Skip to content
Advertisement
ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦੇ ਨਿਪਟਾਰੇ ਲਈ ਯੋਜਨਾਬੰਦੀ ਦੀ ਹਦਾਇਤ
ਰਾਜੇਸ਼ ਗੌਤਮ , ਪਟਿਆਲਾ, 23 ਅਪ੍ਰੈਲ:2022
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨਾਲ ਅੱਜ ਬਰਸਾਤਾਂ ਦੌਰਾਨ ਟਾਂਗਰੀ ਨਦੀ ਦੇ ਪਾਣੀ ਤੋਂ ਪ੍ਰਭਾਵਤ ਹੋਣ ਵਾਲੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹਰੀਗੜ੍ਹ ਤੇ ਰੋਹੜ ਆਦਿ ਵਿਖੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਦੂਧਨਸਾਧਾਂ ਦੇ ਐਸ.ਡੀ.ਐਮ. ਅੰਕੁਰਜੀਤ ਸਿੰਘ ਤੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਰਮਨਦੀਪ ਸਿੰਘ ਬੈਂਸ ਸਮੇਤ ਹੋਰ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲੈਂਦਿਆਂ ਪਿੰਡ ਵਾਸੀਆਂ ਵੱਲੋਂ ਦਰਸਾਏ ਮੁਤਾਬਕ ਸੰਭਾਵਤ ਹੜ ਦੀ ਸਮੱਸਿਆ ਦੇ ਨਿਪਟਾਰੇ ਲਈ ਯੋਜਨਾਬੰਦੀ ਕਰਨ ਦੀ ਹਦਾਇਤ ਕੀਤੀ।
ਇਸ ਦੌਰਾਨ ਸਥਾਨਕ ਵਸਨੀਕਾਂ ਨੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੂੰ ਹੜਾਂ ਦੇ ਸੀਜ਼ਨ ਦੌਰਾਨ ਟਾਂਗਰੀ ਨਦੀ ਦੇ ਨਾਲ ਲਗਦੇ ਇਲਾਕਿਆਂ ‘ਚ ਪੈਦਾ ਹੁੰਦੇ ਹੜ੍ਹਾਂ ਦੇ ਖ਼ਤਰੇ ਤੋਂ ਜਾਣੂ ਕਰਵਾਇਆ ਅਤੇ ਇਸ ਦੇ ਪੱਕੇ ਹੱਲ ਦੀ ਮੰਗ ਕੀਤੀ। ਇਸ ‘ਤੇ ਡਿਪਟੀ ਕਮਿਸ਼ਨਰ ਨੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਦੀ ਦੀ ਸਾਫ਼-ਸਫ਼ਾਈ ਸਮੇਤ ਇਸਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਇਸ ਦੇ ਜਲ ਨਿਕਾਸ ਦੀ ਸਮਰੱਥਾ ਵੱਧ ਜਾਵੇ।
ਇਸ ਤੋਂ ਬਾਅਦ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਛੋਟੀ ਟਾਂਗਰੀ ਚੋਅ ਦਾ ਦੌਰਾ ਕੀਤਾ, ਇੱਥੇ ਵੀ ਸਥਾਨਕ ਪਿੰਡਾਂ ਦੇ ਲੋਕਾਂ ਨੇ ਹੜ੍ਹਾਂ ਦੀ ਸਮੱਸਿਆ ਬਾਬਤ ਦੱਸਦਿਆਂ ਇਸ ਦੇ ਹੱਲ ਲਈ ਇੱਕ ਤਜਵੀਜ ਵੀ ਪੇਸ਼ ਕੀਤੀ, ਜਿਸ ‘ਤੇ ਕਾਰਜਕਾਰੀ ਇੰਜੀਨੀਅਰ ਨੂੰ ਕਿਹਾ ਗਿਆ ਕਿ ਉਹ ਇਸ ਤਜਵੀਜ਼ ਦਾ ਮੁਲੰਕਣ ਕਰਨ ਅਤੇ ਜੇਕਰ ਹੋ ਸਕੇ ਇਸੇ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਇਸ ਤੋਂ ਵੀ ਚੰਗੀ ਤਜ਼ਵੀਜ਼ ਬਣਾ ਕੇ ਹੜ੍ਹਾਂ ਦੇ ਸੰਭਾਵਤ ਖ਼ਤਰੇ ਦਾ ਪੱਕਾ ਹੱਲ ਕੀਤਾ ਜਾਵੇ।
ਇਸੇ ਦੌਰਾਨ ਹਰਮੀਤ ਸਿੰਘ ਪਠਾਣਮਾਜਰਾ ਅਤੇ ਸਾਕਸ਼ੀ ਸਾਹਨੀ ਨੇ ਉਸ ਜਗ੍ਹਾ ਦਾ ਦੌਰਾ ਕੀਤਾ, ਜਿਥੇ ਕਿ ਟਾਂਗਰੀ ਅਤੇ ਮਾਰਕੰਡਾ ਨਦੀਆਂ ਆਪਸ ‘ਚ ਮਿਲਕੇ ਇਲਾਕੇ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਕਰਦੀਆਂ ਹਨ। ਇਸ ਸਮੱਸਿਆ ਦੇ ਸਥਾਈ ਹਲ ਲਈ ਮਾਲ ਵਿਭਾਗ ਅਤੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਕਿ ਅਗਾਮੀ ਮਾਨਸੂਨ ਸੀਜ਼ਨ ਦੌਰਾਨ ਬਰਸਾਤ ਮੌਕੇ ਇਲਾਕਾ ਨਿਵਾਸੀਆਂ ਨੂੰ ਹੜ੍ਹਾਂ ਦਾ ਕੋਈ ਖ਼ਤਰਾ ਨਾ ਰਹੇ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਦਾ ਗੰਭੀਰਤਾ ਨਾਲ ਤਤਪਰ ਹੈ। ਡੀ.ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲ ਨਿਕਾਸ ਵਿਭਾਗ ਸਮੇਤ ਹੋਰ ਸਬੰਧਤ ਵਿਭਾਗ ਹਮੇਸ਼ਾ ਚੌਕਸ ਰਹੇਗਾ ਤਾਂਕਿ ਆਮ ਨਾਗਰਿਕਾਂ ਦੀ ਜਾਨ ਤੇ ਮਾਲ ਨੂੰ ਕੋਈ ਖ਼ਤਰਾ ਨਾ ਬਣੇ।
Advertisement
Advertisement
error: Content is protected !!