ਗੱਬਰ ਸਿੰਘ ਨੇ ਅਸਲੇ ਸਣੇ ਫੜ੍ਹੇ 6 ਲੁਟੇਰੇ , ਲੁਟੇਰਿਆਂ ‘ਚ 1 ਪੰਚਾਇਤ ਸੈਕਟਰੀ
ਜੇ.ਈ. ਦੇ ਘਰੋਂ ਪੁਲਿਸ ਨੂੰ ਸਰਚ ਦੌਰਾਨ ਮਿਲਿਆ 42 ਲੱਖ 61 ਹਜ਼ਾਰ ਕੈਸ਼
ਪੰਚਾਇਤ ਵਿਭਾਗ ਦੇ ਜੇ.ਈ ਦੇ ਘਰ ਹੀ ਮਾਰਨਾ ਸੀ ਲੁਟੇਰਿਆਂ ਨੇ ਡਾਕਾ
ਲੁਟੇਰਿਆਂ ਤੋਂ ਬਚਿਆ, ਪਰ ਹੁਣ ਇਨਕਮ ਟੈਕਸ ਵਿਭਾਗ ਦੇ ਹੱਥੇ ਚੜ੍ਹਿਆ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 17 ਮਈ 2022
ਪੰਚਾਇਤ ਮਹਿਕਮੇ ਦੇ ਇੱਕ ਜੇ.ਈ. ਦੇ ਘਰੋਂ ਲੁੱਟ ਦੀ ਯੋਜਨਾ ਬਣਾ ਰਹੇ, ਲੁਟੇਰਿਆਂ ਨੂੰ ਗੱਬਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਵਾਰਦਾਤ ਤੋਂ ਪਹਿਲਾਂ ਹੀ ਭਾਰੀ ਮਾਤਰਾ ਵਿੱਚ ਨਜਾਇਜ ਅਸਲੇ ਸਮੇਤ ਗਿਰਫਤਾਰ ਕਰ ਲਿਆ ਹੈ। ਜਦੋਂਕਿ ਪੁਲਿਸ ਦੀ ਮੁਸਤੈਦੀ ਕਾਰਣ, ਲੁਟੇਰਿਆਂ ਤੋਂ ਬਚੇ, ਜੇ.ਈ. ਦੇ ਘਰੋਂ ਵੀ ਪੁਲਿਸ ਨੂੰ ਸਰਚ ਵਾਰੰਟ ਸਮੇਂ ਸਾਢੇ 42 ਲੱਖ ਰੁਪਏ ਤੋਂ ਵੱਧ ਕੈਸ਼ ਵੀ ਬਰਾਮਦ ਹੋਇਆ ਹੈ, ਜਿਸ ਦੀ ਪੜਤਾਲ ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਹੈ।
ਮੀਡੀਆ ਨੂੰ ਮੁਖਾਤਿਬ ਹੁੰਦਿਆਂ ਡਾ: ਰਵਜੋਤ ਗਰੇਵਾਲ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਸ਼੍ਰੀ ਰਾਜਪਾਲ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ, ਡੀ, ਫਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਜਸਪਿੰਦਰ ਸਿੰਘ, ਉਪ ਕਪਤਾਨ ਪੁਲਿਸ ਸਰਕਲ, ਖਮਾਣੋਂ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ, ਇੰਚਾਰਜ, ਸੀ ਆਈ ਏ ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਤੋਂ ਇੱਕ ਦੇਸੀ ਪਿਸਟਲ 32 ਬੋਰ, ਇੱਕ ਦੇਸੀ ਰਿਵਾਲਵਰ 32 ਬੋਰ ਅਤੇ ਤਿੰਨ ਦੇਸੀ ਕੱਟੇ .315 ਬੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਉਨ੍ਹਾਂ ਦੱਸਿਆ ਕਿ ਮਿਤੀ 12.05.2022 ਨੂੰ ਮੁਖਬਰੀ ਦੇ ਅਧਾਰ ਤੇ ਮੁਕੱਦਮਾ ਨੰਬਰ 4 ਮਿਤੀ 12.05.2022 ਅ/ਧ 25/54/59 ਆਰਮਜ ਐਕਟ, 419, 420, 395, 511, 170, 120 B PC ਥਾਣਾ ਖਮਾਣੋਂ ਦਰਜ ਰਜਿਸਟਰ ਕੀਤਾ ਗਿਆ । ਇਸ ਮੁਕੱਦਮਾ ਵਿੱਚ ਭਰਪੂਰ ਸਿੰਘ ਵਾਸੀ ਉਚਾ ਰਿਉਣਾ, ਥਾਣਾ ਮੂਲੇਪੁਰ, ਮਨਦੀਪ ਸਿੰਘ ਵਾਸੀ ਵਜੀਦਪੁਰ, ਥਾਣਾ ਬੱਸੀ ਪਠਾਣਾ , ਬਹਾਦਰ ਸਿੰਘ ਵਾਸੀ ਨਲੀਨੀ ਥਾਣਾ ਮੂਲੇਪੁਰ, ਸਹਿਜਪ੍ਰੀਤ ਸਿੰਘ, ਹਰਮਨ ਸਿੰਘ ਅਤੇ ਦਲਜੀਤ ਸਿੰਘ ਵਾਸੀਆਨ ਪਿੰਡ ਰੇਤਗੜ੍ਹ, ਥਾਣਾ ਭਵਾਨੀਗੜ੍ਹ, ਜਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਇਹਨਾਂ (6 ਮੁਲਜ਼ਮਾਂ ਵਿੱਚੋਂ ਦੋਸ਼ੀ ਬਹਾਦਰ ਸਿੰਘ ਪੰਚਾਇਤ ਮਹਿਕਮੇ ਵਿੱਚ ਬਤੌਰ ਸੈਕਟਰੀ, ਬਲਾਕ ਖੇੜਾ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਸੀ। ਜਿਸ ਨੇ ਆਪਣੇ ਮਹਿਕਮੇ ਦੇ ਹੀ ਆਪਣੇ ਨਾਲ ਡਿਊਟੀ ਕਰਦੇ ਜੇ.ਈ ਲੋਕੇਸ਼ ਥੰਮਨ ਦੇ ਘਰ ਇਮਲੀ ਮੁਹੱਲਾ ਬਨੂੜ ਵਿਖੇ ਅਸਲੇ ਨਾਲ ਲੁੱਟ ਦੀ ਵਾਰਦਾਤ ਕਰਨ ਦੀ ਵਿਉਂਤ ਬਣਾਈ ਸੀ, ਕਿਉਂਕਿ ਬਹਾਦਰ ਸਿੰਘ ਨੂੰ ਯਕੀਨ ਸੀ, ਕਿ ਜੇ.ਈ ਲੋਕੇਸ਼ ਥੰਮਨ ਦੇ ਘਰ ਭਾਰੀ ਮਾਤਰਾ ਵਿੱਚ ਕੈਸ਼ ਪਿਆ ਹੈ । ਮੁਲਜ਼ਮਾਂ ਨੇ ਇਹ ਵਾਰਦਾਤ ਕਰਨ ਲਈ ਹੀ ਇਹ ਨਜਾਇਜ਼ ਅਸਲਾ ਮੰਗਵਾਇਆ ਸੀ, ਪ੍ਰੰਤੂ ਸਮਾਂ ਰਹਿੰਦਿਆਂ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਵਾਰਦਾਤ ਨੂੰ ਹੋਣ ਤੋਂ ਰੋਕ ਦਿੱਤਾ ਗਿਆ।
ਇਸੀ ਦੌਰਾਨ ਪੰਚਾਇਤੀ ਮਹਿਕਮੇ ਦੇ ਜੇ.ਈ ਲੋਕੇਸ਼ ਥੰਮਨ ਦੇ ਰਿਹਾਇਸ਼ੀ ਮਕਾਨ ਬਨੂੜ ਦੇ ਸਰਚ ਵਾਰੰਟ ਲੈ ਕੇ ਘਰ ਦੀ ਸਰਚ ਵੀ ਕੀਤੀ ਗਈ, ਜਿਸ ਦੇ ਘਰ ਤੋਂ ਕਰੀਬ 42,61,000 ਰੁਪਏ ਦੀ ਨਗਦੀ ਬ੍ਰਾਮਦ ਕੀਤੀ ਗਈ ਹੈ। ਇਸ ਸਾਰੇ ਕੈਸ਼ ਨੂੰ ਵੈਰੀਫਾਈ ਕਰਨ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਹੈ, ਕਿ ਉਹਨਾਂ ਨੇ ਇਸ ਵਾਰਦਾਤ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਅਤੇ ਜਿਲ੍ਹਾ ਸੰਗਰੂਰ ਵਿੱਚ ਵੀ ਲੁੱਟਾਂ ਖੋਹਾਂ ਕਰਨੀਆਂ ਸਨ। ਇਹ ਨਜ਼ਾਇਜ਼ ਅਸਲਾ ਮੇਰਠ (ਯੂ.ਪੀ.) ਦੇ ਏਰੀਆਂ ਵਿੱਚੋਂ ਲੈ ਕੇ ਆਏ ਸੀ, ਜਿਸ ਸਬੰਧੀ ਤਫਤੀਸ਼ ਜਾਰੀ ਹੈ।