PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਗਰੂਰ ਸੱਜਰੀ ਖ਼ਬਰ ਪੰਜਾਬ ਮਾਲਵਾ ਰਾਜਸੀ ਹਲਚਲ

ਭਾਜਪਾ ਨੇ ਸੰਗਰੂਰ ਦੀ ਰਾਜਨੀਤੀ ’ਚ ਗੱਡਿਆ ਸੇਹ ਦਾ ਸਿਆਸੀ ਤੱਕਲਾ

Advertisement
Spread Information

ਅਸ਼ੋਕ ਵਰਮਾ , ਸੰਗਰੂਰ,11 ਜਨਵਰੀ2022

      ਭਾਰਤੀ ਜੰਤਾ ਪਾਰਟੀ ਨੇ ਵਿਧਾਨ ਸਭਾ ਹਲਕਾ ਸੰਗਰੂਰ ਤੇ ਧੂਰੀ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਉੱਘੇ ਉਦਯੋਗਪਤੀ ਅਰਵਿੰਦ ਖੰਨਾ ਨੂੰ ਪਾਰਟੀ ’ਚ ਸ਼ਾਮਲ ਕਰਕੇ ਸੰਗਰੂਰ ਦੀ ਰਾਜਨੀਤੀ ’ਚ ਧਮਾਕਾ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਖੰਨਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਅਰਵਿੰਦ ਖੰਨਾ ਨੇ ਅੱਜ  ਦਿੱਲੀ ਵਿਖੇ ਪਾਰਟੀ ਦੇ ਕੇਂਦਰੀ ਆਗੂਆਂ ਦੀਆਂ ਮੌਜ਼ੂਦਗੀ ਵਿੱਚ ਅਰਵਿੰਦ ਖੰਨਾ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਕੈਪਟਨ ਨਾਲ ਰਹਿਕੇ ਕਾਂਗਰਸ ਦੀ ਰਾਜਨੀਤੀ ਦੇ ਦਾਅ ਪੇਚ ਸਿੱਖਣ ਵਾਲੇ ਖੰਨਾ ਦਾ ਮੁਕਾਬਲਾ ਪੰਜਾਬ ਵਜਾਰਤ ਦੇ ਵਜ਼ੀਰ ਵਿਜੇਇੰਦਰ ਸਿੰਗਲਾ ਨਾਲ ਹੋ ਸਕਦਾ ਹੈ ਜੋਕਿ ਕਾਂਗਰਸੀ ਸਫਾਂ ਲਈ ਖਤਰੇ ਦੀ ਘੰਟੀ ਹੈ।

ਅਰਵਿੰਦ ਖੰਨਾ ਦਾ ਸਿਆਸੀ ਤੇ ਸਮਾਜਿਕ ਕੱਦ ਕਾਰਨ ਵਿਜੇਇੰਦਰ ਸਿੰਗਲਾ ਤੇ ਭਾਰੀ ਪੈਣ ਦੇ ਚਰਚੇ ਹਨ। ਸੰਗਰੂਰ ਵਾਸੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਵਿਜੇਇੰਦਰ ਸਿੰਗਲਾ ਦੀ  ਮੰਤਰੀ ਵਜੋਂ ਕਾਰਗੁਜ਼ਾਰੀ ਤੇ ਉੱਪਰੋਂ ਸਿੱਖਿਆ ਮੰਤਰੀ ਰਹਿਣਾ ਸਿਆਸੀ ਤੌਰ ਤੇ ਨੁਕਸਾਨ ਵਾਲਾ ਸਿੱਧ ਹੋ ਸਕਦਾ ਹੈ। ਖਾਸ ਤੌਰ ਤੇ ਸਿੰਗਲਾ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਨਾਲ ਸਬੰਧਤ ਕੰਮਾਂ ’ਚ ਬੇਲੋੜੇ ਰੋੜੇ ਅਟਕਣ ਕਾਰਨ ਮੁਲਾਜਮ ਵਰਗ ਤਪਿਆ ਬੈਠਾ ਹੈ। ਹਾਲਾਂਕਿ ਮੈਦਾਨ ’ਚ ਹੋਰ ਵੀ ਧਿਰਾਂ ਹਨ । ਜਿੰਨ੍ਹਾਂ ਕਰਕੇ ਸਿਆਸੀ ਊਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਅਰਵਿੰਦ ਖੰਨਾ ਦੀ ਮੌਜੂਦਗੀ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਤੇ ਭਾਰੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦਰਅਸਲ ਅਰਵਿੰਦ ਖੰਨਾ ਉਦੋਂ ਵੱਡੀ ਪੱਧਰ ਤੇ ਚਰਚਾ ’ਚ ਆਏ ਜਦੋਂ ਉਨ੍ਹਾਂ ਸਾਲ 2015 ਵਿੱਚ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਧੂਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਗੀ ਕਰਨ ਵਾਲੇ ਅਰਵਿੰਦ ਖੰਨਾ ਨੇ ਆਪਣੇ ਅਸਤੀਫਾ ਦੇਣ ਦਾ ਕਾਰਨ ਰਾਜਨੀਤੀ ਕਾਰਨ ਆਪਣੇ ਵਪਾਰ ਵੱਲ ਧਿਆਨ ਨਾਂ ਦੇ ਸਕਣਾ ਦੱਸਿਆ ਸੀ। ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਖੰਨਾ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਪਰ ਕੁੱਝ ਮਹੀਨਿਆਂ ਬਾਅਦ ਦੁਬਾਰਾ ਫਿਰ ਅਸਤੀਫ਼ਾ ਦੇ ਦਿੱਤਾ ਜੋਕਿ ਮਜ਼ਬੂਰੀ ਵੱਸ ਪਾਰਟੀ ਆਗੂਆਂ ਨੂੰ ਮਨਜੂਰ ਕਰਨਾ ਪਿਆ ਸੀ। ਗੌਰਤਲਬ ਹੈ ਕਿ ਕਿਸੇ ਸਮੇਂ ਅਰਵਿੰਦ ਖੰਨਾ ਦਾ ਨਾਂਅ ਜ਼ਿਲ੍ਹਾ ਸੰਗਰੂਰ ਦੀ ਰਾਜਨੀਤੀ ਵਿੱਚ ਮੂਹਰਲੀਆਂ ਸਫ਼ਾਂ ਵਿੱਚ ਆਉਂਦਾ ਰਿਹਾ  ਹੈ।

ਅਰਵਿੰਦ ਖੰਨਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਜਨੀਤੀ ’ਚ ਲਿਆਏ ਸਨ । ਇਸ ਨੂੰ ਸੰਜੋਗ ਹੀ ਕਿਹਾ ਜਾ ਸਕਦਾ ਹੈ ਕਿ ਅਰਵਿੰਦ ਖੰਨਾ ਦੋ ਵਾਰ ਵਿਧਾਇਕ  ਕਾਂਗਰਸ ਦੀ ਟਿਕਟ ਤੇ ਸੰਗਰੂਰ ਅਤੇ ਧੂਰੀ ਹਲਕਿਆਂ ਤੋਂ ਚੋਣ ਜਿੱਤ ਕੇ ਬਣੇ ਸਨ । ਅਰਵਿੰਦ ਖੰਨਾ ਕਾਂਗਰਸ ਦੇ ਧਾਕੜ ਲੀਡਰਾਂ ’ਚ ਸ਼ਮੁਾਰ ਹੁੰਦੇ ਰਹੇ ਹਨ ਜਿੰਨ੍ਹਾਂ ਨੇ 1998 ਦੇ ਕਰੀਬ ਜ਼ਿਲ੍ਹਾ ਸੰਗਰੂਰ ਵਿੱਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ‘ਉਮੀਦ’ ਨਾਮਕ ਸੰਸਥਾ ਬਣਾ ਕੇ ਪਿੰਡ-ਪਿੰਡ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆਂ, ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸੰਗਰੂਰ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਚੁੱਕਿਆ ਸੀ।  

ਅਰਵਿੰਦ ਖੰਨਾ ਨੇ 2002 ’ਚ  ਵਿਧਾਨ ਸਭਾ ਸੰਗਰੂਰ ਤੋਂ ਚੋਣ ਲੜੀ  ਅਤੇ ਸਿਆਸਤ ਦੇ ਹਰ ਦਾਅ ਪੇਚ ਪੱਖੋਂ ਮਾਹਿਰ ਵਜੋਂ ਚਰਚਿਤ ਖੰਨਾ ਨੇ ਇਸ ਮੌਕੇ 42 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ।  ਸਾਲ 2004 ’ਚ  ਅਰਵਿੰਦ ਖੰਨਾ ਨੇ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਹੀ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਬਹੁਤ ਹੀ ਘੱਟ ਸਮੇਂ ਦੌਰਾਨ ਹਲਕੇ ਵਿੱਚ ਆਪਣੀ ਪਕੜ ਬਣਾ ਲਈ। ਹਾਲਾਂਕਿ ਅਰਵਿੰਦ ਖੰਨਾਂ ਨੂੰ  ਅਕਾਲੀ ਦਲ ਦੇ ਥੰਮ੍ਹ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨੇ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਸ਼ਿਕਸਤ ਦਿੱਤੀ ਪਰ ਇਨ੍ਹਾਂ ਚੋਣਾਂ ਨੇ ਖੰਨਾ ਦਾ ਸਿਆਸੀ ਕੱਦ ਕਾਫ਼ੀ ਉੱਚਾ ਕਰ ਦਿੱਤਾ ਸੀ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!