ ਦੇ ਮਾਲਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।