ਆਤਮ ਹੱਤਿਆ ਦਾ ਭੇਦ ਖੋਲ੍ਹਣ ਲਈ ਜਾਂਚ ‘ਚ ਜੁਟੀ ਪੁਲਿਸ
ਹਰਿੰਦਦਰ ਨਿੱਕਾ, ਬਰਨਾਲਾ 22 ਅਪ੍ਰੈਲ 2022
ਸ਼ਹਿਰ ਦੇ ਧਨੌਲਾ ਰੋਡ ਤੇ ਸਥਿਤ ਇੱਕ ਹੋਟਲ ਦੇ ਕਮਰੇ ਵਿੱਚੋਂ ਭੇਦਭਰੀ ਹਾਲਤ ਵਿੱਚ ਛੱਤ ਪੱਖੇ ਨਾਲ ਲਟਕਦੀ ਇੱਕ ਲਾਸ਼ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚਕੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਸੰਭਾਲ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਾਇਣ ਨਗਰ ਦੇ ਨੇੜੇ ਬਣੇ ਸਵੀਟ ਕਲੱਬ ਹੋਟਲ ਵਿੱਚ ਰਾਹੁਲ ਬੇਲਬਲ (25) ਪੁੱਤਰ ਦਰਸ਼ਨ ਲਾਲ ਬੇਲਵਲ ਵਾਸੀ ਉਤਰਾਖੰਡ ਨੌਕਰੀ ਕਰਦਾ ਸੀ। ਜਿਸ ਨੇ ਸ਼ੱਕੀ ਹਾਲਤਾਂ ਵਿੱਚ ਹੀ, ਲੰਘੀ ਰਾਤ ਕਿਸੇ ਸਮੇਂ ਛੱਤ ਪੱਖੇ ਨਾਲ ਗਲ ਫਾਹਾ ਲੈ ਕੇ,ਆਪਣੀ ਜਾਨ ਦੇ ਦਿੱਤੀ। ਹੋਟਲ ਦੇ ਹੋਰ ਮੁਲਾਜਮਾਂ ਨੂੰ ਸਵੇਰੇ ਜਦੋਂ , ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਸੂਚਨਾ ਪੁਲਿਸ ਕੋਲ ਦਿੱਤੀ ਗਈ।
ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ. ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਹੁਲ ਦੇ ਵਾਰਿਸਾਂ ਨੂੰ ਸੂਚਨਾ ਭੇਜੀ ਜਾ ਰਹੀ ਹੈ, ਉਨ੍ਹਾਂ ਦੇ ਇੱਥੇ ਪਹੁੰਚਣ ਤੋਂ ਬਾਅਦ, ਉਨ੍ਹਾਂ ਦੇ ਬਿਆਨ ਮੁਤਾਬਿਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੇੜਿਉਂ, ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ, ਫਿਰ ਵੀ ਪੁਲਿਸ ,ਰਾਹੁਲ ਦੀ ਆਤਮਹੱਤਿਆ ਦੇ ਕਾਰਣਾਂ ਦੀ ਤਫਤੀਸ਼ ਕਰ ਰਹੀ ਹੈ।