ਹਰਿਆਲੀ ਮੁਹਿੰਮ ਨੂੰ ਹੁੰਗਾਰਾ ਤੇ ਹੁਲਾਰਾ ਦੇਣ ਦੇ ਲਈ, ਹਰੇਕ ਪਿੰਡ ‘ਚ ਮਿੰਨੀ ਜੰਗਲ ਕਰੋ ਵਿਕਸਤ
ਅਸ਼ੋਕ ਧੀਮਾਨ , ਫਤਹਿਗੜ੍ਹ ਸਾਹਿਬ 01 ਅਗਸਤ2022
ਹਲਕਾ ਫਤਹਿਗੜ੍ਹ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਹਰਿਆਲੀ ਮੁਹਿੰਮ ਨੂੰ ਹੁੰਗਾਰਾ ਤੇ ਹੁਲਾਰਾ ਦੇਣ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਮੁਹਿੰਮ ਦੇ ਤਹਿਤ 01 ਤੋਂ 15 ਅਗਸਤ ਤੱਕ “ਹਰਿਆਵਲ ਪੰਦਰਵਾੜਾ” ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੇ ਤਹਿਤ ਹਰ ਪਿੰਡ ਦੇ ਸਕੂਲ, ਡਿਸਪੈਂਸਰੀ, ਪਲੇਅ ਗਰਾਊਂਡ, ਪਾਣੀ ਵਾਲੀਆਂ ਟੈਂਕੀਆਂ ਵਾਲੀ ਜਗ੍ਹਾ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਹਰੇਕ ਪਿੰਡ ਦੇ ਵਿਚ ਘੱਟੋ ਘੱਟ 1 ਜਾਂ 2 ਏਕੜ ਦਾ ਮਿੰਨੀ ਜੰਗਲ ਵਿਕਸਤ ਕੀਤਾ ਜਾਵੇ। ਜੇਕਰ 1 ਏਕੜ ਜਗ੍ਹਾ ਦੇ ਵਿੱਚ ਪੌਦੇ ਲਗਾਉਣੇ ਹਨ ਤਾਂ ਕਰੀਬ 800 ਪੌਦੇ ਲਗਾਏ ਜਾ ਸਕਦੇ ਹਨ , ਜੇਕਰ 2 ਏਕੜ ਦੇ ਵਿੱਚ ਲਗਾ ਰਹੇ ਹੋ ਤਾਂ 1600 ਪੌਦੇ ਲਗਾਏ ਜਾ ਸਕਦੇ ਹਨ। ਇਨ੍ਹਾਂ ਦੇ ਵਿਚ ਮੈਡੀਸਨ ਪੌਦੇ, ਫਲਦਾਰ ਪੌਦੇ ਅਤੇ ਛਾਂਦਾਰ ਪੌਦੇ ਲਗਾਉਣੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 1 ਲੱਖ ਬੂਟਾ ਲਾਉਣ ਦੀ ਥਾਂ ਬੇਸ਼ੱਕ 50 ਹਜ਼ਾਰ ਪੌਦੇ ਹੀ ਲਗਾਏ ਜਾਣ, ਪਰੰਤੂ ਉਨ੍ਹਾਂ ਦੀ ਸਾਂਭ ਸੰਭਾਲ ਅਤਿ ਜ਼ਰੂਰੀ ਹੈ। ਜੇਕਰ 50 ਹਜ਼ਾਰ ਪੌਦੇ ਲਗਦੇ ਹਨ ਤਾਂ ਉਨ੍ਹਾਂ ਦੇ ਵਿੱਚੋਂ ਘੱਟੋ ਘੱਟ 45 ਹਜ਼ਾਰ ਪੌਦੇ ਸੰਭਾਲੇ ਜਾਣੇ ਚਾਹੀਦੇ ਹਨ। ਉਨ੍ਹਾਂ ਹਲਕੇ ਦੇ ਹਰ ਨਾਗਰਿਕ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਹਿੱਸਾ ਬਣਨ ਦੇ ਲਈ ਤੁਸੀਂ ਆਪਣੇ ਘਰਾਂ ਚ, ਮੋਟਰਾਂ ਤੇ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰੋ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਹਿਤੇਨ ਕਪਲਾ ਤੋਂ ਇਲਾਵਾ ਵੱਖ ਵੱਖ ਬਲਾਕਾਂ ਦੇ ਬੀਡੀਓਜ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।