ਸਿੱਧੂ ਮੂਸੇਵਾਲਾ ਦੇ ਪਿੰਡ ਹੋਏ ਦੂਹਰੇ ਕਤਲ ਦੀ ਗੁੱਥੀ ਸੁਲਝੀ-ਪੁੱਤ ਨੇ ਹੀ ਮਰਵਾ ਦਿੱਤੇ ਮਾਂ ਤੇ ਭਰਾ
ਅਸ਼ੋਕ ਵਰਮਾ , ਮਾਨਸਾ,13 ਜਨਵਰੀ 2022
ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਹਫਤਾ ਪਹਿਲਾਂ ਹੋਏ ਦੂਹਰੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਕਤਲ ਦੀ ਸਾਜਿਸ਼ ਘੜਨ ਵਾਲੇ ਪੁੱਤ ਸਣੇ ਸੁਪਾਰੀ ਲੈ ਕੇ ਹੱਤਿਆ ਕਰਨ ਵਾਲੇ 5 ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਹਨ । ਇਸ ਦੂਹਰੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਮਾਨਸਾ ਪੁਲਿਸ ਨੇ ਪੰਜ ਮੁਲਜਮ ਗ੍ਰਿਫਤਾਰ ਕੀਤੇ ਹਨ , ਜਿੰਨ੍ਹਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਦੇ ਤੌਰ ਤੇ ਹੋਈ ਹੈ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇਹ ਦੂਹਰਾ ਕਤਲ ਜਮੀਨ ਦੇ ਲਾਲਚ ਵਿੱਚ ਸਪਾਰੀ ਦੇ ਕੇ ਕਰਵਾਇਆ ਗਿਆ ਹੈ।
ਐਸ.ਐਸ.ਪੀ ਨੇ CIA ਇੰਚਾਰਜ ਪ੍ਰਿਤਪਾਲ ਸਿੰਘ ਦੀ ਪਿੱਠ ਥਾਪੜੀ
ਐਸ.ਐਸ.ਪੀ ਦੀਪਕ ਪਾਰਿਕ ਨੇ ਅੱਜ ਇਹ ਖੁਲਾਸਾ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਅਤੇ ਇਸ ਕਤਲ ਤੋਂ ਪਰਦਾ ਹਟਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀਆਈਏ ਸਟਾਫ 1 ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਪਿੱਠ ਵੀ ਥਾਪੜੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੇਰਹਿਮੀ ਨਾਲ ਕੀਤੇ ਕਤਲ ਕੇਸ ਨੂੰ ਬੇਪਰਦ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ’ਚ ਐਸ ਪੀ (ਡੀ.) ਮਾਨਸਾ, ਡੀ.ਐਸ.ਪੀ (ਸਬ ਡਿਵੀਜ਼ਨ) ਬੁਢਲਾਡਾ, ਡੀ.ਐਸ.ਪੀ ਮਾਨਸਾ, ਡੀ.ਐਸ.ਪੀ. (ਡੀ.) ਮਾਨਸਾ, ਮੁੱਖ ਅਫਸਰ ਥਾਣਾ ਸਦਰ ਮਾਨਸਾ, ਇੰਚਾਰਜ ਸੀ.ਆਈ.ਏ ਸਟਾਫ ਵਨ ਅਤੇ ਇੰਚਾਰਜ ਸਾਈਬਰ ਸੈਲ ਸਬ ਇੰਸਪੈਕਟਰ ਸਮਨਦੀਪ ਕੌੌਰ ਸ਼ਾਮਲ ਕੀਤੇ ਗਏ ਸਨ । ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਇੱਕ ਸਵਿਫਟ ਕਾਰ ,ਕਤਲ ਲਈ ਵਰਤਿਆ ਗੰਡਾਸਾ ਅਤੇ ਇੱਕ ਛੁਰੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਬੂਟਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੂਸਾ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸਦਰ ਮਾਨਸਾ ’ਚ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਦਈ ਨੇ ਦੱਸਿਆ ਕਿ ਮੁਦੱਈ ਦੀ ਘਰਵਾਲੀ ਦੀ ਮਾਸੀ ਜਸਵਿੰਦਰ ਕੌੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ ਦੇ 3 ਲੜਕੇ ਜਗਸੀਰ ਸਿੰਘ ਉਰਫ ਬੂਟਾ(ਉਮਰ 40 ਸਾਲ), ਗੁਰਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਸਨ। ਉਨ੍ਹਾਂ ਦੱਸਿਆ ਕਿ ਜਸਵਿੰਦਰ ਕੌੌਰ ਦੇ ਪਤੀ ਜਰਨੈਲ ਸਿੰਘ ਅਤੇ ਲੜਕੇ ਗੁਰਦਰਸ਼ਨ ਸਿੰਘ ਦੀ ਪਹਿਲਾਂ ਹੀ ਮੌੌਤ ਹੋੋ ਚੁੱਕੀ ਹੈ , ਜਦੋਂਕਿ ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਕਾਕਾ ਕਰੀਬ 7-8 ਸਾਲ ਤੋੋ ਮਾਨਸਾ ਵਿਖੇ ਰਹਿ ਰਿਹਾ ਹੈ। ਅਣਵਿਆਹਿਆ ਜਗਸੀਰ ਸਿੰਘ ਅਤੇ ਉਸ ਦੀ ਮਾਤਾ ਜਸਵਿੰਦਰ ਕੌੌਰ ਖੇਤਾਂ ਵਿੱਚ ਬਣੇ ਆਪਣੇ ਘਰ ਵਿੱਚ ਰਹਿੰਦੇ ਹਨ।
ਬਿਆਨਾਂ ਮੁਤਾਬਕ ਉਨ੍ਹਾਂ ਦੇ ਘਰ ਦਾ ਗੇਟ ਬੰਦ ਹੋੋਣ ਨੂੰ ਦੇਖਦਿਆਂ , ਜਦੋਂ ਉਨ੍ਹਾਂ ਮੋੋਬਾਇਲ ਫੋੋਨ ਨਾ ਚੁੱਕਿਆ ਅਵਾਜ਼ ਮਾਰਨ ਅਤੇ ਖੜਕਾਉਣ ਤੇ ਨਾ ਵੀ ਗੇਟ ਨਾਂ ਖੋੋਲਣ ਕਰਕੇ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਮਾਂ-ਪੁੱਤ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਘਰ ਦੇ ਬਰਾਂਡੇ ਵਿੱਚ ਆਪਣੇ ਮੰਜਿਆਂ ਤੇ ਖੂਨ ਨਾਲ ਲੱਥਪੱਥ ਮਰੇ ਪਏ ਸਨ । ਜਿਹਨਾਂ ਦਾ ਅਣਪਛਾਤੇ ਵਿਅਕਤੀਆਂ ਵੱਲੋੋਂ ਬਹੁਤ ਹੀ ਬੇ-ਰਹਿਮੀ ਨਾਲ ਵੱਢ-ਟੁੱਕ ਕਰਕੇ ਕਤਲ ਕੀਤਾ ਗਿਆ ਹੈ। ਐਸ ਐਸ ਪੀ ਨੇ ਦੱਸਿਆ ਕਿ ਜਾਂਚ ਟੀਮ ਨੇ ਕਤਲ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਤਾਂ ਸਾਹਮਣੇ ਆਇਆ ਕਿ ਇਸ ਪਰਿਵਾਰ ਕੋਲ ਸਾਢੇ ਸੱਤ ਕਿੱਲੇ ਜ਼ਮੀਨ ਹੈ। ਕੁਲਵਿੰਦਰ ਸਿੰਘ ਉਰਫ ਕਾਕਾ ਦਾ ਮੁਲਜਮਾਂ ਅਕਬਰ ਖਾਨ ਉਰਫ ਆਕੂ, ਜਗਸੀਰ ਸਿੰਘ ਜੱਗਾ, ਜਸਕਰਨ ਸਿੰਘ ਜੱਸੀ ਅਤੇ ਰਸਨਦੀਪ ਸਿੰਘ ਨਾਲ ਤਾਲਮੇਲ ਹੋੋਇਆ ਜੋਕਿ ਆਰਥਿਕ ਤੌਰ ਤੇ ਤੰਗ ਸਨ।
ਕੁਲਵਿੰਦਰ ਸਿੰਘ ਨੇੇ ਜ਼ਮੀਨ ਦੇ ਲਾਲਚ ਵਿੱਚ ਆਪਣੀ ਮਾਤਾ ਅਤੇ ਭਰਾ ਨੂੰ ਕਤਲ ਕਰਨ ਲਈ ਮੁਲਜਮਾਂ ਨਾਲ ਗੰਢਤੁੱਪ ਕਰ ਲਈ ਅਤੇ ਉਹਨਾਂ ਨੂੰ ਆਪਣੀ ਕਾਰ, ਘਰ ਅਤੇ ਉਸ ਦੇ ਹਿੱਸੇ ਦੀ ਸਵਾ ਕਿੱਲਾ ਜਮੀਨ ਵੇਚ ਕੇ ਸਾਰੇ ਪੈਸੇ ਸੁਪਾਰੀ ਵਜੋੋ ਦੇਣ ਦੀ ਗੱਲ ਆਖੀ ਸੀ ਜੋੋ ਮੌੌਕੇ ਤੇ ਨਹੀ ਵਿਕ ਸਕੇ। ਉਨ੍ਹਾਂ ਦੱਸਿਆ ਕਿ ਕੰਮ ਹੋੋਣ ਤੋੋਂ ਬਾਅਦ 2 ਕਿੱਲੇ ਜਮੀਨ ਉਹਨਾਂ ਦੇ ਨਾਮ ਕਰਵਾਉਣ ਦਾ ਜੁਬਾਨੀ ਇਕਰਾਰ ਕੀਤਾ ਅਤੇ ਆਪਣੇ ਕੋਲ ਰੱਖੇ 20 ਹਜਾਰ ਰੁਪਏ ਉਹਨਾਂ ਨੂੰ ਦੇ ਦਿੱਤੇ । ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਲਾਲਚ ਵਿੱਚ ਮਿਤੀ 4,5-ਜਨਵਰੀ ਦੀ ਦਰਮਿਆਨੀ ਰਾਤ ਨੂੰ ਘਰ ਦੀ ਕੰਧ ਟੱਪ ਕੇ ਗੰਡਾਸੇ ਅਤੇ ਛੁਰੀਆਂ ਨਾਲ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਉਰਫ ਬੂਟਾ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।
ਵਿਗਿਆਨਕ ਢੰਗ ਨਾਲ ਤਫਤੀਸ਼
ਐਸ ਐਸ ਪੀ ਨੇ ਦੱਸਿਆ ਕਿ ਜਾਂਚ ਟੀਮਾਂ ਨੇ ਕਤਲ ਕੇਸ ਨਾਲ ਜੁੜੇ ਵੱਖ ਵੱਖ ਪਹਿਲੂਆਂ ਨੂੰ ਧਿਆਨ ’ਚ ਰੱਖਦਿਆਂ ਵਿਗਿਆਨਕ ਢੰਗ ਨਾਲ ਤਫਤੀਸ਼ ਕੀਤੀ ਤੇ ਕੁਲਵਿੰਦਰ ਸਿੰਘ, ਅਕਬਰ ਖਾਨ , ਜਗਸੀਰ ਸਿੰਘ, ਜਸਕਰਨ ਅਤੇ ਰਸਨਦੀਪ ਸਿੰਘ ਨੂੰ ਗਿ੍ਰਫਤਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਪੁਲਿਸ ਰਿਮਾਂਡ ਲੈਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਕਤਲ ’ਚ ਵਰਤੀ ਕਾਰ ਅਤੇ ਤੇਜਧਾਰ ਹਥਿਆਰ ਬਰਾਮਦ ਕਰਨੀ ਬਾਕੀ ਹੈ।