PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪੰਜਾਬ ਬਰਨਾਲਾ ਮਾਲਵਾ

ਵੱਡੇ ਸਾਬ੍ਹ ਦੀ ਸ਼ਹਿ- ਬਿਨਾਂ ਨਕਸ਼ਾ ਪਾਸ ਕਰਵਾਇਆਂ ਹੀ ਬਣ ਰਿਹੈ ਪੈਟ੍ਰੌਲ ਪੰਪ

Advertisement
Spread Information

ਨਗਰ ਪੰਚਾਇਤ ਦੇ ਪ੍ਰਧਾਨ ਅਸ਼ਵਨੀ ਆਸ਼ੂ ਨੇ ਕਿਹਾ, ਕੰਮ ਰੋਕਿਆ ਗਿਆ ਸੀ , ਪਰ !


ਹਰਿੰਦਰ ਨਿੱਕਾ , ਬਰਨਾਲਾ 2 ਦਸੰਬਰ 2021

      ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਨਗਰ ਪੰਚਾਇਤ ਹੰਡਿਆਇਆ ਦੀ ਹਦੂਦ ਅੰਦਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗਦਿਆਂ ਖੇਤਰ ਦੇ ਇੱਕ ਸ਼ਾਹੂਕਾਰ ਵੱਲੋਂ ਪੈਟਰੌਲ ਪੰਪ ਬਣਾਇਆ ਜਾ ਰਿਹਾ ਹੈ। ਪੈਟਰੌਲ ਪੰਪ ਦੀ ਇਮਾਰਤ ਦੇ ਨਿਰਮਾਣ ਲਈ ਕੋਈ ਨਕਸ਼ਾ ਵੀ ਪਾਸ ਨਹੀਂ ਕਰਵਾਇਆ ਗਿਆ ਹੈ । ਪਤਾ ਇਹ ਵੀ ਲੱਗਿਆ ਹੈ ਕਿ ਜਿਲ੍ਹਾ ਪੱਧਰੀ ਇੱਕ ਵੱਡੇ ਅਫਸਰ ਦੀ ਛਤਰ ਛਾਇਆ ਹੇਠ ਹੀ ,ਸੜਕ ਦੇ ਕਿਨਾਰੇ ਸ਼ਰੇਆਮ ਹੋ ਰਹੀ ਨਜਾਇਜ਼ ਉਸਾਰੀ ਨੂੰ ਨਾ ਤਾਂ ਰੋਕਿਆ ਗਿਆ ਹੈ ਅਤੇ ਨਾ ਹੀ ਨਜ਼ਾਇਜ ਉਸਾਰੀ ਰੋਕਣ ਲਈ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਪੁੱਛਣ ਤੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਨੇ ਮੰਨਿਆ ਕਿ ਨਗਰ ਪੰਚਾਇਤ ਨੂੰ ਨਾ ਤਾਂ ਉਕਤ ਪੈਟਰੌਲ ਪੰਪ ਦਾ ਹਾਲੇ ਤੱਕ ਕੋਈ ਨਕਸ਼ਾ ਪਾਸ ਕੀਤਾ ਹੈ ਅਤੇ ਨਾ ਹੀ ਉਸਾਰੀ ਸਬੰਧੀ ਕੋਈ ਨਕਸ਼ਾ ਪਾਸ ਕਰਵਾਉਣ ਲਈ ਫਾਈਲ ਦਫਤਰ ਵਿੱਚ ਜਮ੍ਹਾ ਕਰਵਾਈ ਗਈ ਹੈ।

ਮੌਕਾ ਮੁਆਇਨਾ ਕੀਤਾ ਤਾਂ ਖੁੱਲ੍ਹਿਆ ਭੇਦ !

    ਬਰਨਾਲਾ ਟੂਡੇ ਦੇ ਇੱਕ ਸੁਹਿਰਦ ਪਾਠਕ ਨੇ ਲੰਘੀ ਕੱਲ੍ਹ ਬਾਅਦ ਦੁਪਿਹਰ ਜਾਣਕਾਰੀ ਦਿੱਤੀ ਕਿ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਪਰ ਨਜਾਇਜ਼ ਤਰੀਕੇ ਨਾਲ ਨਕਸ਼ਾ ਪਾਸ ਕਰਵਾਇਆਂ ਬਿਨਾਂ ਹੀ ਧੜ੍ਹੱਲੇ ਨਾਲ ਤੇਜ਼ੀ ਨਾਲ ਪੈਟਰੌਲ ਪੰਪ ਦੀ ਉਸਾਰੀ ਜਾਰੀ ਹੈ। ਜਦੋਂ ਬਰਨਾਲਾ ਟੂਡੇ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਪੈਟਰੌਲ ਪੰਪ ਦੀ ਚਾਰਦੀਵਾਰੀ ਤਿੰਨ ਪਾਸਿਉਂ ਪੂਰੀ ਹੋ ਚੁੱਕੀ ਸੀ ਅਤੇ ਕਾਫੀ ਗਿਣਤੀ ਵਿੱਚ ਮਿਸਤਰੀ ਅਤੇ ਮਜਦੂਰ ਬਾਕੀ ਇਮਾਰਤ ਦਾ ਨਿਰਮਾਣ ਕਰ ਰਹੇ ਸਨ।  ਜਦੋਂ ਹੀ ਮੀਡੀਆ ਕਰਮੀਆਂ ਨੇ ਨਿਰਮਾਣ ਕੰਮ ਦੀਆਂ ਫੋਟੋਆਂ ਕੀਤੀਆਂ ਅਤੇ ਵੀਡੀਉ ਬਣਾਈ ਤਾਂ ਕੰਮ ਕਰਵਾ ਰਹੇ ਵਿਅਕਤੀ ਦੇ ਪੈਰਾਂ ਥੱਲਿਉਂ ਜਮੀਨ ਖਿਸਕਣੀ ਸ਼ੁਰੂ ਹੋ ਗਈ। ਉਨਾਂ ਝੱਟਪਟ ਇਸ ਬਾਰੇ ਪੰਪ ਮਾਲਿਕਾਂ ਨੂੰ ਫੋਨ ਕਰ ਦਿੱਤਾ। ਖੁਦ ਨੂੰ ਪੰਪ ਮਾਲਿਕ ਦੱਸ ਰਹੇ, ਇੱਕ ਹਿੰਦੂ ਜੈਂਟਲਮੈਨ ਨੇ ਬੇਸ਼ੱਕ ਆਪਣਾ ਨਾਮ ਨਹੀਂ ਦੱਸਿਆ, ਪਰ ਪਹਿਲਾਂ ਤਾਂ ਉਸ ਨੇ ਕਿਹਾ ਕਿ ਬਰਨਾਲਾ ਨਗਰ ਕੌਂਸਲ ਵਿਖੇ ਨਕਸ਼ਾ ਅਤੇ ਆਲ੍ਹਾ ਅਫਸਰਾਂ ਤੋਂ NOC ਅਪਲਾਈ ਕੀਤਾ ਹੋਇਆ ਹੈ। ਜਦੋਂ ਉਨਾਂ ਨੂੰ ਪੁੱਛਿਆ ਕਿ ਪੈਟਰੌਲ ਪੰਪ ਵਾਲਾ ਖੇਤਰ ਬਰਨਾਲਾ ਨਹੀਂ, ਨਗਰ ਪੰਚਾਇਤ ਦੀ ਹੱਦ ਅੰਦਰ ਪੈਂਦਾ ਹੈ ਤਾਂ ਉਸ ਨੇ ਇੱਕੋ ਸਾਹ ਕਹਿਣਾ ਸ਼ੁਰੂ ਕਰ ਦਿੱਤਾ, ਤੁਸੀਂ ਸਾਨੂੰ ਕੌਪਰੇਟ ਕਰੋ, ਜਿੱਥੋਂ ਵੀ ਬਣਦਾ ਹੋਇਆ ਅਸੀਂ ਨਕਸ਼ਾ ਪਾਸ ਕਰਵਾ ਲਵਾਂਗੇ। ਉਸ ਨੇ ਗੈਰਕਾਨੂੰਨੀ ਉਸਾਰੀ ਸਬੰਧੀ ਕਿਹਾ ਕਿ ਪਹਿਲਾਂ ਨਗਰ ਪੰਚਾਇਤ ਦਾ ਪ੍ਰਧਾਨ ਕੰਮ ਰੋਕਣ ਲਈ ਕਹਿ ਗਿਆ ਸੀ। ਫਿਰ ਸਾਨੂੰ ,,,,,, ਅਫਸਰ ਨੇ ਕਹਿ ਦਿੱਤਾ, ਕੋਈ ਗੱਲ ਨਹੀਂ, ਤੁਸੀਂ ਕੰਮ ਕਰਦੇ ਰਹੋ, ਨਕਸ਼ਾ ਆਪੇ ਪਾਸ ਕਰ ਦਿਆਂਗੇ ।

ਕੰਮ ਰੋਕਿਆ ਸੀ, ਜੇ ਫਿਰ ਸ਼ੁਰੂ ਹੋ ਗਿਆ ਤਾਂ ਕੱਢਾਂਗੇ ਨੋਟਿਸ-ਆਸ਼ੂ

   ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨੇ ਮੰਨਿਆ ਕਿ ਪੈਟਰੌਲ ਪੰਪ ਵਾਲਾ ਖੇਤਰ ਨਗਰ ਪੰਚਾਇਤ ਦੀ ਹੱਦ ਅੰਦਰ ਪੈਂਦਾ ਹੈ। ਹਾਲੇ ਤੱਕ ਪੰਪ ਵਾਲਿਆਂ ਨੇ ਦਫਤਰ ਵਿੱਚ ਕੋਈ ਨਕਸ਼ਾ ਅਪਲਾਈ ਵੀ ਨਹੀਂ ਕੀਤਾ। ਉਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਮੈਂ ਖੁਦ ਮੌਕੇ ਤੇ ਪਹੁੰਚ ਕੇ ਕੰਮ ਰੁਕਵਾ ਆਇਆ ਸੀ। ਜੇਕਰ ਹੁਣ ਫਿਰ ਉਨਾਂ ਕੰਮ ਸ਼ੁਰੂ ਕੀਤਾ ਹੋਇਆ ਹੈ ਤਾਂ ਅਸੀਂ ਨੋਟਿਸ ਕੱਢ ਕੇ ਕੰਮ ਬੰਦ ਕਰਵਾ ਦਿਆਂਗੇ। ਜਿੰਨ੍ਹਾਂ ਚਿਰ ਨਕਸ਼ਾ ਪਾਸ ਨਹੀਂ ਹੁੰਦਾ, ਉਦੋਂ ਤੱਕ ਪੰਪ ਦਾ ਗੈਰਕਾਨੂੰਨੀ ਨਿਰਮਾਣ ਨਹੀਂ ਹੋਣ ਦਿੱਤਾ ਜਾਵੇਗਾ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!