ਉਦਯੋਗਿਕ ਵਿਕਾਸ ਨਾਲ ਬੇਰੋਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ: ਅਨੀਤਾ ਦਰਸ਼ੀ
ਉਦਯੋਗਿਕ ਵਿਕਾਸ ਨਾਲ ਬੇਰੋਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ: ਅਨੀਤਾ ਦਰਸ਼ੀ
- ਵਧੀਕ ਡਿਪਟੀ ਕਮਿਸ਼ਨਰ ਨੇ ਕੋਰਡੀਆ ਗਰੁੱਪ ਆਫ ਇੰਸਟੀਚਿਊਟ ਸੰਘੋਲ ਵੱਲੋਂ ਕਰਵਾਈ ਇੰਡਸਟਰੀ ਮੀਟ ’ਚ ਕੀਤੀ ਸਿ਼ਰਕਤ
ਅਸ਼ੋਕ ਧੀਮਾਨ,ਖਮਾਣੋਂ/ਫ਼ਤਹਿਗੜ੍ਹ ਸਾਹਿਬ, 10 ਦਸੰਬਰ: 2021
ਕੋਰਡੀਆ ਗਰੁੱਪ ਆਫ ਇੰਸਟੀਚਿਊਟ ਸੰਘੋਲ ਵੱਲੋਂ ਇੰਡਸਟਰੀ ਮੀਟ ਕਰਵਾਈ ਗਈ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ ਨੇ ਬਤੌਰ ਮੁੱਖ ਮਹਿਮਾਨ ਸਿ਼ਰਕਤ ਕੀਤੀ। ਉਨ੍ਹਾਂ ਇਸ ਮੌਕੇ ਕੋਰਡੀਆ ਸੰਸਥਾਨ ਅਤੇ ਮਜ਼ਾਰ ਐਡਵਾਈਜ਼ਰੀ ਐਲ.ਐਲ.ਪੀ. ਵੱਲੋਂ ਤਿਆਰ ਸਕਿੱਲ ਮੈਪ ਰਿਪੋਰਟ ਜਾਰੀ ਕੀਤੀ।
ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਕੋਰਡੀਆ ਸੰਸਥਾਨ ਵੱਲੋਂ ਕੌਸ਼ਲ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੇ ਸਹਿਯੋਗ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਨਾਲ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਦੇ ਵਿਕਾਸ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਬੇਰੋਜ਼ਗਾਰੀ ਦੇ ਹੱਲ ਲਈ ਵੱਡੀ ਪੱਧਰ ’ਤੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਉਦਯੋਗਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਕੋਰਡੀਆ ਸੰਸਥਾਨ ਦੇ ਚੇਅਰਮੈਨ ਲਾਰਡ ਦਿਲਜੀਤ ਰਾਣਾਂ ਨੇ ਕੋਰਡੀਆ ਸੰਸਥਾਨ ਦੇ ਹੁਨਰ ਵਿਕਾਸ ਸਬੰਧੀ ਰੋਜ਼ਗਾਰ ਤਿਆਰ ਕਰਨ ਦੇ ਉਪਰਾਲਿਆਂ ਦਾ ਜਿ਼ਕਰ ਵੀ ਕੀਤਾ। ਸੰਸਥਾ ਦੀ ਟਰਸਟੀ ਸ਼੍ਰੀਮਤੀ ਉਰਮਿਲ ਵਰਮਾ ਨੇ ਕੋਰਡੀਆ ਸੰਸਥਾਨ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਮਜ਼ਾਰ ਐਡਵਾਈਜ਼ਰੀ ਦੇ ਡਾਇਰੈਕਟਰ ਡਾ: ਸੰਜੇ ਭਾਰਦਵਾਜ ਨੇ ਸਿੱਖਿਆ ਅਤੇ ਕੌਸ਼ਲ ਦੇ ਤਾਲਮੇਲ ’ਤੇ ਜ਼ੋਰ ਦਿੱਤਾ। ਮਜ਼ਾਰ ਦੇ ਕਾਰਜਕਾਰੀ ਡਾਇਰੈਕਟਰ ਸੁਮਿਤ ਸਿੰਘ, ਹੀਰੋ ਮੋਟੋ ਕੋਰਪ ਦੇ ਰਵੀ ਸਿਨਹਾ, ਐਮ.ਐਮ. ਸਿੰਘ, ਸ਼੍ਰੀਮਤੀ ਪਾਮੁਦਰਾ ਪਟਨਾਇਕ ਅਤੇ ਮਜਾਰ ਐਡਵਾਈਜਰੀ ਦੇਸੰਜੇ ਭਾਰਦਵਾਜ ਨੇ ਵੀ ਸੰਬੋਧਨ ਕੀਤਾ। ਇਸ ਮੀਟ ਵਿੱਚ ਉਘੇ ਉਦਯੋਗਪਤੀਆਂ ਨੇ ਭਾਗ ਲਿਆ। ਸੰਸਥਾਨ ਦੇ ਡਾਇਰੈਕਟਰ ਡਾ: ਸਤਿੰਦਰ ਕੋਰਡੀਆ ਅਤੇ ਹੋਰ ਮਹਿਮਾਨ ਹਾਜ਼ਰ ਸਨ।
