ਸ਼ਹੀਦੀ ਸਭਾ ਦੌਰਾਨ ਆਮ ਖਾਸ ਬਾਗ ਵਿਖੇ ਹੋਵੇਗਾ ’ਜਿੰਦਾਂ ਨਿੱਕੀਆਂ’ ਤੇ ਮੈਂ ਤੇਰਾ ਬੰਦਾ ਦਾ ਮੰਚਨ : ਡੀ.ਸੀ
- ਸ਼ਹੀਦੀ ਸਭਾ ਦੌਰਾਨ ਆਮ ਖਾਸ ਬਾਗ ਵਿਖੇ ਹੋਵੇਗਾ ’ਜਿੰਦਾਂ ਨਿੱਕੀਆਂ’ ਤੇ ਮੈਂ ਤੇਰਾ ਬੰਦਾ ਦਾ ਮੰਚਨ : ਡੀ.ਸੀ
- ਸ਼ਹਿਰ ਦੇ 4 ਪ੍ਰਮੁੱਖ ਸਥਾਨਾਂ ’ਤੇ ਐਲ.ਈ.ਡੀ. ਰਾਹੀਂ ਵਿਖਾਈ ਜਾਵੇਗੀ ਸੰਗੀਤਮਈ ਗਾਥਾ ’’ ਸ਼ਹੀਦਾਨਿ ਵਫਾ’’
- ਵੱਖ-ਵੱਖ ਵਿਕਾਸ ਕਾਰਜਾਂ ਨੂੰ ਵਿਖਾਉਂਦੀ ਵਿਕਾਸ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ- 24 ਦਸੰਬਰ 2021
ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸ਼ਹੀਦੀ ਸਭਾ ਦੌਰਾਨ ਜਿ਼ਲ੍ਹਾ ਸੱਭਿਆਚਾਰਕ ਸੋਸਾਇਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 25 ਦਸੰਬਰ ਨੂੰ ਸ਼ਾਮ 6:00 ਵਜੇ ਆਮ ਖਾਸ ਬਾਗ ਵਿਖੇ ਪ੍ਰਸਿੱਧ ਨਾਟਕਕਾਰ ਹਰਬਖਕਸ਼ ਸਿੰਘ ਲਾਟਾ ਦੁਆਰਾ ਨਿਰਦੇਸ਼ਤ ਕੀਤੀ ਵਿਸ਼ਵ ਪ੍ਰਸਿੱਧ ਇਤਿਹਾਸਕ ਨਾਟਕ ’ਜਿੰਦਾਂ ਨਿੱਕੀਆਂ ’ ਅਤੇ 26 ਦਸੰਬਰ ਨੂੰ ਸ਼ਾਮ 6:00 ਵਜੇ ਮਰਹੂਮ ਹਰਪਾਲ ਟਿਵਾਣਾ ਦਾ ਲਿਖਿਆ ਅਤੇ ਮਨਪਾਲ ਟਿਵਾਣਾ ਦੁਆਰਾ ਨਿਰਦੇਸਿ਼ਤ ਕੀਤੀ ਇਤਿਹਾਸਕ ਨਾਟਕ ’ ਮੈਂ ਤੇਰਾ ਬੰਦਾ ’ ਦਾ ਮੰਚਨ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 25 ਦਸੰਬਰ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਸ਼੍ਰੀ ਅਖੰਡ ਪਾਠ ਦੇ ਭੋਗ ਨਾਲ ਸ਼ਹੀਦੀ ਸਭਾ ਦਾ ਪ੍ਰਾਰੰਭ ਹੋਵੇਗਾ ਅਤੇ ਇਸ ਉਪਰੰਤ ਸਵੇਰੇ 10:00 ਵਜੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀ ’ ਵਿਕਾਸ ਪ੍ਰਦਰਸ਼ਨੀ ’ ਦਾ ਉਦਘਾਟਨ ਕੀਤਾ ਜਾਵੇਗਾ। ਇਹ ਵਿਕਾਸ ਪ੍ਰਦਰਸ਼ਨੀ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੇਗੀ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ 25,26 ਤੇ 27 ਦਸੰਬਰ ਨੂੰ ਸ਼ਹਿਰ ਦੇ ਚਾਰ ਪ੍ਰਮੁੱਖ ਸਥਾਨਾਂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ, ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਾਹਮਣੇ, ਬਾਬਾ ਬੰਦਾ ਸਿੰਘ ਬਹਾਦਰ ਚੌਂਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਸ ਸਟੈਂਡ ਜੀ.ਟੀ. ਰੋਡ ਸਰਹਿੰਦ ਵਿਖੇ ਵਿਸ਼ਵ ਪ੍ਰਸਿੱਧ ਕੀਰਤਨੀਏ, ਰਾਸ਼ਟਰਪਤੀ ਅਵਾਰਡੀ, ਸ਼੍ਰੋਮਣੀ ਰਾਗੀ ਤੇ ਸੰਗੀਤ ਵਿਦਵਾਨ ਡਾ: ਗੁਰਨਾਮ ਸਿੰਘ ਵੱਲੋਂ ਜੋਗੀ ਅੱਲ੍ਹਾ ਯਾਰ ਖਾਨ ਦੀ ਸੰਗੀਤਬੱਧ ਕੀਤੀ ਅਤੇ ਸੋਜ਼ ਭਰਪੂਰ ਆਵਾਜ਼ ਵਿੱਚ ਗਾਈ ਕਾਵਿਮਈ ਰਚਨਾ ’ਸ਼ਹੀਦਾਨਿ ਵਫਾ’ ਨੂੰ ਵਿਖਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੌਰਾਨ ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।