ਬੈਂਕ ਵਿੱਚ ਸੰਨ੍ਹ ਲਾਉਣ ਵਾਲੇ ਤਿੰਨ ਮੁਲਜ਼ਮ ਫੜੇ , 12 ਬੋਰ ਡਬਲ ਬੈਰਲ ਰਾਈਫਲ ਅਤੇ 12 ਕਾਰਤੂਸ ਕੀਤੇ ਬਰਾਮਦ
ਬੈਂਕ ਵਿੱਚ ਸੰਨ੍ਹ ਲਾਉਣ ਵਾਲੇ ਤਿੰਨ ਮੁਲਜ਼ਮ ਫੜੇ ,
12 ਬੋਰ ਡਬਲ ਬੈਰਲ ਰਾਈਫਲ ਅਤੇ 12 ਕਾਰਤੂਸ ਕੀਤੇ ਬਰਾਮਦ
ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕ੍ਰਾਈਮ ਨੂੰ ਕਿਸੀ ਵੀ ਕੀਮਤ ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ
ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 04 ਸਤੰਬਰ 2021
ਜ਼ਿਲ੍ਹਾ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਨੇ ਬੈਂਕ ਵਿੱਚ ਸੰਨ੍ਹ ਲਾਉਣ ਸਬੰਧੀ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਯੂਕੋ ਬੈਂਕ, ਬਰਾਂਚ ਰਾਏਪੁਰ ਮਾਜਰੀ, ਥਾਣਾ ਖੇੜੀ ਨੌਧ ਸਿੰਘ ਵਿਖੇ ਬੈਂਕ ਵਿੱਚ ਚੋਰੀ ਦੇ ਇਰਾਦੇ ਨਾਲ ਸੰਨ੍ਹ ਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਮੁਕੱਦਮਾ ਨੰਬਰ 82 ਮਿਤੀ 26 ਅਗਸਤ 2021 ਅ/ਧ 457,380 ਆਈ.ਪੀ.ਸੀ. ਥਾਣਾ ਖੇੜੀ ਨੌਧ ਸਿੰਘ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਅਰਸ਼ਦੀਪ ਸਿੰੰਘ ਉਰਫ਼ ਆਸ਼ੂ, ਗੁਰਸੇਵਕ ਸਿੰਘ ਉਰਫ਼ ਕਿੰਦਾ ਅਤੇ ਰੁਪਿੰਦਰ ਸਿੰਘ ਉਰਫ਼ ਵਿਜੈ ਕੋਲੋਂ 12 ਬੋਰ ਡਬਲ ਬੈਰਲ ਰਾਈਫਲ ਸਮੇਤ 12 ਕਾਰਤੂਸ, ਇੱਕ ਨੈਟਵਰਕ ਰਾਊਟਰ ਡਿਵਾਈਸ ਜੋ ਇਹ ਬੈਂਕ ਵਿੱਚੋਂ ਲੈ ਗਏ ਸਨ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਕੋੋਲੋ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਕੇਸ ਨੂੰ ਹੱਲ ਕਰਨ ਸਬੰਧੀ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਲਾਘਾ ਵੀ ਕੀਤੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਮੁਹਿੰਮ ਬੇਰੋਕ ਜਾਰੀ ਹੈ ਤੇ ਪਿਛਲੇ ਦਿਨਾਂ ਵਿੱਚ ਵੱਖ ਵੱਖ ਕੇਸਾਂ ਵਿੱਚ ਕਰੀਬ 09 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਜਸਵੀਰ ਸਿੰਘ ਉਰਫ ਲੱਕੀ ਬਾਬਾ, ਮਨਿੰਦਰ ਸਿੰਘ ਉਰਫ ਗੋਲਡੀ, ਕਰਮਜੀਤ ਸਿੰਘ ਉਰਫ ਕਾਲਾ ਅਤੇ ਅਜੇਪਾਲ ਸਿੰਘ ਕੋਲੋਂ 331 ਗਰਾਮ ਹੈਰੋਇਨ, 01 ਪਿਸਟਲ 32 ਬੋਰ ਸਮੇਤ ਚਾਰ ਰੌਂਦ, 01 ਬੁਲਟ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਅਸ਼ਵਨੀ ਕੁਮਾਰ ਉਰਫ ਮੋਨੂੰ, ਸਤਨਾਮ ਸਿੰਘ ਉਰਫ਼ ਜੱਜ ਤੇ ਪਲਵਿੰਦਰ ਸਿੰਘ ਉਰਫ਼ ਪਿੰਦਰ ਕੋਲੋਂ 320 ਗਰਾਮ ਹੈਰੋਇਨ, 01 ਆਈ ਟਵੰਟੀ ਕਾਰ ਅਤੇ 01 ਐਕਟਿਵਾ ਬਰਾਮਦ ਕੀਤੀ ਗਈ ਹੈ।
ਨਸ਼ਿਆਂ ਸਬੰਧੀ ਇੱਕ ਹੋਰ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਚੰਚਲ ਅਤੇ ਜੌਨ ਕੋਲੋਂ 2500 ਨਸ਼ੀਲੀਆਂ ਗੋਲੀਆਂ, 01 ਕਾਰ ਆਈ 20 ਅਤੇ 01 ਸਪਲੈਂਡਬ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਕਰੀਬ 01 ਲੱਖ 25 ਹਜ਼ਾਰ ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਇਸ ਮੌਕੇ ਐਸ.ਪੀ. (ਡੀ) ਜਗਜੀਤ ਸਿੰਘ ਜੱਲ੍ਹਾ ਅਤੇ ਡੀ.ਐਸ.ਪੀ. (ਡੀ) ਰਘਵੀਰ ਸਿੰਘ, ਇੰਸਪੈਕਟਰ ਗੱਬਰ ਸਿੰਘ ਵੀ ਹਾਜ਼ਰ ਸਨ।