ਨਸ਼ਾ ਕਰਵਾਉਣ ਵਾਲੇ 3 ਜਣਿਆਂ ਖਿਲਾਫ ਕੇਸ ਦਰਜ਼, ਦੋਸ਼ੀ ਫਰਾਰ
ਲੋਕੇਸ਼ ਕੌਸ਼ਲ , ਬਠਿੰਡਾ 23 ਫਰਵਰੀ 2022
ਜਿਲ੍ਹੇ ਦੇ ਪਿੰਡ ਗਿੱਲ ਕਲਾਂ ਵਿਖੇ ਇੱਕ ਹੋਰ ਨੌਜਵਾਨ ਨੂੰ ਨਸ਼ੇ ਦੀ ੳਵਰਡੋਜ਼ ਨੇ ਨਿਗਲ ਲਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਮਾਂ ਦੇ ਬਿਆਨ ਪਰ, ਨਸ਼ਾ ਕਰਵਾਉਣ ਵਾਲੇ 3 ਜਣਿਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰਾਜਪਾਲ ਕੌਰ ਪਤਨੀ ਨੇਕ ਸਿੰਘ ਵਾਸੀ ਗਿੱਲ ਕਲਾਂ ਨੇ ਦੱਸਿਆ ਕਿ ਰਘਵੀਰ ਸਿੰਘ ਪੁੱਤਰ ਮੇਵਾ ਸਿੰਘ, ਹਰਜੀਤ ਸਿੰਘ ਪੁੱਤਰ ਮਲਕੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਗਿੱਲ ਕਲਾਂ ਨੇ ਉਸ ਦੇ ਕਰੀਬ 22 ਵਰ੍ਹਿਆਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਕਰਵਾ ਦਿੱਤਾ, ਨਸ਼ੇ ਦੀ ੳਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਮਾਮਲੇ ਦੇ ਤਫਤੀਸ਼ ਅਫਸਰ ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਂ ਰਾਜਪਾਲ ਕੌਰ ਦੇ ਬਿਆਨ ਪਰ, ਉਕਤ ਨਾਮਜ਼ਦ 3 ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 304 / 34 ਆਈਪੀਸੀ ਤਹਿਤ ਥਾਣਾ ਸਦਰ ਰਾਮਪੁਰਾ ਵਿਖੇ ਕੇਸ ਦਰਜ਼ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ 304 ਆਈਪੀਸੀ ਜੁਰਮ ਤਹਿਤ ਦੋਸ਼ੀਆਂ ਨੂੰ ਉਮਰ ਕੈਦ ਜਾਂ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਦੋਵਾਂ ਸਜਾਵਾਂ ਵਿੱਚ ਹੀ ਵੱਖਰੇ ਤੌਰ ਤੇ ਜੁਰਮਾਨਾ ਵੀ ਹੋ ਸਕਦਾ ਹੈ।