ਗੁਰੂ ਘਰ ‘ਚ ਬੇਅਦਬੀ -1 ਹੋਰ ਦੋਸ਼ੀ ਵੀ ਲੋਕਾਂ ਨੇ ਉਤਾਰਿਆ ਮੌਤ ਦੇ ਘਾਟ
ਲੋਕਾਂ ਨੇ ਬੇਅਦਬੀ ਕਰਨ ਵਾਲੇ ਨੂੰ ਮੌਕੇ ਤੇ ਦਬੋਚਿਆ, ਕੀਤੀ ਮਾਰਕੁੱਟ
ਪੀ.ਟੀ.ਨਿਊਜ , ਕਪੂਰਥਲਾ, 19 ਦਸੰਬਰ 2021
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਠੱਲ੍ਹਣ ਦਾ ਨਾਮ ਨਹੀਂ ਲੈ ਰਹੀਆਂ । ਪਰੰਤੂ ਸਰਕਾਰ ਵੱਲੋਂ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਵਿੱਚ ਵਰਤੀ ਜਾ ਰਹੀ ਢਿੱਲ ਕਾਰਣ , ਲੋਕਾਂ ਦਾ ਗੁੱਸਾ ਵੀ ਬੇਅਦਬੀ ਕਰਨ ਵਾਲਿਆਂ ਖਿਲਾਫ ਹੋਰ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਘਟਨਾ ਅੱਜ ਪਿੰਡ ਨਿਜਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ, ਜਿੱਥੇ ਬੇਅਦਬੀ ਦੀ ਘਟਨਾ ਕਰਨ ਵਾਲੇ ਦੋਸ਼ੀ ਨੂੰ ਪਿੰਡ ਵਾਲਿਆਂ ਨੇ ਮੌਕੇ ਤੋਂ ਹੀ ਫੜ ਲਿਆ ਅਤੇ ਉਹ ਦੀ ਕੁੱਟਮਾਰ ਵੀ ਕੀਤੀ। ਪਤਾ ਇਹ ਵੀ ਲੱਗਿਆ ਹੈ ਕਿ, ਨਿਜਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਨੂੰ ਭੜਕੇ ਲੋਕਾਂ ਨੇ ਮੌਕੇ ਤੇ ਹੀ ਮੌਤ ਦੀ ਘਾਟ ਉਤਾਰ ਦਿੱਤਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ, ਗੁੱਸੇ ਦੇ ਭਰੇ ਪੀਤੇ ਲੋਕਾਂ ਵੱਲੋਂ ਐਸ.ਜੀ.ਪੀ.ਸੀ. ਅਤੇ ਪੁਲਿਸ ਵਾਲਿਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ । ਉੱਧਰ ਇੱਕ ਪੁਲਿਸ ਅਧਿਕਾਰੀ ਨੇ ਉਕਤ ਬੇਅਦਬੀ ਦੇ ਦੋਸ਼ੀ ਦੀ ਮੌਤ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਵਰਨਣਯੋਗ ਹੈ ਕਿ ਲੰਘੀ ਕੱਲ੍ਹ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ,ਹਰਿਮੰਦਰ ਸਾਹਿਬ ਅਮ੍ਰਿਤਸਰ ਵਿਖੇ ਦਾਖਿਲ ਹੋ ਕੇ ਵੀ ਇੱਕ ਵਿਅਕਤੀ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵੀ ਦੋਸ਼ੀ ਨੂੰ ਸ਼ਰਧਾਲੂਆਂ ਨੇ ਮੌਕੇ ਤੇ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਸੀੇ।







