ਕੇਵਲ ਢਿੱਲੋਂ ਨੇ ਕਿਹਾ! ਕਿਸੇ ਵੀ ਹਾਲਤ ‘ਚ ਅਕਵਾਇਰ ਨਹੀਂ ਹੋਣ ਦਿਆਂਗੇ ਕਿਸਾਨਾਂ ਦੀ ਮਰਲਾ ਵੀ ਜਮੀਨ
ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਅਤੇ EX MLA ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦਾ ਕੀਤਾ ਐਲਾਨ
ਭਾਜਪਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪੰਜਾਬ ਭਰ ਵਿੱਚ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਕਰੇਗੀ – ਕੇਵਲ ਸਿੰਘ ਢਿੱਲੋ
ਚੇਤਨ ਗਰਗ, ਬਰਨਾਲਾ 8 ਜੁਲਾਈ 2025
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਆਪ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਜ਼ੋਰਦਾਰ ਢੰਗ ਨਾਲ ਵਿਰੋਧ ਕਰਨ ਲਈ ਕਮਰ ਕਸ ਲਈ ਹੈ। ਇਸ ਸਬੰਧੀ ਭਾਜਪਾ ਦੇ ਸੂਬਾ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸੂਬਾ ਸਰਕਾਰ ਉੱਪਰ ਸਵਾਲ ਉਠਾਉਂਦਿਆਂ ਕਿਸਾਨਾਂ ਨਾਲ ਚੱਟਾਨ ਵਾਂਗ ਡੱਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ‘ਚ ਕਿਸਾਨਾਂ ਦੀ ਮਰਲਾ ਵੀ ਜਮੀਨ ਅਕਵਾਇਰ ਨਹੀਂ ਹੋਣ ਦਿਆਂਗੇ। 
ਇਸ ਮੌਕੇ ਕੇਵਲ ਸਿੰਘ ਢਿੱਲੋ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਦੇ ਨਾਮ ਉੱਪਰ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਆਪ ਸਰਕਾਰ ਦੀ ਸਕੀਮ ਹੈ ਕਿ ਕਿਸਾਨਾਂ ਦੀ 70 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਕੇ ਅਤੇ ਉਸ ਜ਼ਮੀਨ ਉੱਪਰ ਵਰਲਡ ਬੈਂਕ ਤੋਂ ਕਰਜ਼ਾ ਲੈ ਕੇ ਔਰਤਾਂ ਦੇ ਖਾਤਿਆਂ ਵਿੱਚ ਹਜ਼ਾਰ ਰੁਪਏ ਪਾ ਦਿੱਤੇ ਜਾਣਗੇ, ਜੋ ਆਪ ਸਰਕਾਰ ਬਣਨ ਤੋਂ ਪਹਿਲਾਂ ਆਪਣੇ ਵਾਅਦੇ ਕੀਤੇ ਗਏ ਸਨ। ਉਹਨਾਂ ਕਿਹਾ ਕਿ ਪਹਿਲਾਂ ਆਪ ਸਰਕਾਰ ਵੱਲੋਂ ਬਿਜਲੀ ਫਰੀ ਕਰਕੇ ਪੰਜਾਬ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਦਿੱਤੀ ਜਾ ਰਹੀ ਲੈਂਡ ਪੂਲਿੰਗ ਦੀ ਸਕੀਮ ਪੰਜਾਬ ਲਈ ਬਹੁਤ ਗਲਤ ਸਕੀਮ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਤਹਿਤ ਜਿੰਨਾਂ ਵੀ ਕਿਸਾਨਾਂ ਨਾਲ ਧੱਕਾ ਕੀਤਾ ਜਾਵੇਗਾ। ਭਾਰਤ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਮਿਲ ਕੇ ਧਰਨੇ ਪ੍ਰਦਰਸ਼ਨ ਵੀ ਕਰੇਗੀ।
ਉਹਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਰਕਾਰ ਹੈ। ਪਹਿਲਾਂ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ ਜੇਕਰ ਉਹਨਾਂ ਉੱਪਰ ਲਗਾਏ ਕੇਸ ਸੱਚੇ ਹਨ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਪਰ ਜੇਕਰ ਉਹ ਕੇਸ ਝੂਠੇ ਹਨ ਤਾਂ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਉਹਨਾਂ ਕਿਹਾ ਕਿ ਜਿੰਨੀ ਮਾੜੀ ਹਾਲਤ ਅਰਥ ਵਿਵਸਥਾ ਦੀ ਅਤੇ ਮਾਲੀ ਹਾਲਤ ਪੰਜਾਬ ਦੀ ਹੈ। ਇਸ ਸਮੇਂ ਇਹ ਪੰਜਾਬ ਲਈ ਇੱਕ ਨਵਾਂ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਕਿਹਾ ਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਜਿਹੜੇ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ। ਉਸ ਥਾਂ ਉੱਪਰ ਵਿਕਾਸ ਦੇ ਕੰਮ ਕੀਤੇ ਗਏ ਹਨ ਅਤੇ ਉਹ ਸੂਬੇ ਅੱਜ ਉੱਪਰ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਭਾਰਤ ਵਿੱਚੋਂ ਪਹਿਲੇ ਨੰਬਰ ਉੱਪਰ ਹੁੰਦਾ ਸੀ, ਜਦਕਿ ਹੁਣ ਪੰਜਾਬ ਸੂਬਾ ਪੂਰੇ ਭਾਰਤ ਵਿੱਚੋ 19 ਨੰਬਰ ਉਪਰ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਮੱਧ ਪ੍ਰਦੇਸ਼ ਜਾ ਰਹੀ ਹੈ ਅਤੇ ਇੱਕ ਇੰਡਸਟਰੀ ਲੁਧਿਆਣੇ ਤੋਂ ਯੂ.ਪੀ ਜਾ ਰਹੀ ਹੈ, ਜਦਕਿ ਆਪ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਪੰਜਾਬ ਵਿੱਚ ਇੰਡਸਟਰੀਆਂ ਲੈ ਕੇ ਆਉਣਗੇ, ਪਰ ਪੰਜਾਬ ਵਿਚਲੀਆਂ ਇੰਡਸਟਰੀ ਹੋਰ ਸੂਬਿਆਂ ਵਿੱਚ ਜਾ ਰਹੀ ਹੈ।
ਢਿੱਲੋਂ ਅਨੇ ਕਿਹਾ ਕਿ ਆਪ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਇੰਡਸਟਰੀ ਨਹੀਂ ਲਿਆਂਦੀ ਗਈ। ਉਨਾਂ ਦਾਅਵਾ ਕੀਤਾ ਕਿ ਆਉਣ ਵਾਲੇ 2027 ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ ਤਾਂ ਜੋ ਪੰਜਾਬ ਸੂਬੇ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ,ਧਰਮ ਸਿੰਘ ਫ਼ੌਜੀ, ਕੁਲਦੀਪ ਸਿੰਘ ਧਾਲੀਵਾਲ, ਰਜਿੰਦਰ ਸਿੰਘ ਉਪਲ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।








