ਉਹ ਵਿਆਹ ਲਈ ਮਜਬੂਰ ਕਰਨ ਲੱਗੀ ,ਤਾਂ ਨੌਜਵਾਨ ਨੇ ਨਿਗਲਿਆ ਜਹਿਰ
ਹਰਿੰਦਰ ਨਿੱਕਾ , ਪਟਿਆਲਾ , 12 ਦਸੰਬਰ 2021
ਉਹ ਆਪਣੀ ਭੈਣ ਦਾ ਜਣੇਪਾ ਕਰਵਾਉਣ ਗਈ ਤਾਂ ਇੱਕ ਮਹੀਨੇ ਵਿੱਚ ਹੀ ਆਪਣੀ ਭੈਣ ਦੇ ਦਿਉਰ ਤੇ ਪਿਆਰ ਦੇ ਡੋਰੇ ਪਾਉਣ ਲੱਗ ਪਈ ਅਤੇ ਸ਼ਗਨਾਂ ਦੀ ਮਹਿੰਦੀ ਲਾਉਣ ਦੇ ਇੱਕਤਰਫਾ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ। ਉੱਥੋਂ ਆਈ ਤਾਂ ਫਿਰ ਫੋਨ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਆਖਿਰ ਉਸ ਨੇ ਆਪਣੀ ਭੈਣ ਦੇ ਦਿਉਰ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਦਿੱਤਾ। ਜਿਸ ਤੋਂ ਤੰਗ ਆ ਕੇ ਨੌਜਵਾਨ ਨੇ ਕੋਈ ਜਹਿਰੀਲੀ ਚੀਜ ਖਾ ਲਈ । 2 ਦਿਨ ਤੱਕ ਉਹ ਜਿੰਦਗੀ ਲਈ ਮੌਤ ਨਾਲ ਜੂਝਦਾ ਰਿਹਾ। ਪਰੰਤੂ ਇਲਾਜ ਦੌਰਾਨ ਹੀ ਜਿੰਦਗੀ ਦੀ ਜੰਗ ਹਾਰ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਪਰ ਦੋਸ਼ਣ ਖਿਲਾਫ ਆਤਮ ਹੱਤਿਆ ਕਰਨ ਲਈ,ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗੁਰਚਰਨ ਸਿੰਘ ਪੁੱਤਰ ਰਾਮ ਚੰਦ ਵਾਸੀ ਅਲੀਪੁਰ ਵਜੀਰ ਸਾਹਿਬ, ਥਾਣਾ ਜੁਲਕਾ ਨੇ ਦੱਸਿਆ ਕਿ ਸੰਦੀਪ ਕੋਰ ਵਾਸੀ ਪਿੰਡ ਭੁਨੇੜੀ, ਜਿਲਾ ਸੰਗਰੂਰ ਮੁਦਈ ਦੇ ਵੱਡੇ ਲੜਕੇ ਗੁਰਪਿੰਦਰ ਸਿੰਘ ਦੀ ਸਾਲੀ ਹੈ। ਸੰਦੀਪ ਕੋਰ ਆਪਣੀ ਭੈਣ ਦੇ ਬੱਚਾ ਹੋਣ ਕਰਕੇ ਕਰੀਬ 1 ਮਹੀਨਾ ਉਸ ਪਾਸ ਹੀ ਰਹੀ ਸੀ। ਇਸ ਦੌਰਾਨ ਹੀ ਸੰਦੀਪ ਕੌਰ ਨੇ ਮੁਦਈ ਦੇ ਛੋਟੇ ਲੜਕੇ ਅਮਨ ਕੁਮਾਰ ਉਮਰ ਕਰੀਬ 21 ਸਾਲ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਬਾਅਦ ਵਿੱਚ ਫੋਨ ਪਰ ਗੱਲਾਂ ਕਰਨ ਲੱਗ ਪਈ ਅਤੇ ਆਖਿਰ ਉਸ ਨੂੰ ਵਿਆਹ ਕਰਾਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਈ । ਜਿਸ ਤੋ ਦੁਖੀ ਹੋ ਕੇ ਅਮਨ ਕੁਮਾਰ ਨੇ 9 ਦਸੰਬਰ ਸਮਾ 12.30 ਪੀ.ਐਮ ਪਰ ਕੋਈ ਜਹਿਰੀਲੀ ਦਵਾਈ ਪੀ ਲਈ। ਜਿਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਦੌਰਾਨੇ ਇਲਾਜ ਹੀ 11 ਦਸੰਬਰ ਨੂੰ ਉਸ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਦੋਸ਼ਣ ਸੰਦੀਪ ਕੌਰ ਦੇ ਵਿਰੁੱਧ ਥਾਣਾ ਜੁਲਕਾ ਵਿਖੇ ਅਧੀਨ ਜੁਰਮ 306 IPC ਤਹਿਤ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।