ਖ਼ਰਚਾ ਨਿਗਰਾਨਾਂ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਨਾਲ ਆਨ-ਲਾਈਨ ਮੀਟਿੰਗ
ਖ਼ਰਚਾ ਨਿਗਰਾਨਾਂ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਨਾਲ ਆਨ-ਲਾਈਨ ਮੀਟਿੰਗ
- ਉਮੀਦਵਾਰ ਨਿਸ਼ਚਿਤ ਖ਼ਰਚਾ ਹੱਦ ਅੰਦਰ ਰਹਿ ਕੇ ਹੀ ਚੋਣ ਸਰਗਰਮੀਆਂ ਚਲਾਉਣ- ਖ਼ਰਚਾ ਨਿਗਰਾਨ
ਰਾਜੇਸ਼ ਗੌਤਮ,ਪਟਿਆਲਾ, 25 ਜਨਵਰੀ 2022
ਪਟਿਆਲਾ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ ‘ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਤਿੰਨ ਖ਼ਰਚਾ ਨਿਗਰਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਐਸ.ਐਸ.ਪੀ. ਡਾ. ਸੰਦੀਪ ਗਰਗ ਅਤੇ ਸਮੂਹ ਰਿਟਰਨਿੰਗ ਅਧਿਕਾਰੀਆਂ ਨਾਲ ਇੱਕ ਆਨ-ਲਾਈਨ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਤੇ ਐਸ.ਐਸ.ਪੀ. ਨੇ ਖ਼ਰਚਾ ਨਿਗਰਾਨਾਂ ਨੂੰ ਜ਼ਿਲ੍ਹੇ ‘ਚ ਚੋਣ ਤਿਆਰੀਆਂ, ਸੁਰੱਖਿਆ ਵਿਵਸਥਾ, ਸੁਰੱਖਿਆ ਫੋਰਸ ਦੀ ਤਾਇਨਾਤੀ ਤੇ ਉਡਣ ਦਸਤਿਆਂ ਦੀ ਕਾਰਗੁਜ਼ਾਰੀ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ।
ਭਾਰਤੀ ਚੋਣ ਕਮਿਸ਼ਨ ਨੇ 2008 ਬੈਚ ਦੇ ਆਈ.ਆਰ.ਐਸ ਅਫ਼ਸਰ ਸ੍ਰੀਮਤੀ ਪ੍ਰਿੰਸੀ ਸਿੰਗਲਾ ਨੂੰ ਰਾਜਪੁਰਾ, ਘਨੌਰ ਅਤੇ ਸਨੌਰ ਹਲਕੇ ਲਈ ਖ਼ਰਚਾ ਨਿਗਰਾਨ ਲਗਾਇਆ ਹੈ। 2013 ਬੈਚ ਦੇ ਆਈ.ਆਰ.ਐਸ. ਸ੍ਰੀ ਗੌਰੀ ਸ਼ੰਕਰ ਨੂੰ ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਅਤੇ 2014 ਬੈਚ ਦੇ ਆਈ.ਆਰ.ਐਸ ਅਧਿਕਾਰੀ ਸ੍ਰੀ ਅਵਨੀਸ਼ ਕੁਮਾਰ ਯਾਦਵ ਨੂੰ ਨਾਭਾ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਲਈ ਤਾਇਨਾਤ ਕੀਤਾ ਗਿਆ ਹੈ।
ਸ੍ਰੀਮਤੀ ਪ੍ਰਿੰਸੀ ਸਿੰਗਲਾ ਨੇ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ ਦੇ ਖ਼ਰਚੇ ‘ਤੇ ਨਿਗਾਹ ਰੱਖਣ ਲਈ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 40 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਸਮੇਤ ਚੋਣ ਖ਼ਰਚੇ ਲਈ ਵੱਖਰਾ ਖਾਤਾ ਖੁਲਵਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵੀ ਯਕੀਨੀ ਬਣਾਉਣ।
ਸ੍ਰੀਮਤੀ ਪ੍ਰਿੰਸੀ ਸਿੰਗਲਾ ਨੇ ਖ਼ਰਚੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ ‘ਤੇ ਨਿਗਰਾਨੀ ਰੱਖਣ ਅਤੇ ਸਨੌਰ ਹਲਕੇ ਲਈ ਇੱਕ ਹੋਰ ਸਹਾਇਕ ਖ਼ਰਚਾ ਅਬਜਰਵਰ ਲਗਾਉਣ ਦੇ ਨਿਰਦੇਸ਼ ਦਿਤੇ। ਉਨ੍ਹਾਂ ਨੇ ਹਰ ਹਲਕੇ ‘ਚ ਤਾਇਨਾਤ ਫਲਾਇੰਗ ਸੁਕੈਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਵੀਡੀਓ ਵਿਯੂਇੰਗ ਟੀਮਾਂ ਨੂੰ ਹੋਰ ਚੌਕਸ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਦੀ ਹਰਿਆਣਾ ਨਾਲ ਲੱਗਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਲਿਆਉਣ ਅਤੇ ਨਾਕਿਆਂ ‘ਤੇ ਹੋਰ ਚੌਕਸੀ ਰੱਖਣ ਲਈ ਆਖਿਆ।
ਖ਼ਰਚਾ ਨਿਗਰਾਨ ਸ੍ਰੀ ਗ਼ੌਰੀ ਸ਼ੰਕਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਗ਼ਦੀ 50 ਹਜ਼ਾਰ ਤੱਕ ਦੀ ਦੀ ਆਵਾਜਾਈ ਮਿਥੀ ਹੱਦ ਅੰਦਰ ਹੀ ਹੋਵੇ, ਇਸ ਲਈ ਟੀਮਾਂ ਪੂਰੀ ਨਿਗਰਾਨੀ ਰੱਖਣ। ਜਦੋਂਕਿ ਸ੍ਰੀ ਅਵਨੀਸ਼ ਕੁਮਾਰ ਯਾਦਵ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰ ਦੇ ਪਰਛਾਵਾਂ ਪ੍ਰੇਖਣ ਰਜਿਸਟਰ ‘ਚ ਉਨ੍ਹਾਂ ਦੀ ਹਰ ਸਰਗਰਮੀ ਦਾ ਹਿਸਾਬ-ਕਿਤਾਬ ਰੱਖਣ ਸਮੇਤ ਹਰ ਤਰ੍ਹਾਂ ਖ਼ਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਮੀਦਵਾਰ ਖ਼ਰਚਾ ਰਜਿਸਟਰ ਵੀ ਮਿਥੇ ਸਮੇਂ ‘ਤੇ ਜਰੂਰ ਚੈਕ ਕਰਨ।
ਸ੍ਰੀ ਸੰਦੀਪ ਹੰਸ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ ‘ਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ ਸਮੇਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਡ ਨਿਊਜ, ਫੇਕ ਨਿਊਜ ਤੇ ਹੇਟ ਨਿਊਜ ਸਮੇਤ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ‘ਤੇ ਨਿਗਰਾਨੀ ਲਈ ਐਮ.ਸੀ.ਐਮ.ਸੀ. ਪੂਰੀ ਚੌਕਸ ਜਦਕਿ ਸ਼ਿਕਾਇਤ ਸੈਲ ਪੂਰਾ ਸਰਗਰਮ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਚੋਣ ਅਮਲ ਨੂੰ ਨਿਰਪੱਖਤਾ, ਪਾਰਦਰਸ਼ਤਾ, ਅਮਨ-ਅਮਾਨ ਅਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ।
ਮੀਟਿੰਗ ‘ਚ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਰਿਟਰਨਿੰਗ ਅਧਿਕਾਰੀ ਤੇ ਏ.ਡੀ.ਸੀ. ਗੌਤਮ ਜੈਨ, ਨੋਡਲ ਅਫ਼ਸਰ ਖ਼ਰਚਾ ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ ਚੰਦਰ ਜਯੋਤੀ ਸਿੰਘ, ਆਮਦਨ ਕਰ ਵਿਭਾਗ ਦੇ ਡਿਪਟੀ ਡਾਇਰੈਕਟਰ ਅਨਮੋਲਦੀਪ ਸਿੰਘ, ਐਸ.ਪੀ. (ਐਚ) ਹਰਕਮਲ ਕੌਰ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਸਹਾਇਕ ਕਮਿਸ਼ਨਰ ਆਬਕਾਰੀ ਇੰਦਰਜੀਤ ਸਿੰਘ ਨਾਗਪਾਲ ਤੇ ਰੋਹਿਤ ਗਰਗ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।