PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਚੰਡੀਗੜ੍ਹ ਪੰਜਾਬ ਮੁੱਖ ਪੰਨਾ

City Center Scam ‘ਚ ਮਜੀਠੀਆ ਨੇ ਚੰਨੀ ਦੇ ਭਰਾ ਨੂੰ ਬਚਾਇਆ, ਹੁਣ ਡਰੱਗ ਕੇਸ ‘ਚ ਮਜੀਠੀਆ ਨੂੰ ਬਚਾਅ ਕੇ ਚੰਨੀ ਨੇ ਕਰਜ਼ਾ ਲਾਹਿਆ: ਭਗਵੰਤ ਮਾਨ

Advertisement
Spread Information

ਜਿਹੋ-ਜਿਹੀ ਕਾਨੂੰਨੀ ਕਾਰਵਾਈ ਦਾ ਹਾਲ ਮਜੀਠੀਆ ਕੇਸ ‘ਚ ਹੋਇਆ, ਉਹੋ ਹਾਲ ਬਾਦਲਾਂ ਦੀਆਂ ਬੱਸਾਂ ਖਿਲਾਫ਼ ਰਾਜਾ ਵੜਿੰਗ ਦੀ ਕਾਰਵਾਈ ਦਾ ਹੋਇਆ

ਮਾਨ ਨੇ ਕਿਹਾ ਕਿ ‘ਆਪ’ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਤਿਆਰ

ਏ.ਐਸ. ਅਰਸ਼ੀ , ਚੰਡੀਗੜ੍ਹ, 11 ਜਨਵਰੀ 2022

        ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ  ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਪਹਿਲੇ ਦਿਨ ਤੋਂ ਹੀ ਕਹਿੰਦੀ ਰਹੀ ਹੈ ਕਿ ਡਰੱਗ ਮਾਮਲੇ ਵਿੱਚ ਚੰਨੀ ਸਰਕਾਰ ਅਤੇ ਬਾਦਲ ਪਰਿਵਾਰ ਰਲ ਮਿਲ ਕੇ ਚੱਲ ਰਹੇ ਹਨ, ਕਿਉਂਕਿ (ਬਾਦਲ -ਮਜੀਠੀਆ) ਨੇ ਲੁਧਿਆਣਾ ਦੇ ਸਿਟੀ ਸੈਂਟਰ ਘੁਟਾਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਬਚਾਇਆ ਸੀ ਅਤੇ ਹੁਣ ਡਰੱਗ ਕੇਸ ‘ਚ ਮਜੀਠੀਆ ਨੂੰ ਬਚਾਅ ਕੇ ਮੁੱਖ ਮੰਤਰੀ ਚੰਨੀ ਨੇ ਕਰਜਾ ਲਾਹਿਆ ਹੈ। ਮਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਨੇ 111 ਦਿਨ ਮੁਹੱਲੇ ਦੀ ਕ੍ਰਿਕਟ ਟੀਮ ਦੀ ਤਰਾਂ ਕੰਮ ਕੀਤਾ ਹੈ ਅਤੇ ਸੂਬੇ ਵਿੱਚ ਸਰਕਾਰ ਜਾਂ ਕਾਨੂੰਨ ਦੀ ਕੋਈ ਵਿਵਸਥਾ ਨਹੀਂ ਸੀ, ਇਸ ਲਈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਤੇ ਬੈਠਾਉਣਾ।

    ਮੰਗਲਵਾਰ ਨੂੰ ਚੰਡੀਗੜ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਹਲਕੀ ਤੇ ਡੰਗ ਟਪਾਊ ਪੁਲੀਸ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ। ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ (ਬਾਦਲ -ਮਜੀਠੀਆ) ਪਰਿਵਾਰ ਨਾਲ ਪਹਿਲਾਂ ਹੀ ਗੁਪਤ ਸਮਝੌਤਾ ਹੋ ਗਿਆ ਸੀ, ਕਿ ਚੰਨੀ ਸਰਕਾਰ ਡਰੱਗ ਮਾਮਲੇ ਵਿੱਚ ਮਜੀਠੀਆ ਖ਼ਿਲਾਫ਼ ਹਲਕੇ ਪੱਧਰ ਦੀ ਕਾਰਵਾਈ ਕੀਤੀ ਹੈ। ਇਸੇ ਲਈ ਕਾਂਗਰਸ ਸਰਕਾਰ ਨੇ ਐਫ਼.ਆਈ.ਆਰ ਦਰਜ ਹੋਣ ਦੇ 20- 22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ।

   ਮਾਨ ਨੇ ਕਿਹਾ ਕਿ ਜਿਹੋ- ਜਿਹੀ ਕਾਨੂੰਨੀ ਕਾਰਵਾਈ ਦਾ ਹਾਲ ਮਜੀਠੀਆ ਕੇਸ ਵਿੱਚ ਹੋਇਆ ਹੈ, ਉਹੋ -ਜਿਹਾ ਹਾਲ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਬਾਦਲਾਂ ਦੀਆਂ ਬੱਸਾਂ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਦਾ ਹੋਇਆ ਹੈ। ਰਾਜਾ ਵੜਿੰਗ ਨੇ ਬਾਦਲਾਂ ਦੀਆਂ ਬੱਸਾਂ ਨੂੰ ਤਕੜੇ ਹੱਥ ਨਹੀਂ ਪਾਏ, ਸਗੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕਾਰਵਾਈ ਕੀਤੀ ਸੀ। ਇਸ ਕਾਰਨ ਅੱਜ ਬਾਦਲਾਂ ਦੀਆਂ ਸਾਰੀਆਂ ਬੱਸਾਂ ਸੜਕਾਂ ‘ਤੇ ਚੱਲਦੀਆਂ ਹਨ। ਉਨਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਡਰੱਗ ਮਾਮਲੇ ਸਮੇਤ ਬਾਦਲਾਂ, ਕਾਂਗਰਸੀਆਂ ਅਤੇ ਮਾਫੀਆ ਦੀਆਂ ਸਾਰੀਆਂ ਫਾਇਲਾਂ ਖੋਲੀਆਂ ਜਾਣਗੀਆਂ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ।

     ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਹੀ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ‘ਚੋਂ ਚਾਰ ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਸਰਕਾਰ ਵਿੱਚ ਰਹਿ ਕੈਪਟਨ ਨੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨਾਂ ਕਿਹਾ ਕਿ ਲੋਕਾਂ ਨੂੰ ਸਪਸ਼ਟ ਹੋ ਚੁੱਕਾ ਹੈ ਕਿ ਕਾਂਗਰਸ, ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਆਪਸ ਵਿੱਚ ਰਲੇ ਮਿਲੇ ਹੋਏ ਹਨ। ਹੁਣ ਲੋਕਾਂ ਲਈ ਬੱਸ ਇਹ ਸਮਝਣਾ ਬਾਕੀ ਰਹਿ ਗਿਆ ਹੈ ਕਿ ਇਹ (ਕਾਂਗਰਸ, ਬਾਦਲ, ਭਾਜਪਾ, ਕੈਪਟਨ) ਸਾਰੇ ਚੋਣਾ ਵੇਲੇ ਆਪਸ ‘ਚ ਰਲਦੇ ਹਨ ਜਾਂ ਲੜਦੇ ਹਨ।

     ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਸ ਵਾਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ, ਕਿਉਂਕਿ ਹਰ ਵਾਰ ਦੇ ਰਾਜਨੀਤਕ ਸਰਵੇ ਵਿੱਚ ‘ਆਪ’ ਦੀਆਂ ਸੀਟਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਅਤੇ ਲੋਕ ਆਮ ਮੁਹਾਰੇ ਰੈਲੀਆਂ ਵਿੱਚ ਸ਼ਾਮਲ ਹੋ ਰਹੇ ਹਨ, ਜੋ ‘ਆਪ’ ਦੀ ਸਰਕਾਰ ਬਣਨ ਦਾ ਪੱਕਾ ਸਬੂਤ ਹੈ। ਮਾਨ ਨੇ ਕਿਹਾ, ”ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਰੋਡਮੈਪ ਹੈ। ਖੇਤੀ ਦੇ ਵਿਕਾਸ ਦਾ ਰੋਡਮੈਪ, ਉਦਯੋਗਾਂ ਦੇ ਵਿਕਾਸ ਦਾ ਰੋਡਮੈਪ, ਸਿੱਖਿਆ ਅਤੇ ਇਲਾਜ ਦਾ ਰੋਡਮੈਪ, ਬੇਰੁਜ਼ਗਾਰੀ ਤੇ ਗਰੀਬੀ ਖ਼ਤਮ ਕਰਨ ਦਾ ਰੋਡਮੈਪ ਪਾਰਟੀ ਵੱਲੋਂ ਤਿਆਰ ਕੀਤਾ ਗਿਆ ਹੈ। ਸੂਬੇ ‘ਚ ਭਾਈਚਾਰਕ ਸਾਂਝ ਅਤੇ ਸਾਰਥਿਕ ਰਾਜਨੀਤੀ ਕਾਇਮ ਕੀਤੀ ਜਾਵੇਗੀ, ਕਿਉਂਕਿ ‘ਆਪ’ ਧਰਮ ਨਿਰਪੱਖ ਪਾਰਟੀ ਹੈ।”

    ਆਮ ਆਦਮੀ ਪਾਰਟੀ ਦੇ ਨਾਂਅ ਥੱਲੇ ਪ੍ਰਚਾਰੇ ਜਾ ਰਹੇ ਇੱਕ ਪੋਸਟਰ ਦਾ ਖੰਡਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੇ ਅਜਿਹਾ ਕੋਈ ਪੋਸਟਰ ਜਾਰੀ ਨਹੀਂ ਕੀਤਾ । ਜਿਸ ‘ਚ ਲੋਕਾਂ ਨੂੰ ਕਿਹਾ ਗਿਆ ਹੋਵੇ ਕਿ ‘ਪੈਸੇ ਸਭ ਤੋਂ ਲੈ ਲਵੋ, ਵੋਟ ‘ਆਪ’ ਨੂੰ ਹੀ ਪਾਇਓ’। ਇਸ ਤਰਾਂ ਦੇ ਪੋਸਟਰ ਨਾਲ ‘ਆਪ’ ਦਾ ਕੋਈ ਸੰਬੰਧ ਨਹੀਂ। ਪਾਰਟੀ ਵੱਲੋਂ ਟਿਕਟਾਂ ਵੇਚਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਜੇ ਕਿਸੇ ਕੋਲ਼ ਪੈਸੇ ਲੈ ਕੇ ਟਿਕਟਾਂ ਦੇਣ ਦਾ ਸਬੂਤ ਹੈ ਤਾਂ ਉਨਾਂ ਨੂੰ ਦਿੱਤਾ ਜਾਵੇ, ਕਿਉਂਕਿ ‘ਆਪ’ ਤਾਂ ਐਂਟੀ- ਕੁਰੱਪਸ਼ਨ ਮੁਹਿੰਮ ਵਿਚੋਂ ਨਿਕਲੀ ਹੋਈ ਪਾਰਟੀ ਹੈ। ਉਨਾਂ ਕਿਹਾ, ”ਪਾਰਟੀ ਏਜੰਡੇ ‘ਤੇ ਚਲਦੀ ਹੈ। ਨੇਤਾ ਬਦਲ ਸਕਦੇ ਹਨ, ਪਰ ਨੀਤੀਆਂ ਨਹੀਂ ਬਦਲਦੀਆਂ।”

   ਭਗਵੰਤ ਮਾਨ ਨੇ ਨਵੇਂ ਬਣੇ ਸੰਯੁਕਤ ਸਮਾਜ ਮੋਰਚੇ ਦੀ ਕਾਇਮੀ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ‘ਆਪ’ ਵੱਲੋਂ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਪਾਰਟੀ ਬਹੁਤ ਜਲਦੀ ਹੀ ਮੁੱਖ ਮੰਤਰੀ ਦਾ ਨਾਂਅ ਐਲਾਨ ਕੇ ਮੁਹਿੰਮ ਵਿੱਚ ਉਤਰੇਗੀ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!