
ਬਲਵਿੰਦਰ ਪਾਲ, ਪਟਿਆਲਾ 16 ਨਵੰਬਰ 2025
ਜਿਲ੍ਹੇ ਦੇ ਥਾਣਾ ਖੇੜੀ ਗੰਡਿਆ ਦੇ ਪਿੰਡ ਲੋਚਮਾਂ ‘ਚ ਰਹਿੰਦੇ ਛੜੇ ਚਾਚੇ ਨੂੰ ਉਸ ਦੇ ਭਤੀਜ਼ੇ ਨੇ ਹੀ ਪਹਿਲਾਂ ਕਹੀ ਨਾਲ ਵੱਢਿਆ ਤੇ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਤੇਲ ਪਾ ਕੇ ਅੱਗ ਵੀ ਲਗਾ ਦਿੱਤੀ। ਪੁਲਿਸ ਨੇ ਕਾਤਿਲ ਭਤੀਜ਼ੇ ਦੇ ਖਿਲਾਫ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਲੋਚਮਾਂ ਥਾਣਾ ਖੇੜੀ ਗੰਡਿਆ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਹਾਦਰ ਸਿੰਘ ਉਮਰ 45 ਸਾਲ, ਜੋ ਕਿ ਵਿਆਹਿਆ ਨਹੀਂ ਸੀ। ਜਿਸ ਦੀ ਦੇਖ ਰੇਖ ਲਈ ਮੁਦਈ ਦਾ ਭਤੀਜਾ ਖੁਸ਼ਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਉਸ ਪਾਸ ਹੀ ਰਹਿੰਦਾ ਸੀ ਅਤੇ ਖੁਸ਼ਪ੍ਰੀਤ ਸਿੰਘ ਦੇ ਭਰਾ ਦੋਸ਼ੀ ਗੁਰਜੰਟ ਸਿੰਘ ਪੁੱਤਰ ਹਾਕਮ ਸਿੰਘ ਦਾ ਬਹਾਦਰ ਸਿੰਘ ਨਾਲ ਕੁੱਝ ਮਹੀਨਿਆ ਤੋਂ ਜਮੀਨ ਆਪਣੇ ਨਾਮ ਕਰਾਉਣ ਸਬੰਧੀ ਝਗੜ੍ਹਾ ਚੱਲ ਰਿਹਾ ਸੀ।
ਇਸੇ ਗੱਲ ਨੂੰ ਲੈ ਕੇ ਮਿਤੀ 14/11/2025 ਨੂੰ ਦਿਨ ਦੇ ਸਮੇਂ ਦੋਵਾਂ (ਕਾਤਿਲ ਅਤੇ ਮਕਤੂਲ) ਵਿਚਕਾਰ ਤਕਰਾਰਬਾਜੀ ਹੋ ਗਈ ਸੀ ਤਾਂ ਰਾਤ ਨੂੰ ਤਹਿਸ਼ ਵਿੱਚ ਆ ਕੇ ਦੋਸ਼ੀ ਗੁਰਜੰਟ ਸਿੰਘ, ਕਹੀ ਚੁੱਕ ਕੇ ਬਾਹਰ ਵੱਲ ਨੂੰ ਚਲਾ ਗਿਆ ਅਤੇ ਜਦੋਂ ਮੁਦਈ ਤੇ ਉਸ ਦਾ ਭਤੀਜਾ ਖੁਸਪ੍ਰੀਤ ਸਿੰਘ, ਬਹਾਦਰ ਸਿੰਘ ਦੇ ਘਰ ਪੁੱਜੇ ਤਾ ਦੇਖਿਆ ਕਿ ਦੋਸ਼ੀ ਗੁਰਜੰਟ ਸਿੰਘ ਨੇ ਬਹਾਦਰ ਸਿੰਘ ਦੇ ਸਿਰ ਵਿੱਚ ਸਿੱਧੀ ਕਹੀ ਮਾਰੀ ਅਤੇ ਬਹਾਦਰ ਸਿੰਘ ਹੇਠਾਂ ਡਿੱਗ ਪਿਆ ਅਤੇ ਤੁਰੰਤ ਹੀ ਗੁਰਜੰਟ ਸਿੰਘ ਨੇ ਮਾਚਿਸ ਦੀ ਤੀਲੀ ਨਾਲ ਬਹਾਦਰ ਸਿੰਘ ਨੂੰ ਅੱਗ ਲਗਾ ਦਿੱਤੀ। ਜਿਸ ਤੋਂ ਇਹ ਜਾਪਦਾ ਸੀ ਕਿ ਦੋਸ਼ੀ ਨੇ ਪਹਿਲਾ ਬਹਾਦਰ ਸਿੰਘ ਪਰ ਤੇਲ ਛਿੜਕਿਆ ਹੋਵੇਗਾ, ਜੋ ਮੁਦਈ ਹੋਰਾ ਵੱਲੋ ਰੌਲਾ ਪਾਉਣ ਪਰ ਦੋਸ਼ੀ, ਮੁਦਈ ਹੋਰਾਂ ਨੂੰ ਧੱਕਾ ਮਾਰ ਕੇ ਕਹੀ ਅਤੇ ਪਲਾਸਟਿਕ ਦੀ ਤੇਲ ਵਾਲੀ ਬੋਤਲ ਲੈ ਕੇ ਮੌਕਾ ਤੋਂ ਫਰਾਰ ਹੋ ਗਿਆ।
ਗੰਭੀਰ ਹਾਲਤ ਵਿੱਚ ਬਹਾਦਰ ਸਿੰਘ ਨੂੰ ਇਲਾਜ ਲਈ ਏ.ਪੀ ਜੈਨ ਹਸਪਤਾਲ ਰਾਜਪੁਰਾ ਲੈ ਜਾਇਆ ਗਿਆ। ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਤੇ ਮੁਦਈ ਅਵਤਾਰ ਸਿੰਘ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਦੇ ਖਿਲਾਫ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਜੁਰਮ ਵਿੱਚ ਥਾਣਾ ਖੇੜੀ ਗੰਡਿਆ ਵਿਖੇ ਕੇਸ ਦਰਜ ਕਰਕੇ, ਦੋਸ਼ੀ ਦੀ ਤਲਾਸ਼ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ।








