ਪੱਖੋਂ ਕਲਾਂ ਵਿਖੇ ਬਣ ਰਹੀ ਪੇਲੈਟ ਫੈਕਟਰੀ ਦਾ ਡਿਪਟੀ ਕਮਿਸ਼ਨਰ, ਐੱਸ ਐੱਸ ਪੀ ਨੇ ਕੀਤਾ ਦੌਰਾ
ਫੈਕਟਰੀ ਵਿੱਚ 20000 ਟਨ ਪਰਾਲੀ ਨਾਲ ਬਣੀਆਂ ਗਿੱਟੀਆਂ ਬਣਾਈਆਂ ਜਾਣਗੀਆਂ
ਵੱਡੀਆਂ ਫੈਕਟਰੀਆਂ ‘ਚ ਬਾਲਣ ਦੇ ਰੂਪ ਵਿੱਚ ਕੀਤਾ ਜਾਂਦੈ ਗਿੱਟੀਆਂ ਦਾ ਇਸਤੇਮਾਲ
ਰਘਵੀਰ ਹੈਪੀ, ਬਰਨਾਲਾ 22 ਅਕਤੂਬਰ 2025
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਸ਼੍ਰੀ ਸਰਫਰਾਜ਼ ਆਲਮ ਨੇ ਅੱਜ ਪੱਖੋਂ ਕਲਾਂ ਵਿਖੇ ਟੈਰਾਵਿਜਨ ਵੱਲੋਂ ਉਸਾਰੀ ਜਾ ਰਹੀ ਪੈਲੇਟ (ਗਿੱਟੀਆਂ) ਯੂਨਿਟ ਪੱਖੋਂ ਕਲਾਂ ਫੈਕਟਰੀ ਦਾ ਦੌਰਾ ਕੀਤਾ ਜਿੱਥੇ ਪਰਾਲੀ ਦੀ ਵਰਤੋਂ ਕਰਕੇ ਗਿੱਟੀਆਂ ਬਣਾਈਆਂ ਜਾਣਗੀਆਂ। ਇਹ ਗਿੱਟੀਆਂ ਵੱਡੀਆਂ ਫੈਕ੍ਟਰੀਆਂ ‘ਚ ਬਾਲਣ ਦੇ ਰੂਪ ਵਿੱਚ ਭੱਠਿਆਂ ‘ਚ ਵਰਤੀਆਂ ਜਾਂਦੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸੰਭਾਲਣ ‘ਚ ਕਿਸਾਨਾਂ ਦੀ ਮਦਦ ਲਈ ਉਨ੍ਹਾਂ ਦਾ ਤਾਲਮੇਲ ਬੇਲਰ ਮਾਲਕਾਂ ਅਤੇ ਪਰਾਲੀ ਡੰਪ ਮਾਲਕਾਂ ਨਾਲ ਕੀਤਾ ਗਿਆ ਹੈ। ਕਿਸਾਨ ਵੀਰ ਬੇਲਰਾਂ ਦੀ ਮਦਦ ਨਾਲ ਪਰਾਲੀ ਇਕੱਠੀ ਕਰਕੇ ਪਰਾਲੀ ਡੰਪ ਕੇਂਦਰਾਂ ਵਿਖੇ ਸੰਭਾਲਦੇ ਹਨ। ਇਨ੍ਹਾਂ ਡੰਪ ਕੇਂਦਰਾਂ ਤੋਂ ਪਰਾਲੀ ਦੀ ਵੰਡ ਅੱਗੇ ਵੱਖ ਵੱਖ ਫੈਕ੍ਟਰੀਆਂ ਨੂੰ ਲੋੜ ਮੁਤਾਬਕ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫੈਕਟਰੀ ਨਵੰਬਰ ਤੋਂ ਆਪਣਾ ਕੰਮ ਸ਼ੁਰੂ ਕਰ ਦੇਵੇਗੀ ਅਤੇ ਇਸ ਵਿੱਚ ਸਾਲਾਨਾ 20000 ਟਨ ਪਰਾਲੀ ਦੀ ਵਰਤੋਂ 5000 ਮੀਟ੍ਰਿਕ ਟਨ ਗਿੱਟੀਆਂ ਬਣਾਉਣ ਲਈ ਕੀਤੀ ਜਾਵੇਗੀ।
ਉਨ੍ਹਾਂ ਪੱਖੋਂ ਕਲਾਂ ਵਿਖੇ ਬਣਾਏ ਗਏ ਡੰਪ ਕੇਂਦਰ ਦਾ ਵੀ ਦੌਰਾ ਕੀਤਾ ਜਿਥੇ ਆਸ-ਪਾਸ ਦੇ ਕਿਸਾਨਾਂ ਵੱਲੋਂ ਪਰਾਲੀ ਦਾ ਭੰਡਾਰਣ ਕਰਕੇ ਉਸ ਦੀ ਸੰਭਾਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਚੱਲ ਰਹੇ 85 ਬੇਲਰਾਂ ਦੀ ਮਦਦ ਰਾਹੀਂ ਪਰਾਲੀ ਇਕੱਠੀ ਕਰਕੇ 14 ਵੱਖ ਵੱਖ ਥਾਵਾਂ ਉੱਤੇ ਬਣੇ ਪਰਾਲੀ ਡੰਪ ਕੇਂਦਰਾਂ ਵਿੱਚ ਇਕੱਠੀ ਕੀਤੀ ਜਾ ਰਹੀ ਹੈ । 

ਉਨ੍ਹਾਂ ਪਿੰਡ ਧੂਰਕੋਟ ਵਿਖੇ ਕਿਸਾਨ ਸੁਖਵਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਬੇਲਾਰ ਲਗਾ ਕੇ ਪਰਾਲੀ ਇਕੱਠੀ ਕੀਤੀ ਜਾ ਰਹੀ ਸੀ। ਸੁਖਵਿੰਦਰ ਸਿੰਘ ਦੇ ਖੇਤਾਂ ਚੋਂ ਧਾਲੀਵਾਲ ਬਾਇਓ ਫਿਊਲ ਧੂਰਕੋਟ ਵੱਲੋਂ ਪਰਾਲੀ ਖਰੀਦੀ ਗਈ, ਜਿਸ ਦੀ ਵਰਤੋਂ ਬਾਲਣ ਦੇ ਰੂਪ ਵਿੱਚ ਕੀਤੀ ਜਾਵੇਗੀ ।
ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਨੇ ਪੱਖੋਂ ਕਲਾਂ ਦਾਣਾ ਮੰਡੀ ਦਾ ਵੀ ਦੌਰਾ ਕੀਤਾ। ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਹਿਦਾਇਤ ਕੀਤੀ ਕਿ ਸਾਰੀਆਂ ਮੰਡੀਆਂ ਚ ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਲਾਜ਼ਮੀ ਕੀਤਾ ਜਾਵੇ। ਨਾਲ ਹੀ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਮੰਡੀਆਂ ਚ ਚੰਗੀ ਤਰ੍ਹਾਂ ਸੁਕਾ ਕੇ ਲਿਆਉਣ ਤਾਂ ਜੋ ਉਨ੍ਹਾਂ ਦਾ ਝੋਨਾ ਸਮੇਂ ਸਰ ਖ਼ਰੀਦਿਆ ਜਾ ਸਕੇ।
ਪੱਖੋਂ ਕਲਾਂ ਵਿਖੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਬਰਨਾਲਾ ਨੇ ਪੰਚ, ਸਰਪੰਚਾਂ, ਸਹਿਕਾਰਤਾ ਸਭਾ ਦੇ ਮੈਬਰਾਂ, ਲੰਬੜਦਾਰਾਂ ਨਾਲ ਬੈਠਕ ਕੀਤੀ । ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਅਤੇ ਸਾਰੇ ਪਿੰਡ ਦੇ ਮੋਹਤਵਾਰ ਲੋਕ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਲੈਣ ਅਤੇ ਨਾਲ ਹੀ ਹੋਰਨਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕਰਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਹੱਲਾ ਸ਼ੇਰੀ ਦੇਣ ਲਈ ਲੱਕੀ ਡਰਾਅ ਪਰਾਲੀ 2025 ਸ਼ੁਰੂ ਕੀਤਾ ਗਿਆ ਹੈ ਜਿਸ ਦਾ ਪਹਿਲਾ ਡਰਾਅ ਨਿਕਲ ਚੁੱਕਾ ਹੈ। ਇਸ ਡਰਾਅ ‘ਚ 25 ਕਿਸਾਨਾਂ ਨੂੰ ਇਨਾਮ ਦਿੱਤੇ ਗਏ ਹਨ। ਪਹਿਲਾ ਇਨਾਮ 20000 ਰੁਪਏ, ਦੂਜਾ 15000 ਰੁਪਏ ਅਤੇ ਤੀਜਾ 10000 ਰੁਪਏ ਕਿਸਾਨ ਵੀਰਾਂ ਨੂੰ ਦਿੱਤਾ ਗਿਆ ਹੈ। ਅਗਲਾ ਡਰਾਅ ਹੁਣ ਅਗਲੇ ਹਫਤੇ ਕੱਢਿਆ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਧਰਮਵੀਰ ਸਿੰਘ, ਨੋਡਲ ਅਫਸਰ ਪਰਾਲੀ, ਮੈਡਮ ਸੁਨੀਤਾ ਰਾਣੀ ਅਤੇ ਹੋਰ ਲੋਕ ਹਾਜ਼ਰ ਸਨ।







