ਗੁਲਾਬੀ ਸੁੰਡੀ ਦੇ ਮੁਕਾਬਲੇ ਲਈ ਖੇਤੀਬਾੜੀ ਵਿਭਾਗ ਨੇ ਕਮਰ-ਕਸੀ
ਗੁਲਾਬੀ ਸੁੰਡੀ ਦੇ ਮੁਕਾਬਲੇ ਲਈ ਖੇਤੀਬਾੜੀ ਵਿਭਾਗ ਨੇ ਕਮਰ-ਕਸੀ
ਬਿੱਟੂ ਜਲਾਲਾਬਾਦੀ,ਅਬੋਹਰ/ਫਾਜ਼ਿਲਕਾ, 28 ਫਰਵਰੀ 2022
ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਪੰਜਾਬ ਵੱਲੋਂ ਨਰਮੇ ਦੀ ਅਗਲੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਕਿਸਾਨ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਆਰੰਭ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਅਬੋਹਰ ਤੋਂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਅਬੋਹਰ ਦੇ ਪਿੰਡ ਬੁਰਜ ਮੁਹਾਰ, ਆਲਮਗੜ੍ਹ, ਸੈਦਾਂਵਾਲੀ ਅਤੇ ਮੌਜਗੜ੍ਹ ਦਾ ਦੌਰਾ ਕਰਨ ਦੇ ਨਾਲ-ਨਾਲ ਕਪਾਹ ਜਿਨਿੰਗ ਫੈਕਟਰੀ ਦਾ ਵੀ ਮੁਆਇਨਾ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਗੁਲਾਬੀ ਸੁੰਡੀ ਖਿਲਾਫ ਵੱਡਾ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ ਹੈ।
ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਰਾਜ ਦੇ ਕੁਝ ਇਲਾਕਿਆਂ ਵਿੱਚ ਗੁਲਾਬੀ ਸੁੰਡੀ ਨੇ ਨੁਕਸਾਨ ਕੀਤਾ ਸੀ ਅਤੇ ਇਸ ਵੇਲੇ ਖੇਤਾਂ ਅਤੇ ਘਰਾਂ ਵਿੱਚ ਪਈਆਂ ਨਰਮੇ ਦੀਆਂ ਛਟੀਆਂ ਵਿੱਚ ਗੁਲਾਬੀ ਸੁੰਡੀ ਦਾ ਪਿਉਪਾ/ਲਾਰਵਾ ਸ਼ੁਪਤ ਹਾਲਤ ਵਿੱਚ ਪਿਆ ਹੈ ਜਿਸ ਤੋਂ ਗਰਮੀ ਆਉਣ ਤੇ ਮੁੜ ਸੁੰਡੀ ਦੇ ਪੰਤਗੇ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਨਰਮੇ ਦੀ ਅਗਲੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣਾ ਹੈ ਤਾਂ ਤੁਰੰਤ ਅਤੇ ਬਿਨਾਂ ਦੇਰੀ ਖੇਤਾਂ ਅਤੇ ਘਰਾਂ ਵਿੱਚ ਪਈਆਂ ਨਰਮੇ ਦੀਆਂ ਛਟੀਆਂ ਨੂੰ ਚੰਗੀ ਤਰ੍ਹਾਂ ਸਾੜ ਦਿੱਤਾ ਜਾਵੇ ਤਾਂ ਜੋ ਇਸ ਵਿਚ ਪਣਪ ਰਿਹਾ ਪਿਉਪਾ/ਲਾਰਵਾ ਨਸ਼ਟ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਨਰਮੇ ਦੀਆਂ ਛਟੀਆਂ ਨੂੰ ਚੰਗੀ ਤਰ੍ਹਾਂ ਝਾੜ ਲਿਆ ਜਾਵੇ ਅਤੇ ਝਾੜਨ ਤੋਂ ਬਾਅਦ ਨੀਚੇ ਡਿੱਗਣ ਵਾਲੀਆਂ ਸਿਕਰੀਆਂ ਅਤੇ ਢੰਡਿਆਂ ਨੂੰ ਤਾਂ ਲਾਜ਼ਮੀ-ਲਾਜ਼ਮੀ ਤੌਰ ਤੇ ਸਾੜ ਦਿੱਤਾ ਜਾਵੇ।
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਇਸ ਮੌਕੇ ਕਿਸਾਨਾਂ ਨੂੰ ਇਸ ਮੁੰਹਿਮ ਵਿੱਚ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਇਸ ਵੇਲੇ ਇਹ ਉਪਾਅ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕਪਾਹ ਦੇ ਜਾਣਕਾਰਾਂ ਅਨੁਸਾਰ ਅਗਲੇ ਸਾਲ ਵੀ ਨਰਮੇ ਦੇ ਰੇਟ ਵਿੱਚ ਤੇਜ਼ੀ ਰਹਿਣ ਦੇ ਅਸਾਰ ਹਨ ਜਿਸ ਕਾਰਨ ਨਰਮੇ ਹੇਠ ਰਕਬਾ ਵੱਧਣ ਦੀ ਆਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਪੂਰਾ ਨਹਿਰੀ ਪਾਣੀ ਮਿਲੇਗਾ।
ਸ. ਗੁਰਵਿੰਦਰ ਸਿੰਘ ਨੇ ਇਸ ਵੇਲੇ ਨਰਮਾ ਉਤਪਾਦਕ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬਾਹਰਲੇ ਸੂਬਿਆਂ ਤੋਂ ਆਉਣ ਵਾਲਾ ਅਣ-ਅਧਿਕਾਰਤ ਬੀਜ ਨਾ ਬੀਜਣ ਅਤੇ ਕੇਵਲ ਵਿਭਾਗ ਤੋਂ ਮਾਨਤਾ ਪ੍ਰਾਪਤ ਕਿਸਮਾਂ ਦਾ ਬੀਜ ਸਰਕਾਰ ਤੋਂ ਮੰਜ਼ੂਰਸ਼ੁਦਾ ਦੁਕਾਨਾਂ ਤੋਂ ਕੇਵਲ ਪੱਕੇ ਬਿੱਲ ਤੇ ਖਰੀਦ ਕਰਨ।ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਅਤੇ ਹੋਰ ਖੇਤੀਬਾੜੀ ਅਧਿਕਾਰੀ ਹਾਜ਼ਰ ਸਨ।